ਕਰਤਾਰਪੁਰ ਦਾ ਲਾਂਘਾ ਖੁਲ੍ਹਣਾ ਇਤਿਹਾਸਕ ਕਦਮ : ਗੁਰਪ੍ਰਤਾਪ ਸਿੰਘ ਵਡਾਲਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰਦੁਆਰੇ ਨੂੰ ਜਾਂਦੇ ਇਕ ਮਾਰਗ ਦਾ ਨਾਂਅ ਕੁਲਦੀਪ ਸਿੰਘ ਵਡਾਲਾ ਮਾਰਗ ਰੱਖੇ ਜਾਣ ਦੀ ਮੰਗ ਕੀਤੀ

Opening the Kartarpur corridor is a historic step: Gurpratap Singh Wadala

ਜਲੰਧਰ : ਨਕੋਦਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਰਤਾਰਪੁਰ ਦਾ ਲਾਂਘਾ ਖੁਲ੍ਹਣਾ ਇਕ ਇਤਿਹਾਸਿਕ ਕਦਮ ਹੈ। ਇਸ ਇਤਿਹਾਸਿਕ ਕਦਮ ਲਈ ਭਾਰਤ ਸਰਕਾਰ, ਪਾਕਿਸਤਾਨ ਸਰਕਾਰ, ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ (ਬਾਦਲ) ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਸੰਜੀਦਾ ਯਤਨਾਂ ਸਦਕੇ ਇਹ ਕਾਰਜ ਨੇਪਰੇ ਚੜ੍ਹਿਆ ਹੈ। ਵਡਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਮਰਹੂਮ ਪਿਤਾ ਕੁਲਦੀਪ ਸਿੰਘ ਵਡਾਲਾ ਇਸ ਲਾਂਘੇ ਨੂੰ ਖੋਲ੍ਹਣ ਲਈ ਯਤਨ ਕਰ ਰਹੇ ਸਨ ਅਤੇ ਕੁਝ ਸਾਲਾਂ ਤੋਂ ਹਰ ਮੱਸਿਆ ਦੇ ਅਵਸਰ 'ਤੇ ਸਰਹੱਦ 'ਤੇ ਜਾ ਕੇ ਅਰਦਾਸ ਕਰਦੇ ਸਨ। ਉਨ੍ਹਾਂ ਨੇ ਕਿਹਾ ਕਿ ਕੁਲਦੀਪ ਸਿੰਘ ਵਡਾਲਾ ਨੂੰ ਇਹ ਪੱਕਾ ਯਕੀਨ ਸੀ ਕਿ ਇਕ ਨਾ ਇਕ ਦਿਨ ਇਹ ਲਾਂਘਾ ਜ਼ਰੂਰ ਖੁਲ੍ਹੇਗਾ, ਪਰ ਉਸ ਸਮੇਂ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਨੂੰ ਲੋਕ ਸੰਜੀਦਗੀ ਨਾਲ ਨਹੀਂ ਲੈਂਦੇ ਸਨ।

ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਿਕ ਅਸਥਾਨ ਦੇ ਖੁਲ੍ਹੇ ਦਰਸ਼ਨਾਂ ਨੂੰ ਪੰਥ ਅਤੇ ਸੰਗਤ ਦਾ ਮਿਸ਼ਨ ਬਣਾ ਕੇ ਪ੍ਰਚਾਰਿਤ ਕੀਤਾ। ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਬਹੁਤ ਹੀ ਸ਼ਲਾਘਾਯੋਗ ਰਹੀ ਹੈ, ਜਿਸ ਕਰ ਕੇ ਇਹ ਲਾਂਘਾ ਖੁਲ੍ਹਣ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਜਿਸ ਥਾਂ 'ਤੇ ਜਾ ਕੇ ਕੁਲਦੀਪ ਸਿੰਘ ਵਡਾਲਾ ਆਪਣੇ ਸਾਥੀਆਂ ਸਮੇਤ ਅਰਦਾਸ ਕਰਦੇ ਸਨ ਉਸ ਪਲੇਟਫਾਰਮ ਦਾ ਨਾਂਅ ਵੀ ਕੁਲਦੀਪ ਸਿੰਘ ਵਡਾਲਾ ਦੇ ਨਾਂਅ 'ਤੇ ਰੱਖਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਸਿਆ ਕਿ ਇਸ ਗੁਰਦੁਆਰੇ ਨੂੰ ਜਾਂਦੇ ਇਕ ਮਾਰਗ ਦਾ ਨਾਂਅ ਵੀ ਕੁਲਦੀਪ ਸਿੰਘ ਵਡਾਲਾ ਮਾਰਗ ਰੱਖੇ ਜਾਣ ਦੀ ਤਜਵੀਜ਼ ਹੈ, ਜੋ ਕਿ ਸ਼ਲਾਘਾਯੋਗ ਹੈ।

ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਵੰਡ ਦਾ ਸੰਤਾਪ ਲੱਖਾਂ ਪੰਜਾਬੀਆਂ ਨੇ ਆਪਣੇ ਪਿੰਡੇ ਹੰਢਾਇਆ ਹੈ ਅਤੇ ਸਿੱਖ ਕੌਮ ਦੇ ਬਹੁਤ ਸਾਰੇ ਇਤਿਹਾਸਿਕ ਅਸਥਾਨ ਉਧਰ ਰਹਿ ਗਏ ਹਨ। ਇਸ ਲਾਂਘਾ ਖੁਲ੍ਹਣ ਨਾਲ ਸੰਗਤਾਂ ਨੂੰ ਇਸ ਇਤਿਹਾਸਿਕ ਗੁਰਦੁਆਰੇ ਦੇ ਖੁਲ੍ਹੇ ਦਰਸ਼ਨ ਦੀਦਾਰ ਹੋਣਗੇ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਸੁਲਤਾਨਪੁਰ ਲੋਧੀ ਵਿਖੇ ਮਨਾਇਆ ਜਾ ਰਿਹਾ ਹੈ ਜਿੱਥੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਹੋਰ ਉੱਚ ਅਹੁਦਿਆਂ 'ਤੇ ਤਾਇਨਾਤ ਸ਼ਖਸੀਅਤਾਂ ਨਤਮਸਤਕ ਹੋਣਗੀਆਂ।