ਦੋਹਾਂ ਦੇਸ਼ਾਂ 'ਚ ਨਫ਼ਰਤ ਦੇ ਬੀਜ ਪੈਦਾ ਕਰਨ ਨੂੰ ਦੇਸ਼ ਭਗਤੀ ਨਹੀਂ ਮੰਨਿਆ ਜਾ ਸਕਦਾ : ਪੰਥਪ੍ਰੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਮੀਡੀਏ ਅਤੇ ਫ਼ੌਜ ਦਾ ਨਾਮ ਭਾਜਪਾ ਵਾਸਤੇ ਵਰਤਣਾ ਖ਼ਤਰਨਾਕ

Panthpreet Singh

ਕੋਟਕਪੂਰਾ : ਸਾਡੇ ਦੇਸ਼ ਦੀ ਫ਼ੌਜ ਦੇ ਨਾਂਅ 'ਤੇ ਕਿਸੇ ਖ਼ਾਸ ਰਾਜਨੀਤਕ ਪਾਰਟੀ ਦਾ ਨਾਮ ਚਮਕਾਉਣਾ ਅਰਥਾਤ ਚੋਣ ਜੁਮਲਾ ਬਣਾਉਣਾ ਅਤੇ ਮੀਡੀਏ ਨੂੰ ਵੀ ਦੇਸ਼ ਦੀਆਂ ਹੋਰ ਮੁਸ਼ਕਲਾਂ, ਸਮੱਸਿਆਵਾਂ ਤੇ ਚੁਨੌਤੀਆਂ ਤੋਂ ਵਖਰਾ ਕਰ ਕੇ ਅਪਣੇ ਨਿਜੀ ਮੁਫ਼ਾਦ ਲਈ ਵਰਤਣ ਵਾਲੇ ਰਾਜਸੀ ਆਗੂ ਦੇਸ਼ ਦਾ ਭਲਾ ਨਹੀਂ ਸੋਚ ਸਕਦੇ ਅਤੇ ਨਾ ਹੀ ਅਜਿਹੀਆਂ ਹਰਕਤਾਂ ਨਾਲ ਦੇਸ਼ ਦੀ ਭਲਾਈ ਜਾਂ ਚੰਗੇ ਭਵਿੱਖ ਦੀ ਆਸ ਰੱਖੀ ਜਾ ਸਕਦੀ ਹੈ। 

ਜ਼ਿਲ੍ਹੇ ਦੇ ਕਸਬੇ ਬਾਜਾਖ਼ਾਨਾ ਦੇ ਨੇੜਲੇ ਪਿੰਡ ਡੋਡ ਵਿਖੇ ਬਾਬੇ ਨਾਨਕ ਦੇ 550 ਸਾਲਾ ਅਵਤਾਰ ਪੁਰਬ ਨੂੰ ਸਮਰਪਿਤ ਕਰਵਾਏ ਗਏ ਤਿੰਨ ਰੋਜ਼ਾ ਗੁਰਮਤਿ ਸਮਾਗਮਾਂ ਮੌਕੇ ਉਘੇ ਪੰਥਕ ਵਿਦਵਾਨ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਗੁਆਂਢੀ ਰਾਜਾਂ ਪ੍ਰਤੀ ਨਫ਼ਰਤ ਪੈਦਾ ਕਰਨ ਨੂੰ ਦੇਸ਼ ਭਗਤੀ ਨਹੀਂ ਮੰਨਿਆ ਜਾ ਸਕਦਾ, ਬਲਕਿ ਦੋਹਾਂ ਦੇਸ਼ਾਂ ਦਰਮਿਆਨ ਨਫ਼ਰਤ ਦੇ ਬੀਜ ਬੀਜਣ ਦਾ ਖਮਿਆਜ਼ਾ ਆਮ ਨਾਗਰਿਕਾਂ ਨੂੰ ਭੁਗਤਣ ਲਈ ਮਜਬੂਰ ਹੋਣਾ ਪੈਂਦਾ ਹੈ।

ਉਨ੍ਹਾਂ ਅੰਕੜਿਆਂ ਸਹਿਤ ਦਲੀਲਾਂ ਦਿੰਦਿਆਂ ਦਸਿਆ ਕਿ ਫ਼ੌਜ ਅਤੇ ਮੀਡੀਆ ਭਾਜਪਾ ਦਾ ਨਹੀਂ ਬਲਕਿ ਦੇਸ਼ ਦੇ ਸਾਂਝੇ ਸਰੋਤ ਹਨ ਪਰ ਆਮ ਨਾਗਰਿਕ ਸਾਹਮਣੇ ਉਨ੍ਹਾਂ ਦਾ ਪ੍ਰਭਾਵ ਸਿਰਫ਼ ਭਾਜਪਾ ਦਾ ਹੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਮਾਤਾ-ਪਿਤਾ ਦੀ ਸੇਵਾ ਕਰਨੀ ਹੀ ਪ੍ਰਮਾਤਮਾ ਦੀ ਸੇਵਾ ਕਰਨੀ ਹੈ। ਸਾਨੂੰ ਦੁਨੀਆਂ ਦੇ ਭੇਦਭਾਵਾਂ ਅਤੇ ਆਪਸੀ ਵਿਤਕਰਿਆਂ ਨੂੰ ਛੱਡ ਕੇ ਇੱਕ ਹੋ ਜਾਣਾ ਚਾਹੀਦਾ ਹੈ ਕਿਉਂਕਿ ਪ੍ਰਮਾਤਮਾ ਇਕ ਹੈ ਅਤੇ ਸਭਨਾਂ ਦਾ ਰਸਤਾ ਵੀ ਇਕ ਹੀ ਹੈ। ਉਨ੍ਹਾਂ ਗੁਰਬਾਣੀ ਦੀਆਂ ਅਨੇਕਾਂ ਦਲੀਲਾਂ ਅਤੇ ਉਦਾਹਰਣਾਂ ਦਿੰਦਿਆਂ ਦਸਿਆ ਕਿ ਸਾਨੂੰ ਸਮਾਜ ਵਿਚ ਫੈਲੇ ਵਹਿਮਾਂ-ਭਰਮਾਂ ਅਤੇ ਕਰਮਕਾਂਡਾਂ ਤੋਂ ਬਚ ਕੇ ਗੁਰਬਾਣੀ ਦੇ ਸਿਧਾਂਤਾਂ 'ਤੇ ਚਲਣਾ ਚਾਹੀਦਾ ਹੈ ਕਿਉਂਕਿ ਅਜਿਹੇ ਮਨਮੱਤ ਕੰਮਾਂ ਦਾ ਗੁਰਬਾਣੀ ਖੰਡਨ ਕਰਦੀ ਹੈ। ਇਸ ਸਮੇਂ ਰਾਗੀ ਅਤੇ ਢਾਡੀ ਜਥਿਆਂ ਅਪਣੀ ਸ਼ਬਦ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ।