ਬਿਜਲੀ ਕੁਨੈਕਸ਼ਨ ਕੱਟਣ 'ਤੇ ਸ੍ਰੀ ਦਰਬਾਰ ਸਾਹਿਬ ਗਲਿਆਰੇ 'ਚ ਬਣਿਆ ਤਣਾਅ ਦਾ ਮਾਹੌਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੋਟਲ ਅਤੇ ਦੁਕਾਨ ਮਾਲਕਾਂ ਦਾ ਗੁੱਸਾ ਦੇਖ ਭੱਜੇ ਪ੍ਰਸ਼ਾਸਨਿਕ ਅਧਿਕਾਰੀ

Cut The electricity Connection at Darbar Sahib Corridor

ਅੰਮ੍ਰਿਤਸਰ(ਚਰਨਜੀਤ ਅਰੋੜਾ)- ਸ੍ਰੀ ਦਰਬਾਰ ਸਾਹਿਬ ਗਲਿਆਰੇ ਵਿਚਲੀਆਂ ਅਤੇ ਉਸ ਦੇ ਆਸਪਾਸ ਦੀਆਂ ਦੁਕਾਨਾਂ ਅਤੇ ਹੋਟਲਾਂ ਦੇ ਬਿਜਲੀ, ਪਾਣੀ ਦੇ ਕੁਨੈਕਸ਼ਨ ਕੱਟੇ ਜਾਣ ਦਾ ਮਾਮਲਾ ਕਾਫ਼ੀ ਗਰਮਾ ਗਿਆ ਹੈ। ਜਿਸ ਨੂੰ ਲੈ ਕੇ ਅੰਮ੍ਰਿਤਸਰ ਗਲਿਆਰੇ ਵਿਚ ਉਸ ਸਮੇਂ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਦੁਕਾਨਾਂ ਅਤੇ ਹੋਟਲ ਮਾਲਕਾਂ ਨੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਨਾਲ ਕੁਨੈਕਸ਼ਨ ਕੱਟਣ ਆਈ ਟੀਮ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਲੋਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਕਾਫ਼ੀ ਬਹਿਸਬਾਜ਼ੀ ਹੋ ਗਈ।

ਬਹਿਸਬਾਜ਼ੀ ਇੰਨੀ ਜ਼ਿਆਦਾ ਵਧ ਗਈ ਕਿ ਪੁਲਿਸ ਮੁਲਾਜ਼ਮਾਂ ਨੂੰ ਵਿਚ ਪੈ ਕੇ ਲੋਕਾਂ ਨੂੰ ਹਟਾਉਣਾ ਪਿਆ ਪਰ ਲੋਕ ਪ੍ਰਸ਼ਾਸਨ ਦੀ ਕਾਰਵਾਈ ਤੋਂ ਪੂਰੀ ਤਰ੍ਹਾਂ ਭੜਕੇ ਹੋਏ ਸਨ। ਉਨ੍ਹਾਂ ਨੇ ਨਗਰ ਨਿਗਮ ਵਿਰੁੱਧ ਜਮ ਕੇ ਨਾਅਰੇਬਾਜ਼ੀ ਵੀ ਕੀਤੀ। ਭਾਵੇਂ ਕਿ ਕਾਰਵਾਈ ਕਰਨ ਲਈ ਆਏ ਪ੍ਰਸ਼ਾਸਨਿਕ ਅਧਿਕਾਰੀ ਵਾਰ-ਵਾਰ ਦਫ਼ਤਰ ਵਿਚ ਆ ਕੇ ਗੱਲਬਾਤ ਕਰਨ ਲਈ ਕਹਿੰਦੇ ਰਹੇ ਪਰ ਦੁਕਾਨਦਾਰਾਂ ਅਤੇ ਹੋਟਲ ਮਾਲਕਾਂ ਦਾ ਗੁੱਸਾ ਇੰਨਾ ਜ਼ਿਆਦਾ ਵਧ ਗਿਆ। ਜਿਸ ਨੂੰ ਦੇਖ ਕਾਰਵਾਈ ਕਰਨ ਲਈ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਥੋਂ ਖਿਸਕਣਾ ਬਿਹਤਰ ਸਮਝਿਆ।

ਜਿਵੇਂ ਹੀ ਪ੍ਰਸ਼ਾਸਨਿਕ ਅਧਿਕਾਰੀ ਉਥੋਂ ਖਿਸਕਣ ਲੱਗੇ ਤਾਂ ਪਿੱਛੇ ਪਿੱਛੇ ਆਉਣ ਵਾਲੇ ਲੋਕ ਉਹਨਾਂ ਨੂੰ ਰੁਕਣ ਲਈ ਆਖਣ ਲੱਗੇ ਪਰ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਟੀਮ ਦੇ ਨਾਲ ਉਥੋਂ ਨਿਕਲ ਗਏ। ਇਸ ਮੌਕੇ ਜਦੋਂ ਹੋਟਲ ਐਸੋਸ਼ੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਪ੍ਰਸ਼ਾਸਨ ਦੀਆਂ ਕਾਰਵਾਈਆਂ ਨੇ ਅੰਮ੍ਰਿਤਸਰ ਦਾ ਟਰੇਡ ਬਰਬਾਦ ਕਰਕੇ ਰੱਖ ਦਿੱਤਾ ਹੈ।

ਇਸ ਨਾਲ ਦੁਕਾਨਾਂ ਅਤੇ ਹੋਟਲ ਮਾਲਕਾਂ ਨੂੰ ਵੱਡਾ ਨੁਕਸਾਨ ਉਠਾਉਣਾ ਪਵੇਗਾ। ਦਸ ਦਈਏ ਕਿ ਅੱਜ ਸਵੇਰੇ ਦਰਬਾਰ ਸਾਹਿਬ ਗਲਿਆਰੇ ਵਿਚਲੀਆਂ ਦੁਕਾਨਾਂ ਤੇ ਹੋਟਲਾਂ ਵਿਚ ਪ੍ਰਸ਼ਾਸਨ ਦੀ ਇਕ ਟੀਮ ਨੇ ਹਾਈਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਦੁਕਾਨਾਂ ਅਤੇ ਹੋਟਲਾਂ ਦੇ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ। ਇਸ ਮੌਕੇ ਕੁਨੈਕਸ਼ਨ ਕੱਟਣ ਲਈ ਆਈ ਟੀਮ ਨਾਲ ਵੱਡੀ ਗਿਣਤੀ ਵਿਚ ਪੁਲਿਸ ਮੌਜੂਦ ਸੀ। ਫਿਲਹਾਲ ਦੁਕਾਨਾਂ ਅਤੇ ਹੋਟਲਾਂ ਦੇ ਕੁਨੈਕਸ਼ਨ ਕੱਟਣ ਦਾ ਇਹ ਮਾਮਲਾ ਕਾਫ਼ੀ ਵਧਦਾ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