ਦਿੱਲੀ ਵਾਂਗ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਉਣ ਲਈ ਵੀ ਸਰਗਰਮੀ ਵਧਣ ਲੱਗੀ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਿੱਲੀ ਦੇ ਹਸ਼ਰ ਨੂੰ ਰੋਕਣ ਤੇ ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਵਾਉਣ ਲਈ ਪਾਟੋ-ਧਾੜ ਹੋਏ ਪੰਥਕ ਸੰਗਠਨਾਂ ਦੇ ਇਕ ਮੰਚ ’ਤੇ ਇਕੱਠੇ ਹੋਣ ਦੀ ਸੰਭਾਵਨਾ 

SGPC

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਉਣ ਲਈ ਸਿੱਖ ਸਿਆਸਤ ਵਿਚ ਸਰਗਰਮੀ ਵਧਣ ਲੱਗੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋ ਜਾਣ ਅਤੇ ਮੁੜ ਬਾਦਲਾਂ ਦੇ ਸੱਤਾ ਵਿਚ ਆਉਣ ਨਾਲ ਪੰਥਕ ਸੰਗਠਨ ਚਿੰਤਤ ਹਨ। ਇਸ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਦੀ ਚੋਣ ਵਿਚ ਬਾਦਲਾਂ ਦਾ ਮੁਕਾਬਲਾ ਕਰਨ ਲਈ ਪਾਟੋ—ਧਾੜ ਪੰਥਕ ਸੰਗਠਨਾਂ ਦੇ ਇਕ ਮੰਚ ਤੇ ਇਕੱਠੇ ਹੋਣ ਦੀ ਸੰਭਾਵਨਾ ਵੱਧ ਗਈ ਹੈ। 

ਹੋਰ ਪੜ੍ਹੋ: ਪਟਵਾਰੀ ਭਰਤੀ ਪ੍ਰੀਖਿਆ ਰਾਹੀਂ SSS ਬੋਰਡ ਨੇ ਕਮਾਏ ਕਰੀਬ 30 ਕਰੋੜ ਰੁਪਏ 

ਪਿਛਲੇ ਲੰਮੇ ਸਮੇਂ ਤੋਂ ਬਾਦਲ ਵਿਰੋਧੀ ਸਿੱਖ ਸੰਗਠਨ ਸਿਰੇ ਦਾ ਪ੍ਰਚਾਰ ਕਰ ਰਹੇ ਸੀ ਕਿ ਇਨ੍ਹਾਂ ਹੁਣ ਸੱਤਾ ਵਿਚ ਆਉਣ ਨਹੀਂ ਦੇਣਾ, ਪਰ ਉਨ੍ਹਾਂ ਮੁੜ ਦਿੱਲੀ ਕਮੇਟੀ ਤੇ ਕਬਜ਼ਾ ਕਰਨ ਨਾਲ ਸੱਭ ਹੈਰਾਨ ਰਹਿ ਗਏ ਹਨ, ਜੇਕਰ ਇਹ ਭਾਣਾ ਇਥੇ ਵੀ ਵਾਪਰ ਗਿਆ ਤਾਂ, ਉਨ੍ਹਾਂ ਦੀਆਂ ਆਸਾਂ ’ਤੇ ਪਾਣੀ ਫਿਰ ਜਾਵੇਗਾ। ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਲਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹਾਸਲ ਕਰਨੀ ਬੜੀ ਜ਼ਰੂਰੀ ਹੈ। ਚਰਚਾ ਮੁਤਾਬਕ ਜਿਸ ਵੀ ਅਕਾਲੀ ਦਲ ਕੋਲ ਸ਼੍ਰੋਮਣੀ ਕਮੇਟੀ ਪ੍ਰਧਾਨ ਹੈੈ, ਉਹ ਹੀ ਅਸਲ ਸ਼੍ਰੋਮਣੀ ਅਕਾਲੀ ਦਲ ਮੰਨਿਆਂ ਜਾਂਦਾ ਹੈ ਤੇ ਅੱਗੋਂ ਉਸ ਕੋਲ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਸਮੇਤ ਹੋਰ ਤਖ਼ਤਾਂ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ ਜਾਂਦੀਆਂ ਹਨ।

ਅਕਾਲ ਤਖ਼ਤ ਸਾਹਿਬ ਦਾ ਸਿੱਖ ਕੌਮ ਵਿਚ ਸੰਭ ਤੋਂ ਜ਼ਿਆਦਾ ਮਾਣ-ਸਨਮਾਨ ਹੈ ਤੇ ਵਲੋਂ ਜਾਰੀ ਹੁਕਮਨਾਮਿਆਂ ਤੋਂ ਸੇਧ ਪੰਥ ਲੈਂਦਾ ਹੈ ਪਰ ਉਕਤ ਪ੍ਰਵਾਰ ਕੋਲ ਸਿੱਖ ਸੰਸਥਾਵਾਂ ਦਾ ਕੰਟਰੋਲ ਹੋਣ ਕਾਰਨ, ਵਿਰੋਧੀ ਧਿਰਾਂ ਤਿੱਖੇ ਮਤਭੇਦ ਹਨ ਤੇ ਉਨ੍ਹਾਂ ਦੇ ਮੁਤਵਾਜ਼ੀ ਜਥੇਦਾਰ ਸਰਬੱਤ ਖ਼ਾਲਸਾ ਸੱਦ ਕੇ ਕੀਤੇ ਹਨ। ਇਹ ਵੀ ਫੁੱਟ ਦਾ ਸ਼ਿਕਾਰ ਹਨ। ਸਿੱਖ ਸਿਆਸਤ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਵੰਡੀ ਪਈ ਹੈ।

ਪਹਿਲਾਂ ਵਾਂਗ ਸਿੱਖ ਲੀਡਰਸ਼ਿਪ ਦੀ ਦੇਸ਼-ਵਿਦੇਸ਼ ਵਿਚ ਕਦਰ ਨਾ ਹੋਣ ਕਾਰਨ, ਵੱਖ-ਵੱਖ ਗਰਮ-ਨਰਮ ਸੰਗਠਨ ਮਨਮਰਜ਼ੀ ਦੀ ਰਾਜਨੀਤੀ ਕਰ ਰਹੇ ਹਨ ਤੇ ਸਿੱਖਾਂ ਦੀਆਂ ਸਮੂਹ ਮੰਗਾਂ ਤੇ ਮਸਲੇ ਠੰਢੇ ਬਸਤੇ ਵਿਚ ਪਏ ਹਨ, ਜਿਨ੍ਹਾਂ ਕਾਰਨ ਮੋਰਚੇ ਲਗਦੇ ਰਹੇ ਤੇ ਕੌੌਮ ਨੂੰ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ, ਅਕਾਲ ਤਖ਼ਤ ਸਾਹਿਬ ਦਾ ਤੋਪਾਂ ਨਾਲ ਭਾਰਤੀ ਫ਼ੌਜ ਵਲੋਂ ਤਬਾਹ ਕਰਨਾ, ਦਿੱਲੀ ਤੇ ਹੋਰ ਸੂਬਿਆਂ ਵਿਚ ਸਿੱਖ ਨਸਲਕੁਸ਼ੀ ਦਾ ਸਾਹਮਣਾ ਕਰਨਾ ਪਿਆ । ਇਸ ਤੋਂ ਛੁਟ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਅਤੇ ਹੋਰ ਭਖਦੇ ਮਸਲੇ ਇਕ ਚੁਨੌਤੀ ਬਣੇ ਹਨ। 

ਹੋਰ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀ: ਰਾਵਤ ਦੀ ਫੇਰੀ, ਸਿੱਧੂ ਸ਼ਾਂਤ, ਕਾਂਗਰਸ ਇਕਜੁਟਤਾ ਵਲ

ਲੰਗੜੇ ਪੰਜਾਬੀ ਸੂਬੇ ਬਾਅਦ ਦਰਿਆਣੀ ਪਾਣੀਆਂ, ਪੰਜਾਬੀ ਬੋਲਦੇ ਇਲਾਕੇ ਵਾਪਸ ਲੈਣ, ਰਾਜਧਾਨੀ ਚੰਡੀਗੜ੍ਹ, ਸੂਬੇ ਨੂੰ ਵੱਧ ਅਧਿਕਾਰ ਵਰਗੇ ਮਸਲੇ ਹੁਣ, ਇਸ ਤਰ੍ਹਾਂ ਜਾਪਦੇ ਹਨ ਕਿ ਇਨ੍ਹਾਂ ਨੂੰ ਵਿਸਾਰ ਦਿਤਾ ਗਿਆ ਹੈ। ਸਿੱਖ ਵਿਰੋਧੀ ਤਾਕਤਾਂ ਅਤੇ ਆਰ ਐਸ ਐਸ ਦੀ ਚਰਚਾ ਹੈ ਕਿ ਉਸ ਵਲੋਂ ਦਖ਼ਲ-ਅੰਦਾਜ਼ੀ ਕੀਤੀ ਜਾ ਰਹੀ ਹੈ ਜੋ ਘੱਟ ਗਿਣਤੀਆਂ ਲਈ ਭਵਿੱਖ ਵਿਚ ਮੁਸ਼ਕਲ ਪੈਦਾ ਕਰ ਸਕਦੀ ਹੈ।