ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਵਿਰੁਧ ਹੋਵੇ ਕਾਰਵਾਈ
ਉਤਰ ਪ੍ਰਦੇਸ਼ ਸਿੱਖ ਪ੍ਰਤੀਨਿਧੀ ਬੋਰਡ ਦੇ ਸਕੱਤਰ ਹਰਦੀਪ ਸਿੰਘ ਨਿਮਾਣਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ.......
ਤਰਨਤਾਰਨ : ਉਤਰ ਪ੍ਰਦੇਸ਼ ਸਿੱਖ ਪ੍ਰਤੀਨਿਧੀ ਬੋਰਡ ਦੇ ਸਕੱਤਰ ਹਰਦੀਪ ਸਿੰਘ ਨਿਮਾਣਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਇਕ ਪੱਤਰ ਲਿਖ ਕੇ ਸ਼੍ਰੋਮਣੀ ਕਮੇਟੀ ਦੇ ਇਕ ਅਧਿਕਾਰੀ ਵਿਰੁਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਅਧਿਕਾਰੀ 'ਤੇ ਦੋਸ਼ ਲੱਗ ਰਿਹਾ ਹੈ ਕਿ ਉਸ ਨੇ ਬੀਤੇ ਦਿਨੀ ਉਤਰ ਪ੍ਰਦੇਸ਼ ਵਿਚ ਇਕ ਸਮਾਗਮ ਦੌਰਾਨ ਉਤਰ ਪ੍ਰਦੇਸ਼ ਦੇ ਸਿੱਖ ਆਗੂ ਰਾਜਿੰਦਰ ਸਿੰਘ ਬੱਗਾ ਨੂੰ ਕਥਿਤ ਤੌਰ 'ਤੇ ਧਮਕੀਆਂ ਦਿਤੀਆਂ ਹਨ। ਨਿਮਾਣਾ ਨੇ ਕਿਹਾ ਕਿ ਬੀਤੇ ਦਿਨ ਸ਼੍ਰੋਮਣੀ ਕਮੇਟੀ ਨੇ ਲਖਨਊ ਵਿਚ ਸਿੱਖ ਮਿਸ਼ਨ ਦਾ ਦਫ਼ਤਰ ਖੋਲ੍ਹਿਆ ਸੀ।
ਇਸ ਦਫ਼ਤਰ ਦੇ ਉਦਘਾਟਨ ਸਮੇਂ ਸ਼੍ਰੋਮਣੀ ਕਮੇਟੀ ਦੇ ਵਫ਼ਦ ਵਿਚ ਗਏ ਇਕ ਅਧਿਕਾਰੀ ਨੇ ਉਤਰ ਪ੍ਰਦੇਸ਼ ਦੇ ਸਿੱਖਾਂ ਦੇ ਇਕ ਧੜੇ ਦੀ ਹਮਾਇਤ ਕੀਤੀ। ਪ੍ਰੋਗਰਾਮ ਦੀ ਸਮਾਪਤੀ ਤੇ ਲੰਮੇ ਸਮੇਂ ਤੋਂ ਉਤਰ ਪ੍ਰਦੇਸ਼ ਦੇ ਸਿੱਖਾਂ ਦੇ ਹਕ ਲਈ ਲੜਨ ਵਾਲੇ ਰਾਜਿੰਦਰ ਸਿੰਘ ਬੱਗਾ ਨਾਲ ਰਸਮੀ ਗੱਲ ਕਰਦਿਆਂ ਉਕਤ ਅਧਿਕਾਰੀ ਨੇ ਕਿਹਾ, 'ਲਖਨਊ ਵਿਚ ਤੁਹਾਡੀ ਚੱਲ ਗਈ ਜਿਸ ਦਿਨ ਤੁਸੀਂ ਅੰਮ੍ਰਿਤਸਰ ਆਏ ਮੈਂ ਤੁਹਾਡੇ ਤੇ ਨਜ਼ਰ ਰੱਖਾਂਗਾ ਤੇ ਜ਼ਿੰਦਾ ਵਾਪਸ ਨਹੀਂ ਆਉਗੇ'। ਨਿਮਾਣਾ ਨੇ ਕਿਹਾ ਕਿ ਇਹ ਸੁਣ ਕੇ ਸ ਬੱਗਾ ਚੁੱਪ ਕਰ ਗਏ ਕਿਉਂਕਿ ਉਹ ਪੰਥਕ ਪ੍ਰੋਗਰਾਮ ਵਿਚ ਖਲਲ ਨਹੀਂ ਸੀ ਪਾਉਣਾ ਚਾਹੁੰਦੇ ਸਨ।
ਸਮਾਗਮ ਦੇ ਅਗਲੇ ਦਿਨ ਬੱਗਾ ਨੇ ਸਾਰਾ ਮਾਮਲਾ ਲਖਨਊ ਦੇ ਪੁਲਿਸ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਤੇ ਕਿਹਾ ਕਿ ਕਿਉਂਕਿ ਇਹ ਇਕ ਧਾਰਮਕ ਮਾਮਲਾ ਹੈ ਤੇ ਉਹ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਅਹੁਦੇਦਾਰਾਂ ਦੇ ਧਿਆਨ ਵਿਚ ਲਿਉਣਗੇ, ਜੇ ਕੋਈ ਕਾਰਵਾਈ ਨਾ ਹੋਈ ਤੇ ਉਹ ਪੁਲਿਸ ਦੀ ਮਦਦ ਲੈਣਗੇ। ਇਸ ਸਬੰਧੀ ਉਕਤ ਅਧਿਕਾਰੀ ਨੇ ਸਾਰੇ ਦੋਸ਼ਾਂ ਨੂੰ ਨਾਕਰਦਿਆ ਕਿਹਾ ਕਿ ਬੱਗਾ ਝੂਠ ਬੋਲ ਰਹੇ ਹਨ। ਉਹ ਕਮੇਟੀ ਪ੍ਰਧਾਨ ਦੇ ਹੁਕਮ ਮੁਤਾਬਕ ਲਖਨਊ ਗਏ ਸਨ ਤੇ ਉਥੇ ਜੋ ਹੋਇਆ, ਉਹ ਪ੍ਰਧਾਨ ਦੇ ਧਿਆਨ ਵਿਚ ਹੈ।