ਪੰਥ ਨਾਲ ਜੁੜੀਆਂ ਦੋ ਹੈਰਾਨੀਜਨਕ ਖ਼ਬਰਾਂ ਨੇ ਪੰਥਕ ਹਲਕਿਆਂ 'ਚ ਮਚਾਈ ਤਰਥੱਲੀ
ਪਿਛਲੇ ਦੋ ਦਿਨਾਂ ਤੋਂ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਖ਼ਬਰਾਂ ਨੇ ਪੰਥਕ ਖੇਤਰ 'ਚ ਤਰਥੱਲੀ ਮਚਾਈ ਹੋਈ ਹੈ...........
ਕੋਟਕਪੂਰਾ : ਪਿਛਲੇ ਦੋ ਦਿਨਾਂ ਤੋਂ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਖ਼ਬਰਾਂ ਨੇ ਪੰਥਕ ਖੇਤਰ 'ਚ ਤਰਥੱਲੀ ਮਚਾਈ ਹੋਈ ਹੈ। ਤਤਕਾਲੀਨ ਬਾਦਲ ਸਰਕਾਰ ਮੌਕੇ ਪੁਲਿਸ ਵਲੋਂ ਬੇਅਦਬੀ ਕਾਂਡ ਦਾ ਮਸਲਾ ਸੁਲਝਾ ਲੈਣ ਪਰ ਸਿਆਸੀ ਦਬਾਅ ਕਾਰਨ ਜਨਤਕ ਨਾ ਕਰਨ ਅਤੇ ਸੌਦਾ ਸਾਧ ਦੀ ਬਿਨ ਮੰਗੀ ਮਾਫ਼ੀ ਨੂੰ ਲੈ ਕੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਅਹੁਦੇ ਤੋਂ ਬਰਤਰਫ਼ ਕਰਨ ਵਾਲੀਆਂ ਦੋਵੇਂ ਖ਼ਬਰਾਂ ਵਿਚਾਰਨਯੋਗ ਹਨ, ਕਿਉਂਕਿ ਇਨ੍ਹਾਂ ਦਾ ਸਬੰਧ ਸਿੱਖ ਸਿਧਾਂਤਾਂ ਅਤੇ ਪੰਥ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ।
ਪਹਿਲੀ ਖ਼ਬਰ ਮੁਤਾਬਕ ਐਸਆਈਟੀ ਦੇ ਇੰਚਾਰਜ ਡੀਆਈਜੀ ਰਣਬੀਰ ਸਿੰਘ ਖੱਟੜਾ ਅਨੁਸਾਰ 1 ਜੂਨ 2015 ਨੂੰ ਪਾਵਨ ਸਰੂਪ ਦੀ ਚੋਰੀ, 24 ਅਤੇ 25 ਸਤੰਬਰ ਦੀ ਦਰਮਿਆਨੀ ਰਾਤ ਸੌਦਾ ਸਾਧ ਦੇ ਚੇਲਿਆਂ ਵਲੋਂ ਸਿੱਖ ਕੌਮ ਨੂੰ ਲਲਕਾਰਨ ਵਾਲੇ ਲਾਏ ਗਏ ਭੜਕਾਊ ਪੋਸਟਰ ਅਤੇ 12 ਅਕਤੂਬਰ ਨੂੰ ਪਾਵਨ ਸਰੂਪ ਦੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੀਆਂ ਤਿੰਨਾਂ ਘਟਨਾਵਾਂ ਦਾ ਸਬੰਧ ਸੌਦਾ ਸਾਧ ਦੇ ਡੇਰੇ ਨਾਲ ਜੁੜਿਆ ਹੋਇਆ ਸੀ ਤੇ ਪੁਲਿਸ ਨੇ ਉਕਤ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਸੌਦਾ ਸਾਧ ਦੇ ਚੇਲਿਆਂ ਦੀ ਬਕਾਇਦਾ ਸ਼ਨਾਖ਼ਤ ਵੀ ਕਰ ਲਈ ਸੀ
