'ਸੌਦਾ ਸਾਧ ਜਿਹੇ ਖ਼ਤਰਨਾਕ ਅਪਰਾਧੀ ਨੂੰ ਪੈਰੋਲ ਦੇਣਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਸੌਦਾ ਸਾਧ ਨਾ ਤਾਂ ਪਹਿਲਾਂ ਖੇਤੀ ਕਰਦਾ ਸੀ ਨਾ ਹੀ ਹੁਣ ਖੇਤੀ ਕਰੇਗਾ

Sauda Sadh

ਸਿਰਸਾ : ਰਾਮ ਚੰਦਰ ਛੱਤਰਪਤੀ ਦੇ ਸਪੁੱਤਰ ਅਤੇ ਵਕੀਲ ਅੰਸ਼ੁਲ ਛੱਤਰਪਤੀ ਨੇ ਸੌਦਾ ਸਾਧ ਨੂੰ ਪੈਰੋਲ ਦੇਣ ਦੇ ਮਾਮਲੇ ਵਿਚ ਸਖ਼ਤ ਇਤਰਾਜ਼ ਕਰਦਿਆਂ ਕਿਹਾ ਹੈ ਕਿ ਜੇ ਸਰਕਾਰ ਸੌਦਾ ਸਾਧ ਨੂੰ ਪੈਰੋਲ ਦਿੰਦੀ ਹੈ ਤਾਂ ਉਹ ਹਾਈ ਕੋਰਟ ਦਾ ਮੁੜ ਬੂਹਾ ਖੜਕਾਉਣ ਲਈ ਮਜਬੂਰ ਹੋਣਗੇ। ਉਨ੍ਹਾਂ ਤਰਕ ਦਿਤਾ ਕਿ ਸਾਧਵੀ ਯੋਨ ਸ਼ੋਸ਼ਣ ਅਤੇ ਉਨ੍ਹਾਂ ਦੇ ਪਿਤਾ ਦੇ ਕਤਲ ਤੋਂ ਇਲਾਵਾ ਵੀ ਦੋ ਹੋਰ ਮਹੱਤਵਪੂਰਣ ਅਪਰਾਧਕ ਮਾਮਲੇ ਕੋਰਟ ਵਿਚਾਰ ਅਧੀਨ ਹਨ। ਉਨ੍ਹਾਂ ਕਿਹਾ ਕਿ ਅਜਿਹੇ ਖ਼ਤਰਨਾਕ ਅਪਰਾਧੀ ਨੂੰ ਪੈਰੋਲ ਦੇਣਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਹੋਛੀ ਰਾਜਨੀਤੀ ਅਧੀਨ ਹਰਿਆਣਾ ਦੇ ਦੋ ਮੰਤਰੀਆਂ ਦਾ ਡੇਰਾ ਪ੍ਰਮੁੱਖ ਦੇ ਪੱਖ ਵਿਚ ਬਿਆਨ ਇਨਸਾਫ਼ ਦੇ ਰਾਹ ਵਿਚ ਰੋੜਾ ਹੈ ।

ਉਨ੍ਹਾਂ ਸਪਸ਼ਟ ਕੀਤਾ ਕਿ 25 ਅਗੱਸਤ ਦੀ ਹਿੰਸਾ ਨੂੰ ਲੈ ਕੇ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਮੌਜੂਦਾ ਸਰਕਾਰ ਨੇ ਡੇਰੇ ਕੋਲੋਂ ਨੁਕਸਾਨ ਦੀ ਭਰਪਾਈ ਨਹੀਂ ਕੀਤੀ। ਅੰਸ਼ੁਲ ਨੇ ਕਿਹਾ ਕਿ ਜੇ ਸੌਦਾ ਸਾਧ ਨੂੰ ਪੈਰੋਲ ਮਿਲ ਗਈ ਤੇ ਉਸ ਦੇ ਬਾਅਦ ਵੀ ਜੇਕਰ ਅਣਹੋਣੀ ਹੁੰਦੀ ਹੈ ਤਾਂ ਉਸ ਦਾ ਜ਼ੁਮੇਵਾਰ ਕੌਣ ਹੋਵੇਗਾ? ਅੰਸ਼ੁਲ ਛੱਤਰਪਤੀ ਦੇ ਬਾਅਦ ਹੁਣ ਡੇਰਾ ਸੱਚਾ ਸੌਦਾ ਦੇ ਸਾਬਕਾ ਸਾਧੂ ਅਤੇ ਡੇਰਾ ਮੁਖੀ ਦੇ ਅਤਿ ਨਜ਼ਦੀਕੀ ਰਹੇ (ਸਾਬਕਾ ਡਰਾਈਵਰ) ਗੁਰਦਾਸ ਸਿੰਘ ਤੂਰ ਨੇ ਵੀ ਨੇ ਵੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ।

ਗੁਰਦਾਸ ਤੂਰ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸੌਦਾ ਸਾਧ ਕਿਸੇ ਵੀ ਜ਼ਮੀਨ 'ਤੇ ਖੇਤੀ ਨਹੀਂ ਕਰਦਾ, ਜੋ ਖੇਤੀ ਹੈ ਉਸ ਤੇ ਉਸ ਦੇ ਪੈਰੋਕਾਰ ਕੰਮ ਕਰਦੇ ਹਨ। ਉਨ੍ਹਾਂ ਕਿਹਾ ਸੌਦਾ ਸਾਧ ਨਾ ਤਾਂ ਪਹਿਲਾਂ ਖੇਤੀ ਕਰਦਾ ਸੀ ਨਾ ਹੀ ਹੁਣ ਖੇਤੀ ਕਰੇਗਾ। ਉਸ ਨੇ ਕਿਹਾ ਕਿ ਖੇਤੀ ਲਈ ਪੈਰੋਲ ਮੰਗਣਾ ਸੌਦਾ ਸਾਧ ਦਾ ਸੱਭ ਤੋਂ ਵੱਡਾ ਪਖੰਡ ਹੈ।  ਉਨ੍ਹਾਂ ਸਵਾਲ ਕੀਤਾ ਕੀ ਅਪਰਾਧੀ ਮੁੜ ਜੇਲ ਜਾਵੇਗਾ ਜਾਂ ਨਹੀਂ ਇਸ ਗੱਲ ਦੀ ਗਰੰਟੀ ਕੋਈ ਵੀ ਲੈਣ ਨੂੰ ਤਿਆਰ ਨਹੀਂ ਹੈ। ਅਜਿਹੇ ਵਿਚ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਸੌਦਾ ਸਾਧ ਪ੍ਰਤੀ ਗਹਿਰੀ ਹਮਦਰਦੀ ਨੂੰ ਸਿਆਸੀ ਨਜ਼ਰੀਏ ਨਾਲ ਘੋਖਣ ਦੀ ਸਖ਼ਤ ਲੋੜ ਹੈ।