ਹਰਿਆਣਾ ਕਮੇਟੀ ਦੇ ਅਹੁਦੇਦਾਰਾਂ ਵਲੋਂ ਗੋਲਕ ਦੀ ਦੁਰਵਰਤੋਂ ਨੂੰ ਅਦਾਲਤ ਵਿਚ ਲਿਜਾਣ ਦਾ ਫ਼ੈਸਲਾ-ਦਾਦੂਵਾਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮੀਟਿੰਗ ਵਿਚ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਹਿਮ ਵਿਚਾਰਾਂ ਕੀਤੀਆਂ ਗਈਆਂ।

Baljit Singh Daduwal

ਕਰਨਾਲ : ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਮੈਂਬਰ ਵਲੋਂ ਚੀਕਾ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਇਕ ਜ਼ਰੂਰੀ ਮੀਟਿੰਗ ਕੀਤੀ ਗਈ। ਇਸ ਵਿਚ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਕਰਨੈਲ ਸਿੰਘ ਨਿੰਮਨਾਬਾਦ, ਭਾਈ ਹਰਪਾਲ ਸਿੰਘ ਪਾਲੀ ਮਛੌਂਡਾ, ਭਾਈ ਜਸਬੀਰ ਸਿੰਘ ਭਾਟੀ ਚਾਰੇ ਕਾਰਜਕਰਨੀ ਮੈਂਬਰ ਭਾਈ ਚੰਨਦੀਪ ਸਿੰਘ ਖੁਰਾਣਾ, ਭਾਈ ਅਪਾਰ ਸਿੰਘ ਕਿਸ਼ਨਗੜ੍ਹ, ਭਾਈ ਗੁਰਚਰਨ ਸਿੰਘ ਚੀਮੋਂ ਮੈਂਬਰ ਹਰਿਆਣਾ ਕਮੇਟੀ ਹਾਜ਼ਰ ਸਨ।

ਮੀਟਿੰਗ ਵਿਚ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਹਿਮ ਵਿਚਾਰਾਂ ਕੀਤੀਆਂ ਗਈਆਂ। ਹਾਜ਼ਰ ਮੈਂਬਰ ਸਹਿਬਾਨ ਵਲੋਂ ਇਕਮਤ ਹੋ ਕੇ ਕਿਹਾ ਗਿਆ ਕਿ ਹਰਿਆਣਾ ਸਟੇਟ ਵਿਚ ਸਥਿਤ ਗੁਰਦਵਾਰਿਆਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ 2014 ਵਿਚ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਨਿਰਮਾਣ ਕੀਤਾ ਗਿਆ ਸੀ ਅਤੇ ਬਾਦਲਾਂ ਕੋਲੋਂ ਕੁੱਝ ਗੁਰਦਵਾਰਿਆਂ ਦਾ ਪ੍ਰਬੰਧ ਖੋਹ ਕੇ ਹਰਿਆਣੇ ਦੇ ਸਿੱਖਾਂ ਹਵਾਲੇ ਕੀਤਾ ਗਿਆ ਸੀ ਤਾਕਿ ਗੁਰੂ ਕੀ ਗੋਲਕ ਦੀ ਦੁਰਵਰਤੋਂ ਨਾ ਹੋ ਸਕੇ ਅਤੇ ਪੂਰੇ ਹਰਿਆਣਾ ਪ੍ਰਦੇਸ਼ ਵਿਚ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਚਲਾਇਆ ਜਾ ਸਕੇ।

ਹਾਜ਼ਰ ਮੈਂਬਰ ਸਾਹਿਬਾਨ ਨੇ ਇਸ ਗੱਲ 'ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਕਮੇਟੀ ਵਲੋਂ ਧਰਮ ਪ੍ਰਚਾਰ ਵਿੰਗ ਤਾਂ ਬਣਾਇਆ ਗਿਆ ਪਰ ਹੁਣ ਤਕ ਧਰਮ ਪ੍ਰਚਾਰ ਦੇ ਕਾਰਜ ਮਨਫ਼ੀ ਰਹੇ ਹਨ। ਸ਼੍ਰੋਮਣੀ ਕਮੇਟੀ ਵਲੋਂ ਸੁਪਰੀਮ ਕੋਰਟ ਵਿਚ ਪਾਏ ਹਰਿਆਣਾ ਕਮੇਟੀ ਦੇ ਕੇਸ ਦੀ ਪੈਰਵਾਈ ਵੀ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਇਹ ਕੇਸ ਪਿਛਲੇ ਪੰਜ ਸਾਲਾਂ ਤੋਂ ਅਦਾਲਤ ਵਿਚ ਲਟਕ ਰਿਹਾ ਹੈ। ਹਰਿਆਣਾ ਕਮੇਟੀ ਦੇ ਕੁੱਝ ਅਹੁਦੇਦਾਰਾਂ ਵਲੋਂ ਗੁਰੂ ਕੀ ਗੋਲਕ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਵਿਧਾਨ ਦੇ ਉਲਟ ਕਈ ਬੇਨਿਯਮੀਆਂ ਵੀ ਸਾਹਮਣੇ ਆਈਆਂ ਹਨ।

ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਵੱਡੇ ਪੱਧਰ 'ਤੇ ਮਨਾਉਣ ਦਾ ਵੀ ਫ਼ੈਸਲਾ ਕੀਤਾ ਗਿਆ ਜਿਸ ਵਿਚ ਸਾਰੇ ਹਰਿਆਣਾ ਪ੍ਰਦੇਸ਼ ਤੋਂ ਸ਼ਰਧਾਲੂ ਸੰਗਤਾਂ ਸ਼ਮੂਲੀਅਤ ਕਰ ਸਕਣ। ਇਸ ਸਮੇਂ ਐਡਵੋਕੇਟ ਅੰਗਰੇਜ਼ ਸਿੰਘ ਪੰਨੂ, ਭਾਈ ਨਰਿੰਦਰ ਸਿੰਘ, ਭਾਈ ਗੁਰਸੇਵਕ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਗੁਰਦੀਪ ਸਿੰਘ ਆਦਿ ਵੀ ਹਾਜ਼ਰ ਸਨ।