ਪਰ ਬਾਦਲ ਸਰਕਾਰ ਦੇ ਦਬਾਅ ਕਾਰਨ ਉਨ੍ਹਾਂ ਨੂੰ ਉਕਤ ਮਾਮਲਾ ਜਨਤਕ ਕਰਨ ਦੀ ਇਜਾਜ਼ਤ ਨਾ ਮਿਲੀ। ਉਕਤ ਮਾਮਲੇ ਨੇ ਜਿਥੇ ਬਾਦਲ ਪਰਵਾਰ ਨੂੰ ਕਟਹਿਰੇ 'ਚ ਖੜਾ ਕਰ ਦਿਤਾ, ਉਥੇ ਬਾਦਲ ਪਰਵਾਰ ਨੂੰ ਪੁਛਣ ਵਾਲੇ ਕਈ ਸਵਾਲ ਵੀ ਖੜੇ ਹੋ ਗਏ ਹਨ। ਜਿਵੇਂ ਕਿ ਕੀ ਅਕਾਲੀ ਦਲ ਬਾਦਲ ਦੇ ਸੁਪਰੀਮੋ ਤੇ ਉਸ ਦੇ ਪੁੱਤਰ ਦੀ ਉਕਤ ਮਾਮਲਾ ਸੁਲਝਾਉਣ ਦੀ ਜ਼ਿੰਮੇਵਾਰੀ ਨਹੀਂ ਸੀ ਬਣਦੀ? ਕਿਉਂਕਿ ਉਹ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀਆਂ ਪਦਵੀਆਂ ਅਤੇ ਸ਼੍ਰੋਮਣੀ ਕਮੇਟੀ ਸਮੇਤ ਅੱਧੀ ਦਰਜਨ ਤੋਂ ਜ਼ਿਆਦਾ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਉਪਰ ਕਾਬਜ਼ ਹਨ।
'ਜਥੇਦਾਰਾਂ' ਵਲੋਂ ਸੌਦਾ ਸਾਧ ਨੂੰ ਬਿਨ ਮੰਗਿਆਂ ਮਾਫ਼ੀ ਦੇਣ ਵਾਲੀ ਘਟਨਾ ਨੇ ਪੰਥਕ ਹਲਕਿਆਂ 'ਚ ਖੂਬ ਤਰਥੱਲੀ ਮਚਾਈ ਸੀ ਤੇ ਦੇਸ਼ ਵਿਦੇਸ਼ 'ਚ ਹੋਏ ਜ਼ਬਰਦਸਤ ਵਿਰੋਧ ਕਾਰਨ ਭਾਵੇਂ ਤਖ਼ਤਾਂ ਦੇ ਜਥੇਦਾਰਾਂ ਨੇ ਅਪਣਾ ਫ਼ੈਸਲਾ ਵਾਪਸ ਲੈ ਕੇ ਬਾਦਲ ਪਰਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਤਖ਼ਤ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਮੁਖ ਸਿੰਘ ਨੇ ਐਲਾਨੀਆਂ ਆਖਿਆ ਕਿ ਸੌਦਾ ਸਾਧ ਨੂੰ ਮਾਫ਼ ਕਰਨ ਦੀ ਹਦਾਇਤ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ 'ਜਥੇਦਾਰਾਂ' ਨੂੰ ਅਪਣੀ ਚੰਡੀਗੜ੍ਹ ਵਿਖੇ ਸਥਿਤ ਰਿਹਾਇਸ਼ 'ਤੇ ਤਲਬ ਕਰਨ ਤੋਂ ਬਾਅਦ ਕੀਤੀ।
