ਕਰਤਾਰਪੁਰ ਲਾਂਘੇ ਦੇ ਉਦਘਾਟਨ ’ਤੇ ਤਕਨੀਕੀ ਬੈਠਕ ਅੱਜ
ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਦਿੱਤੀ ਜਾਣਕਾਰੀ
ਇਸਲਾਮਾਬਾਦ : ਪਾਕਿਸਤਾਨ ’ਚ ਕਰਤਾਰਪੁਰ ਲਾਂਘੇ ਸਬੰਧੀ ਤਿਆਰੀਆਂ ਜ਼ੋਰਾਂ ’ਤੇ ਹਨ ਤੇ ਪਾਕਿਸਤਾਨ ਵਲੋਂ ਕਿਹਾ ਗਿਆ ਹੈ ਕਿ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਸਬੰਧੀ 30 ਅਗੱਸਤ ਨੂੰ ਜ਼ੀਰੋ ਲਾਈਨ ’ਤੇ ਤਕਨੀਕੀ ਮੀਟਿੰਗ ਕਰੇਗਾ। ਇਸ ਦੀ ਜਾਣਕਾਰੀ ਪਾਕਿਸਤਾਨੀ ਵਿਦੇਸ਼ ਮੰਤਰਾਲੇ ਵਲੋਂ ਦਿਤੀ ਗਈ ਹੈ। ਇਹ ਪ੍ਰਾਜੈਕਟ ਪਾਕਿਸਤਾਨ ਦੇ ਕਰਤਾਰਪੁਰ ’ਚ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ’ਚ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜੇਗਾ ਤੇ ਇਸ ਦੌਰਾਨ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਲਈ ਸਿਰਫ਼ ਇਕ ਪਰਮਿਟ ਦੀ ਲੋੜ ਹੋਵੇਗੀ ਤੇ ਉਹ ਵੀਜ਼ਾ ਫ਼ਰੀ ਯਾਤਰਾ ਕਰ ਸਕਣਗੇ। ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਹ ਗੁਰਦਵਾਰਾ 1522 ਈ. ਵਿਚ ਬਣਾਇਆ ਗਿਆ ਸੀ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫ਼ੈਸਲ ਨੇ ਅਪਣੇ ਹਫ਼ਤਾਵਾਰ ਬਿਆਨ ’ਚ ਕਿਹਾ ਕਿ ਕਰਤਾਰਪੁਰ ਲਾਂਘੇ ’ਤੇ ਤਕਨੀਕੀ ਬੈਠਕ ਕਲ ਜ਼ੀਰੋ ਲਾਈਨ ’ਤੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਭਾਰਤ ਨੂੰ ਸੂਚਨਾ ਦੇਣ ਤੋਂ ਬਾਅਦ ਹੀ 30 ਅਗੱਸਤ ਦਾ ਦਿਨ ਰਖਿਆ ਗਿਆ ਹੈ। ਅਧਿਕਾਰੀ ਨੇ ਕਿਹਾ,‘‘ਪਾਕਿ ਕਰਤਾਰਪੁਰ ਲਾਂਘੇ ਨੂੰ ਪੂਰਾ ਕਰਨ ਅਤੇ ਉਸ ਦਾ ਉਦਘਾਟਨ ਕਰਨ ਲਈ ਤਿਆਰ ਹੈ ਜਿਸ ਤਰ੍ਹਾਂ ਕਿ ਸਾਡੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ।’’
ਭਾਰਤ ਅਤੇ ਪਾਕਿਸਤਾਨ ਵਿਚਕਾਰ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ’ਤੇ ਲਾਹੌਰ ਤੋਂ ਕਰੀਬ 125 ਕਿਲੋਮੀਟਰ ਦੂਰ ਨਾਰੋਵਾਲ ਵਿਚ ਲਾਂਘਾ ਖੋਲ੍ਹਣ ਦੇ ਸਬੰਧ ਵਿਚ ਹੁਣ ਵੀ ਤੌਰ ਤਰੀਕਿਆਂ ’ਤੇ ਵੀ ਚਰਚਾ ਹੋ ਰਹੀ ਹੈ। ਇਹ ਲਾਂਘਾ 1947 ਵਿਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਪਹਿਲਾ ਵੀਜ਼ਾ ਮੁਕਤ ਲਾਂਘਾ ਵੀ ਹੋਵੇਗਾ।