ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ 1 ਜੂਨ ਤੋਂ ਖੁੱਲਣਗੇ ਕਿਵਾੜ
ਮੌਸਮ ਵਿਚ ਆਈ ਤਬਦੀਲੀ ਕਰਕੇ ਪਹਾੜਾਂ ਵਿਚ ਹੋਈ ਵਧੇਰੇ ਬਰਫ਼ਬਾਰੀ ਕਾਰਨ ਗੁਰਦੁਆਰਾ ਹੇਮਕੁੰਟ ਸਾਹਿਬ...
ਅੰਮ੍ਰਿਤਸਰ: ਮੌਸਮ ਵਿਚ ਆਈ ਤਬਦੀਲੀ ਕਰਕੇ ਪਹਾੜਾਂ ਵਿਚ ਹੋਈ ਵਧੇਰੇ ਬਰਫ਼ਬਾਰੀ ਕਾਰਨ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਸ ਵਾਰ ਹਫ਼ਤਾ ਪਛੜ ਕੇ ਪਹਿਲੀ ਜੂਨ ਤੋਂ ਸ਼ੁਰੂ ਹੋ ਰਹੀ ਹੈ। ਫਿਲਹਾਲ ਬਰਫ਼ ਵਧੇਰੇ ਹੋਣ ਕਾਰਨ ਸ਼ਰਧਾਲੂਆਂ ਨੂੰ ਲਗਪਗ 3 ਕਿਲੋਮੀਟਰ ਰਸਤਾ ਬਰਫ਼ ਵਿਚੋਂ ਲੰਘ ਕੇ ਜਾਣਾ ਪਵੇਗਾ। ਇਸ ਦੌਰਾਨ ਹੈਲੀਕਾਪਟਰ ਸੇਵਾ ਵੀ ਸ਼ੁਰੂ ਹੋ ਜਾਵੇਗੀ।
ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਆਲੇ-ਦੁਆਲੇ ਅਜੇ ਵੀ ਬਰਫ਼ ਜੰਮੀ ਹੋਈ ਹੈ। ਭਾਰਤੀ ਫ਼ੌਜ ਦੇ ਜਵਾਨਾਂ ਵੱਲੋਂ ਬਰਫ਼ ਨੂੰ ਕੱਟ ਕੇ ਦੁਰਦੁਆਰੇ ਨੂੰ ਜਾਣ ਲਈ ਰਸਤਾ ਬਣਾਇਆ ਗਿਆ ਹੈ। ਸਾਲਾਨਾ ਯਾਤਰਾ ਸਬੰਧੀ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ 29 ਮਈ ਨੂੰ ਗੁਰਦੁਆਰਾ ਗੋਬਿੰਦ ਘਾਟ ਵਿਖੇ ਸਾਲਾਨਾ ਯਾਤਰਾ ਦੀ ਸ਼ੁਰੂਆਤ ਲਈ ਆਖੰਡ ਪਾਠ ਰੱਖਿਆ ਜਾਵੇਗਾ, ਜਿਸ ਦਾ ਭੋਗ 31 ਮਈ ਨੂੰ ਪਵੇਗਾ। ਪਹਿਲੀ ਜੂਨ ਨੂੰ ਸ਼ਰਧਾਲੂ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਪੁੱਜਣਗੇ, ਜਿੱਥੇ ਸਵੇਰੇ ਗੁਰਦੁਆਰੇ ਦੇ ਕਿਵਾੜ ਖੋਲ੍ਹਣ ਮਗਰੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ।