ਕੌਮ ਨੂੰ ਸਮਰਪਤ ਕੀਤਾ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਡਾ. ਰੂਪ ਸਿੰਘ ਨੇ ਕੀਤੀ ਤਾਰਾ ਸਿੰਘ ਨਾਲ ਮੁਲਾਕਾਤ

Life-size sculpture of Maharaja Ranjit Singh unveiled in Lahore

ਲਾਹੌਰ : ਸ਼ਾਹੀ ਕਿਲਾ ਲਾਹੌਰ ਵਿਚ ਸ਼ਾਹੀ ਕਿਲਾ ਲਾਹੌਰ ਵਿਚ ਸਥਾਪਤ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਵੱਖ-ਵੱਖ ਸ਼ਖ਼ਸੀਅਤਾਂ ਨੇ ਪੰਜਾਬੀ ਕੌਮ ਨੂੰ ਸਮਰਪਤ ਕੀਤਾ। ਦੇਰ ਸ਼ਾਮ ਤਕ ਚੱਲੇ ਪ੍ਰੋਗਰਾਮ ਦੌਰਾਨ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਬੂਹ, ਬੁੱਤ ਲਗਵਾਉਣ ਵਿਚ ਅਹਿਮ ਰੋਲ ਅਦਾ ਕਰਨ ਵਾਲੇ ਬੋਬੀ ਸਿੰਘ, ਪਾਕਿਸਤਾਨੀ ਪੰਜਾਬ ਦੇ ਕੈਬਨਿਟ ਸਕੱਤਰ ਮੁਹਿੰਦਰਪਾਲ ਸਿੰਘ ਨੇ ਸਾਂਝੇ ਤੌਰ 'ਤੇ ਇਹ ਬੁੱਤ ਕੌਮ ਨੂੰ ਸਮਰਪਤ ਕੀਤਾ। 

ਤਾਰਾ ਸਿੰਘ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਦੇ ਧਨਵਾਦੀ ਹਨ ਜਿਨ੍ਹਾਂ ਸ਼ਾਹੀ ਕਿਲੇ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ ਕਰਨ ਦੀ ਇਜਾਜ਼ਤ ਦਿਤੀ। ਇਸ ਨਾਲ ਪੰਜਾਬੀ ਅਪਣੇ ਗੌਰਵਮਈ ਵਿਰਸੇ ਤੋਂ ਜਾਣੂ ਹੋਣਗੇ। ਡਾ. ਰੂਪ ਸਿੰਘ ਨੇ ਕਿਹਾ ਕਿ ਸਿੱਖ ਬੁੱਤ ਪ੍ਰਸਤ ਨਹੀਂ ਪਰ ਅਪਣੇ ਜਰਨੈਲਾਂ ਦੇ ਬੁੱਤ ਕੌਮਾਂ ਨੂੰ ਪ੍ਰੇਰਨਾ ਦਿੰਦੇ ਹਨ। ਬੁੱਤ ਸਥਾਪਤ ਕਰਨ ਵਾਲੇ ਬੋਬੀ ਸਿੰਘ ਨੇ ਵੀ ਪਾਕਿਸਤਾਨ ਸਰਕਾਰ ਦਾ ਧਨਵਾਦ ਕੀਤਾ। ਜ਼ਿਕਰਯੋਗ ਹੈ ਕਿ ਸ਼ਾਹੀ ਕਿਲਾ ਲਾਹੌਰ ਵਿਚ ਕਰੀਬ 180 ਸਾਲ ਬਾਅਦ ਸਿੱਖਾਂ ਨੇ ਸਮੂਹਿਕ ਤੌਰ ਤੇ ਜੈਕਾਰੇ ਛੱਡੇ ਤੇ ਅਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਨੌਜਵਾਨਾਂ ਨੇ ਗਤਕੇ ਦੇ ਜੌਹਰ ਵੀ ਦਿਖਾਏ। ਇਸ ਮੌਕੇ ਰਾਏ ਬੁਲਾਰ ਦੇ ਪਰਵਾਰ ਦੇ ਮੈਂਬਰ ਵੀ ਹਾਜ਼ਰ ਸਨ।

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਲਾਹੌਰ ਪੁੱਜੇ ਸਿੱਖ ਯਾਤਰੀ ਜਥੇ ਦੇ ਨਾਲ ਆਏ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਡੇ ਭਰਾ ਦੀ ਭੂਮਿਕਾ ਵਿਚ ਹੈ।

ਅਸੀਂ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪਾਕਿਸਤਾਨ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਾਂ। ਅਸੀਂ 550 ਸਾਲਾ ਦਿਹਾੜੇ ਤੋਂ ਪਹਿਲਾਂ ਮੁਢਲੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਆਏ ਹਾਂ। ਸਾਡੀ ਕੋਸ਼ਿਸ਼ ਹੈ ਕਿ ਇਸ ਦਿਹਾੜੇ ਨੂੰ ਮਨਾਉਣ ਲਈ ਪਾਕਿਸਤਾਨ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ। ਇਸ ਮੌਕੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੇ ਕਿਹਾ ਕਿ ਅਸੀਂ ਅਪਣੇ ਵੱਡੇ ਭਰਾ ਕੋਲੋਂ ਲੋੜ ਪੈਣ ਤੇ ਹਰ ਤਰ੍ਹਾਂ ਦਾ ਸਹਿਯੋਗ ਲਵਾਂਗੇ। 

ਜਾਹੋ-ਜਲਾਲ ਨਾਲ ਮਨਾਈ ਜਾਵੇਗੀ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180 ਵੀ ਬਰਸੀ 29 ਜੂਨ ਨੂੰ ਲਾਹੌਰ ਵਿਖੇ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ 'ਤੇ ਜਾਹੋ ਜਲਾਲ ਨਾਲ ਮਨਾਈ ਜਾਵੇਗੀ। ਗੁਰਦਵਾਰਾ ਡੇਹਰਾ ਸਾਹਿਬ ਦੇ ਕੇਅਰ ਟੇਕਰ ਜਨਾਬ ਅਜ਼ਹਰ ਅਬਾਸ ਨੇ ਦਸਿਆ ਕਿ ਇਸ ਸਮਾਗਮ ਵਿਚ ਪਾਕਿਸਤਾਨੀ ਪੰਜਾਬ ਦੇ ਗਵਰਨਰ ਜਨਾਬ ਚੌਧਰੀ ਮੁਹੰਮਦ ਸਰਵਰ ਵਿਸ਼ੇਸ਼ ਤੌਰ 'ਤੇ ਹਿੱਸਾ ਲੈਣਗੇ। ਇਹ ਪਹਿਲੀ ਵਾਰ ਹੋਵੇਗਾ ਜਦ ਸਿੱਖ ਕੌਮ ਦੇ ਕਿਸੇ ਵੀ ਸਮਾਗਮ ਵਿਚ ਪਾਕਿਸਤਾਨੀ ਪੰਜਾਬ ਦੇ ਕੋਈ ਗਵਰਨਰ ਸ਼ਾਮਲ ਹੋਇਆ ਹੋਵੇ। ਉਨ੍ਹਾਂ ਦਸਿਆ ਕਿ ਇਸ ਸਮਾਗਮ ਵਿਚ ਸਿੱਖ ਯਾਤਰੀਆਂ ਦੇ ਨਾਲ-ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸ਼ਾਮਲ ਹੋ ਕੇ ਮਹਾਰਾਜਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।