ਸਾਦੇ ਵਿਆਹ-ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ' ਦਾ ਸੁਨੇਹਾ ਘਰ-ਘਰ ਪਹੁੰਚਾਉਣਾ ਜ਼ਰੂਰੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਵਿਆਹਾਂ 'ਚ ਰੰਗਾ-ਰੰਗ ਪ੍ਰੋਗਰਾਮਾਂ ਦੇ ਨਾਂ 'ਤੇ ਲਚਰਵਾਦ ਚਿੰਤਾਜਨਕ

Panthpreet Singh

ਕੋਟਕਪੂਰਾ  (ਗੁਰਿੰਦਰ ਸਿੰਘ) : ਜਿਥੇ ਵਿਆਹਾਂ ਦਾ ਵਪਾਰੀਕਰਨ ਹੋਵੇ, ਉਥੇ ਤਲਾਕ ਦਰ 'ਚ ਵਾਧਾ ਹੋਣਾ ਸੁਭਾਵਕ ਹੈ ਅਤੇ ਵਪਾਰਕ ਬਿਰਤੀ ਵਾਲੇ ਵਿਆਹਾਂ ਮੌਕੇ ਜਾਂ ਉਸ ਤੋਂ ਬਾਅਦ ਵੀ ਪਿਆਰ ਦੀ ਆਸ ਰੱਖਣੀ ਖ਼ੁਦ ਨੂੰ ਗ਼ਲਤਫ਼ਹਿਮੀ 'ਚ ਰੱਖਣ ਸਮਾਨ ਹੈ। ਉੱਘੇ ਪੰਥ ਪ੍ਰਚਾਰਕ ਤੇ ਚਿੰਤਕ ਭਾਈ ਪੰਥਪ੍ਰੀਤ ਸਿੰਘ ਨੇ ਨਿਰੋਲ ਗੁਰਮਤਿ ਮਰਿਆਦਾ ਅਨੁਸਾਰ ਪ੍ਰਗਟ ਸਿੰਘ ਅਤੇ ਮਨਪ੍ਰੀਤ ਕੌਰ ਦੇ ਹੋਏ ਵਿਆਹ ਸਮਾਗਮ ਦੇ ਆਨੰਦ ਕਾਰਜ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ

ਕਿ ਗੁਰਦਵਾਰਿਆਂ 'ਚ ਹੋਣ ਵਾਲੇ ਵਿਆਹ ਸਮਾਗਮ ਧਰਮਸ਼ਾਲਾਵਾਂ ਅਤੇ ਮੈਰਿਜ ਪੈਲੇਸਾਂ 'ਚ ਹੋਣ ਕਰ ਕੇ ਵਿਆਹਾਂ ਦੇ ਨਾਂਅ 'ਤੇ ਵਪਾਰ ਹੋਣ ਲੱਗ ਪਿਆ। ਉਸ ਤੋਂ ਬਾਅਦ ਵਿਆਹਾਂ 'ਚ ਰੰਗਾ-ਰੰਗ ਪ੍ਰੋਗਰਾਮਾਂ ਦੇ ਨਾਂਅ 'ਤੇ ਲੱਚਰਵਾਦ, ਕੁਰੀਤੀਆਂ, ਖ਼ਾਮੀਆਂ ਹੀ ਨਹੀਂ ਬਲਕਿ ਹਵਾਈ ਫ਼ਾਇਰਿੰਗ ਦੇ ਫੁਕਰੇਪਣ ਨਾਲ ਕੀਮਤੀ ਜਾਨਾਂ ਅਜਾਈ ਜਾਣ ਦੀਆਂ ਖ਼ਬਰਾਂ ਅਕਸਰ ਅਖ਼ਬਾਰਾਂ ਦੀਆਂ ਸੁਰਖੀਆਂ ਬਣਨ ਲੱਗੀਆਂ। ਉਨ੍ਹਾਂ ਵਿਆਹ ਸਮਾਗਮ 'ਚ ਸ਼ਾਮਲ ਨੌਜਵਾਨ ਲੜਕੀਆਂ ਅਤੇ ਬੱਚੀਆਂ ਨੂੰ ਅਪੀਲ ਕੀਤੀ ਕਿ ਉਹ ਅੱਜ ਗੁਰੂ ਦੀ ਹਜ਼ੂਰੀ ਵਿਚ ਪ੍ਰਣ ਕਰਨ ਕਿ ਉਹ ਜ਼ਿੰਦਗੀ 'ਚ ਬਿਊਟੀ ਪਾਰਲਰ ਵਿਖੇ ਨਹੀਂ ਜਾਣਗੀਆਂ।

ਨੌਜਵਾਨ ਲੜਕੇ ਤੇ ਬੱਚੇ ਵੀ ਪ੍ਰਣ ਲੈਣ ਕਿ ਉਹ ਵਿਆਹਾਂ ਮੌਕੇ ਹਵਾਈ ਫ਼ਾਈਰਿੰਗ ਬਿਲਕੁਲ ਪਸੰਦ ਨਹੀਂ ਕਰਨਗੇ ਅਤੇ ਅਜਿਹੇ ਵਿਆਹਾਂ ਦਾ ਬਾਈਕਾਟ ਕਰਨ ਦੀ ਜੁਰਅੱਤ ਦਿਖਾਉਣਗੇ। ਭਾਈ ਪੰਥਪ੍ਰੀਤ ਸਿੰਘ ਨੇ ਗੁਰਬਾਣੀ ਦੀਆਂ ਅਨੇਕਾਂ ਉਦਾਹਰਣਾਂ ਦਿੰਦਿਆਂ ਅੰਕੜਿਆਂ ਨਾਲ ਸਮਝਾਇਆ ਕਿ ਵਿਆਹਾਂ 'ਚ ਨਸ਼ਾ ਬਿਲਕੁਲ ਬੰਦ, ਜੇਕਰ ਕੋਈ ਦੋਸਤ ਜਾਂ ਰਿਸ਼ਤੇਦਾਰ ਰੁਸਦਾ ਹੈ ਤਾਂ ਅਜਿਹੀ ਲਿਹਾਜ ਨੂੰ ਤਿਆਗ ਦੇਣਾ ਹੀ ਸੂਰਮਤਾਈ ਹੈ। ਉਨ੍ਹਾਂ ਦੀਵਾਲੀ ਮੌਕੇ ਪਟਾਕੇ ਨਾ ਚਲਾਉਣ, ਵਾਤਾਵਰਣ ਦੀ ਸੰਭਾਲ ਕਰਨ

, ਵਿਆਹਾਂ 'ਚ ਲੱਚਰਵਾਦ ਬੰਦ, ਖ਼ਾਮੀਆਂ, ਕੁਰੀਤੀਆਂ ਤੇ ਰੰਗਾ-ਰੰਗ ਪ੍ਰੋਗਰਾਮ ਦੇ ਮੁਕੰਮਲ ਖ਼ਾਤਮੇ ਦੀ ਅਪੀਲ ਕੀਤੀ। ਉਨ੍ਹਾਂ ਦਸਿਆ ਕਿ ਹਰ ਨੌਜਵਾਨ ਬੇਟੇ/ਬੇਟੀ ਦੇ ਮਾਤਾ-ਪਿਤਾ ਨੂੰ ਪ੍ਰਗਟ ਸਿੰਘ ਅਤੇ ਮਨਪ੍ਰੀਤ ਕੌਰ ਦੇ ਮਾਪਿਆਂ ਦੀ ਤਰ੍ਹਾਂ ਬਿਨਾਂ ਦਾਜ-ਦਹੇਜ ਅਤੇ ਮੀਟ-ਸ਼ਰਾਬ, ਅੰਡੇ ਤੋਂ ਰਹਿਤ ਅਜਿਹੇ ਵਿਆਹ ਸਮਾਗਮਾਂ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ 'ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ' ਦਾ ਸੁਨੇਹਾ ਘਰ-ਘਰ ਤਕ ਪਹੁੰਚਾਇਆ ਜਾ ਸਕੇ।'