ਆਸਟ੍ਰੇਲੀਆ ਦੀਆਂ ਜੰਮਪਲ ਕੁੜੀਆਂ ਨੇ ਖ਼ਾਲਸਾਈ ਬਾਣੇ 'ਚ ਮਨਾਈ 'ਵਿਸਾਖੀ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮੈਲਬੋਰਨ (ਆਸਟ੍ਰੇਲੀਆ) ਦੇ ਗੁਰਦਵਾਰਾ ਸਾਹਿਬ ਵਿਖੇ ਵਿਸਾਖੀ ਨੂੰ ਸਮਰਪਿਤ ਕਰਵਾਏ

Pic-1

ਕੋਟਕਪੂਰਾ : 'ਰੋਜ਼ਾਨਾ ਸਪੋਕਸਮੈਨ' ਸਮੇਤ ਹੋਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁਦੱਈ ਮੀਡੀਏ ਦੇ ਪ੍ਰਚਾਰ ਸਦਕਾ ਪਿਛਲੇ ਦਿਨੀਂ ਮੈਲਬੋਰਨ (ਆਸਟ੍ਰੇਲੀਆ) ਦੇ ਗੁਰਦਵਾਰਾ ਸਾਹਿਬ ਵਿਖੇ ਵਿਸਾਖੀ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਇਕ ਅਜੀਬ ਤੇ ਵਿਲੱਖਣ ਨਜ਼ਾਰਾ ਦੇਖਣ ਨੂੰ ਮਿਲਿਆ। ਆਸਟ੍ਰੇਲੀਆ ਦੀਆਂ ਜੰਮਪਲ ਤਿੰਨ ਲੜਕੀਆਂ ਅਪਣੇ ਮਾਪਿਆਂ ਨਾਲ ਸਮਾਗਮ 'ਚ ਸ਼ਾਮਲ ਹੋਈਆਂ, ਜਿਹੜੀਆਂ ਮੁਕੰਮਲ ਖ਼ਾਲਸਾਈ ਬਾਣੇ 'ਚ ਸਨ। 

ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਵਿਚੋਂ ਦੋ ਸਕੀਆਂ ਭੈਣਾਂ ਪਹਿਲਾਂ ਤੋਂ ਹੀ ਅੰਮ੍ਰਿਤਧਾਰੀ ਸਨ ਪਰ ਤੀਜੀ ਲੜਕੀ ਦਿਲਸ਼ਾਨ ਕੌਰ ਨੇ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦਾ ਸਾਰਾ ਇਤਿਹਾਸ ਸੁਣ ਕੇ ਖ਼ੁਦ ਨੂੰ ਅੰਮ੍ਰਿਤਧਾਰੀ ਬਣਾਉਣ ਦਾ ਮਨ ਬਣਾਇਆ ਅਤੇ ਅੰਮ੍ਰਿਤ ਸੰਚਾਰ ਮੌਕੇ ਅੰਮ੍ਰਿਤਪਾਨ ਕਰ ਲਿਆ। ਨਨਕਾਣਾ ਸਾਹਿਬ ਦੇ ਹਜ਼ੂਰੀ ਰਾਗੀ ਰਹੇ ਭਾਈ ਮਣਸ਼ਾ ਸਿੰਘ ਦੀ ਪੜਦੋਹਤੀ ਤੇ ਜਲੰਧਰ ਨੇੜਲੇ ਪਿੰਡ ਬਸ਼ਸ਼ੇਰਪੁਰ ਦੇ ਵਸਨੀਕ ਮਾਪਿਆਂ ਦੀ ਪੋਤਰੀ ਦਿਲਸ਼ਾਨ ਕੌਰ ਵਰਤਮਾਨ ਸਮੇਂ 'ਚ ਆਸਟ੍ਰੇਲੀਆ ਵਿਖੇ ਉੱਚ ਵਿਦਿਆ ਪ੍ਰਾਪਤ ਕਰ ਰਹੀ ਹੈ।

ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦਿਲਸ਼ਾਨ ਕੌਰ ਨੇ ਦਾਅਵਾ ਕੀਤਾ ਕਿ ਅਜਿਹੇ ਗੁਰਪੁਰਬ ਮਨਾਉਣੇ ਤਾਂ ਹੀ ਸਫ਼ਲ ਹਨ, ਜੇਕਰ ਅਸੀ ਗੁਰਬਾਣੀ ਅਤੇ ਸਿੱਖ ਇਤਿਹਾਸ ਮੁਤਾਬਕ ਅਪਣੀ ਜੀਵਨ ਜਾਂਚ ਵਿਚ ਤਬਦੀਲੀ ਲਿਆਈਏ ਤੇ ਨਵੀਂ ਪੀੜ੍ਹੀ ਲਈ ਪ੍ਰੇਰਣਾ ਸਰੋਤ ਬਣੀਏ।