ਭਾਵੇਂ ਗਿਆਨੀ ਗੁਰਮੁਖ ਸਿੰਘ ਨੂੰ ਇਸ ਦਾ ਖ਼ਮਿਆਜ਼ਾ ਵੀ ਭੁਗਤਣਾ ਪਿਆ ਅਰਥਾਤ ਉਨ੍ਹਾਂ ਨੂੰ ਬਹੁਤ ਜ਼ਲੀਲ ਕੀਤਾ ਗਿਆ ਪਰ ਹੁਣ ਅਚਾਨਕ ਗਿਆਨੀ ਗੁਰਮੁਖ ਸਿੰਘ ਨੂੰ ਅਕਾਲ ਤਖ਼ਤ ਦਾ ਹੈੱਡ ਗ੍ਰੰ੍ਰਥੀ ਲਾ ਦੇਣਾ ਅਤੇ ਅਕਾਲ ਤਖ਼ਤ ਦੀ ਜਥੇਦਾਰੀ ਸੌਂਪਣ ਬਾਰੇ ਚਰਚਾਵਾਂ ਦਾ ਜ਼ੋਰ ਫੜ ਲੈਣਾ ਵੀ ਕਿਸੇ ਹੈਰਾਨੀ ਤੋਂ ਘੱਟ ਨਹੀਂ, ਕਿਉਂਕਿ ਅਖ਼ਬਾਰਾਂ ਰਾਹੀਂ ਸਪੱਸ਼ਟ ਹੋ ਗਿਆ ਕਿ ਗਿਆਨੀ ਗੁਰਮੁਖ ਸਿੰਘ ਦੀ ਅੰਮ੍ਰਿਤਸਰ 'ਚ ਵਾਪਸੀ ਆਰਐਸਐਸ ਦੇ ਪ੍ਰਮੁੱਖ ਆਗੂ ਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੇ ਦਖ਼ਲ ਨਾਲ ਸੰਭਵ ਹੋਈ ਹੈ।
ਸਵਾਲ ਖੜੇ ਹੋ ਗਏ ਹਨ ਕਿ ਕੀ ਪੰਥਕ ਮਾਮਲੇ ਹੁਣ ਆਰਐਸਐਸ ਜਾਂ ਭਾਜਪਾ ਰਾਹੀਂ ਸੁਲਝਾਏ ਜਾਣਗੇ? ਕੀ ਪੰਥ ਦੀ ਕੋਈ ਉਘੀ ਸ਼ਖ਼ਸੀਅਤ ਜਾਂ ਪੰਥਕ ਵਿਦਵਾਨ ਤੋਂ ਬਿਨਾਂ ਆਰਐਸਐਸ ਰਾਹੀਂ ਅਜਿਹੇ ਮਾਮਲੇ ਸੁਲਝਾਉਣੇ ਵਾਜਬ ਹਨ? ਕੀ ਗਿਆਨੀ ਗੁਰਮੁਖ ਸਿੰਘ ਸਮੁੱਚੇ ਪੰਥ ਨੂੰ ਸਪੱਸ਼ਟ ਕਰਨਗੇ ਕਿ ਜਿਸ ਮਕਸਦ ਕਰ ਕੇ ਉਨ੍ਹਾਂ ਨੂੰ 'ਜਥੇਦਾਰੀ' ਛੱਡਣ ਲਈ ਮਜਬੂਰ ਹੋਣਾ ਪਿਆ ਕੀ ਹੁਣ ਉਹ ਮਕਸਦ ਪੂਰਾ ਹੋ ਗਿਆ ਹੈ?
ਕੀ ਸੌਦਾ ਸਾਧ ਦੀ ਮਾਫ਼ੀ ਦੇ ਸਬੰਧ 'ਚ ਉਹ ਬਾਦਲ ਪਰਵਾਰ ਤੋਂ ਸਪੱਸ਼ਟੀਕਰਨ ਲੈਣਗੇ? ਭਾਂਵੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਬੇਅਦਬੀ ਕਾਂਡ ਦੀ ਸੌਂਪੀ ਗਈ ਜਾਂਚ ਰੀਪੋਰਟ ਅੰਦਰਲਾ ਕਾਫ਼ੀ ਸੱਚ ਜਨਤਕ ਹੋ ਚੁੱਕਾ ਹੈ ਅਤੇ ਅਗਾਮੀ ਦਿਨ ਬਾਦਲ ਪਰਵਾਰ ਲਈ ਮੁਸ਼ਕਲਾਂ ਅਤੇ ਸਮੱਸਿਆਵਾਂ ਪੈਦਾ ਕਰਨਗੇ ਪਰ ਪੰਥਕ ਹਲਕਿਆਂ 'ਚ ਉਕਤ ਦੋਵੇਂ ਘਟਨਾਵਾਂ ਦੀ ਖ਼ਬਰ ਦੀ ਭਰਪੂਰ ਚਰਚਾ ਜ਼ੋਰਾਂ 'ਤੇ ਹੈ।