ਗੁਰਦਵਾਰਾ ਰਕਾਬ ਗੰਜ ਸਾਹਿਬ ਵਿਚ ਛਬੀਲ ਸੰਗਤ ਨੂੰ ਸਮਰਪਤ
ਛਬੀਲ ਦੀ ਉਸਾਰੀ ਵਿਚ ਅਹਿਮ ਸਹਿਯੋਗ ਦੇਣ ਲਈ ਸ.ਦਲਜੀਤ ਸਿੰਘ ਗੁਲਾਟੀ ਤੇ ਉਨ੍ਹਾਂ ਦੇ ਪਰਵਾਰਕ ਜੀਆਂ ਨੂੰ ਸਿਰਪਾਉ ਦੇ ਕੇ ਨਿਵਾਜਿਆ
ਨਵੀਂ ਦਿੱਲੀ : ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖੇ ਅੱਜ ਪਾਣੀ ਪਿਆਉਣ ਲਈ ਛਬੀਲ ਸੰਗਤ ਨੂੰ ਸਮਰਪਤ ਕਰ ਦਿਤੀ ਗਈ। ਜੇਠ ਹਾੜ੍ਹ ਦੇ ਤਪਦੇ ਮਹੀਨਿਆਂ ਵਿਚ ਇਹ ਛਬੀਲ ਹਜ਼ਾਰਾਂ ਮੁਸਾਫ਼ਰਾਂ ਤੇ ਸੰਗਤ ਲਈ ਜੀਵਨ ਅੰਮ੍ਰਿਤ ਵਾਂਗ ਉਨ੍ਹਾਂ ਦੀ ਤ੍ਰੇਹ ਬੁਝਾਵੇਗੀ। ਗੁਰਦਵਾਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਵਲੋਂ ਅਰਦਾਸ ਕਰਨ ਪਿਛੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆ ਨੇ 'ਜੈਕਾਰਿਆਂ ਦੀ ਗੂੰਜ' ਵਿਚ ਛਬੀਲ ਸੰਗਤ ਨੂੰ ਸਮਰਪਤ ਕੀਤੀ।
ਪਿਛੋਂ ਇਨ੍ਹਾਂ ਸਾਰਿਆਂ ਨੇ ਰੱਲ ਕੇ, ਸੰਗਤ ਨੂੰ ਠੰਢਾ ਮਿੱਠਾ ਜਲ ਛਕਾਉਣ ਦੀ ਸੇਵਾ ਨਿਭਾਈ। ਛਬੀਲ ਦੀ ਉਸਾਰੀ ਵਿਚ ਅਹਿਮ ਸਹਿਯੋਗ ਦੇਣ ਲਈ ਸ.ਦਲਜੀਤ ਸਿੰਘ ਗੁਲਾਟੀ ਤੇ ਉਨ੍ਹਾਂ ਦੇ ਪਰਵਾਰਕ ਜੀਆਂ ਨੂੰ ਸਿਰਪਾਉ ਦੇ ਕੇ ਨਿਵਾਜਿਆ ਗਿਆ। ਛਬੀਲ ਦਾ ਨਵੀਨੀਕਰਨ ਕਰ ਕੇ, ਇਸ ਨੂੰ ਸੁੰਦਰ ਦਿੱਖ ਦੇਣ ਲਈ ਬਾਬਾ ਭੂਰੀ ਵਾਲਿਆਂ ਤੇ ਬਾਬਾ ਸੁਖਵਿੰਦਰ ਸਿੰਘ ਦਾ ਧਨਵਾਦ ਕਰਦਿਆਂ ਸ.ਸਿਰਸਾ ਨੇ ਕਿਹਾ, “ਛਬੀਲ ਬਣਾ ਕੇ, ਜਲ ਛਕਾਉਣ ਦੀ ਸੇਵਾ ਮਹਾਨ ਹੈ, ਹੁਣ ਬਾਬਿਆਂ ਨੂੰ ਚਾਹੀਦਾ ਹੈ ਕਿ ਉਹ ਪੰਜਾਬੀ ਬੋਲੀ ਨਾਲੋਂ ਟੁੱਟ ਰਹੀ ਸਾਡੀ ਨਵੀਂ ਪਨੀਰੀ ਨੂੰ ਪੰਜਾਬੀ ਦੀ ਸਿਖਲਾਈ ਦੇਣ ਲਈ ਵੀ ਵਧੀਆ ਵਿਦਿਅਕ ਅਦਾਰਿਆਂ ਦੀ ਉਸਾਰੀ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਉਣ, ਕਿਉਂਕਿ ਸਰਕਾਰੀ ਨੀਤੀਆਂ ਨਾਲ ਪੰਜਾਬੀ ਦਾ ਘਾਣ ਹੀ ਹੋਇਆ ਹੈ।
ਜੇਕਰ ਨਵੀਂ ਪਨੀਰੀ ਗੁਰਮੁਖੀ/ ਪੰਜਾਬੀ ਤੋਂ ਦੂਰ ਹੋ ਗਈ ਤਾਂ ਇਹ ਕੌਮ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੋਵੇਗਾ। ਬਾਬਿਆਂ ਕਰ ਕੇ, ਹੀ ਅੱਜ ਗੁਰਦਵਾਰਿਆਂ ਦੀਆਂ ਸੁੰਦਰ ਇਮਾਰਤਾਂ ਬਣ ਕੇ, ਤਿਆਰ ਹੋਈਆਂ ਹਨ।'' ਇਸ ਮੌਕੇ ਦਿੱਲੀ ਗੁਰਦਵਾਰਾ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਹਿਤ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ., ਸ.ਮਹਿੰਦਰ ਸਿੰਘ ਭੁੱਲਰ, ਬਾਬਾ ਸੋਹਨ ਸਿੰਘ ਬੀੜ ਸਾਹਿਬ, ਬਾਬਾ ਹਰੀ ਸਿੰਘ, ਬਾਬਾ ਫ਼ਤਿਹ ਸਿੰਘ, ਬਾਬਾ ਝੀਤਾ, ਸ.ਰਾਮ ਸਿੰਘ ਭਿੰਡਰ, ਸ.ਅਮਰਜੀਤ ਸਿੰਘ ਸ਼ਬਦ ਚੌਂਕੀ ਜੱਥਾ ਤੇ ਹੋਰ ਸੰਗਤ ਸ਼ਾਮਲ ਹੋਈ।