ਹਾਈ ਕੋਰਟ ਨੇ ਜੋ ਸਵਾਲ ਪੁੱਛੇ ਹਨ, ਉਨ੍ਹਾਂ ਦਾ ਸ਼੍ਰੋਮਣੀ ਕਮੇਟੀ ਕੋਲ ਨਹੀਂ ਕੋਈ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਮਾਮਲਾ ਸ਼੍ਰੋਮਣੀ ਕਮੇਟੀ ਲਈ ਗਲੇ ਦੀ ਹੱਡੀ ਬਣਿਆ

Sikh Reference Library

ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ
ਅੰਮ੍ਰਿਤਸਰ (ਚਰਨਜੀਤ ਸਿੰਘ): ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਤੋਂ ਬਾਅਦ ਲੁੱਟੀ ਗਈ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਮਾਮਲਾ ਸ਼੍ਰੋਮਣੀ ਕਮੇਟੀ ਲਈ ਗਲੇ ਦੀ ਹੱਡੀ ਬਣ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਦੇ ਫ਼ੌਜੀ ਹਮਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਪੰਥ ਨੂੰ ਜਾਣਕਾਰੀ ਦਿਤੀ ਸੀ ਕਿ ਹਮਲਾਵਾਰ ਫ਼ੌਜੀ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚੋਂ ਕਿਤਾਬਾਂ ਲੈ ਗਏ ਸਨ, ਜੋ ਵਾਪਸ ਨਹੀਂ ਮਿਲੀਆਂ।

ਕਰੀਬ 35 ਸਾਲ ਤਕ ਹਰ ਸਾਲ 6 ਜੂਨ ਤੇ ਸ਼੍ਰੋਮਣੀ ਕਮੇਟੀ ਇਸ ਮਾਮਲੇ ਨੂੰ ਸਿੱਖ ਸੰਗਤਾਂ ਤਕ ਪੇਸ਼ ਕਰ ਕੇ ਸਿੱਖ ਭਾਵਨਾਵਾਂ ਨੂੰ ਕੈਸ਼ ਕਰਦੀ ਰਹੀ। ਪਰ ਜਦ ਰੋਜ਼ਾਨਾ ਸਪੋਕਸਮੈਨ ਨੇ ਇਸ ਮਾਮਲੇ 'ਤੇ ਸਬੂਤ ਪੇਸ਼ ਕਰ ਕੇ ਦਸਿਆ ਕਿ ਸਮਾਨ ਤਾਂ ਫ਼ੌਜ ਨੇ ਕਿਸ਼ਤਾਂ ਵਿਚ ਵਾਪਸ ਦੇ ਦਿਤਾ ਸੀ ਤਾਂ ਇਸ ਦੀ ਵੀ ਜਾਂਚ ਕਰਨ ਲਈ ਵੀ ਇਕ ਸਬ ਕਮੇਟੀ ਬਣਾ ਦਿਤੀ ਸੀ ਜਿਸ ਦਾ ਹਾਲੇ ਤਕ ਕੋਈ ਨਤੀਜਾ ਸਾਹਮਣੇ ਨਹੀਂ ਆਇਆ।

ਰੋਜ਼ਾਨਾ ਸਪੋਕਸਮੈਨ ਨੇ ਜਦ ਸਬੂਤ ਜਨਤਾ ਦੀ ਕਚਹਿਰੀ ਵਿਚ ਰਖੇ ਤਾਂ ਸ਼੍ਰੋਮਣੀ ਕਮੇਟੀ ਨੇ ਅਧਮੰਨੇ ਮਨ ਨਾਲ ਸਵੀਕਾਰ ਕੀਤਾ ਸੀ ਕਿ ਫ਼ੌਜ ਨੇ ਸਮਾਨ ਤਾਂ ਦੇ ਦਿਤਾ ਸੀ ਪਰ ਸਾਰਾ ਨਹੀਂ ਮਿਲਿਆ, ਰੈਫ਼ਰੈਂਸ ਲਾਇਬ੍ਰੇਰੀ ਦਾ ਕੁੱਝ ਹਿੱਸਾ ਹਾਲੇ ਤਕ ਮਿਲਿਆ ਹੈ। ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਤੋਂ ਹਾਸਲ ਜਾਣਕਾਰੀ ਮੁਤਾਬਕ ਇਹ ਸਮਾਨ ਪ੍ਰਬੰਧਕੀ ਅਣਗਿਹਲੀ ਕਾਰਨ ਉਨ੍ਹਾਂ ਕਿਤਾਬਾਂ ਦਾ ਹਾਲੇ ਤਕ ਕੁੱਝ ਵੀ ਪਤਾ ਨਹੀਂ ਲੱਗ ਰਿਹਾ।

ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਹੈ ਤੇ ਹਾਈ ਕੋਰਟ ਨੇ ਜੋ ਸਵਾਲ ਪੁੱਛੇ ਹਨ ਸ਼੍ਰੋਮਣੀ ਕਮੇਟੀ ਕੋਲ ਉਨ੍ਹਾਂ ਦਾ ਕੋਈ ਜਵਾਬ ਨਹੀਂ ਹੈ। ਸ਼੍ਰੋਮਣੀ ਕਮੇਟੀ ਕੋਲੋਂ ਹਾਈ ਕੋਰਟ ਨੇ ਪੁਛਿਆ ਹੈ ਕਿ ਕਮੇਟੀ ਅਦਾਲਤ ਨੂੰ ਦਸੇ ਕਿ ਜੂਨ 1984 ਦੇ ਫ਼ੌਜੀ ਹਮਲੇ ਤੇ ਪਹਿਲਾਂ ਸਿੱਖ ਰੈਫ਼ਰੈਂਸ ਵਿਚ ਕਿੰਨੀਆਂ ਤੇ ਕਿਹੜੀਆਂ ਕਿਤਾਬਾਂ ਸਨ।

ਅਦਾਲਤ ਨੇ ਇਹ ਵੀ ਪੁਛਿਆ ਹੈ ਕਿ ਅਦਾਲਤ ਨੂੰ ਦੂਜੀ ਧਿਰ ਵਲੋਂ ਇਕ ਕਿਤਾਬਾਂ ਦੀ ਸੂਚੀ ਪੇਸ਼ ਕੀਤੀ ਗਈ ਹੈ ਕੀ ਉਹ ਕਿਤਾਬਾਂ ਵਾਪਸ ਮਿਲ ਗਈਆਂ ਹਨ ਜੇ ਮਿਲ ਚੁੱਕੀਆਂ ਹਨ ਤਾਂ ਕਿਥੇ ਤੇ ਕਿਸ ਹਾਲਤ ਵਿਚ ਹਨ? ਇਹ ਸਵਾਲ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਉਨ੍ਹਾਂ ਦੀ ਟੀਮ ਲਈ ਚੁਨੌਤੀ ਹਨ ਕਿਉਂਕਿ ਜਦ ਪੰਜ ਪਿਆਰਿਆਂ ਦੀ ਸੇਵਾ ਕਰਨ ਵਾਲੇ ਭਾਈ ਸਤਨਾਮ ਸਿੰਘ ਖੰਡਾ ਨੇ ਅਦਾਲਤ ਵਿਚ ਕੇਸ ਦਾਇਰ ਕੀਤਾ ਸੀ ਤਾਂ ਸ਼੍ਰੋਮਣੀ ਕਮੇਟੀ ਨੇ ਅਦਾਲਤ ਵਿਚ ਪੱਤਰ ਦੇ ਕੇ ਖ਼ੁਦ ਨੂੰ ਧਿਰ ਬਣਾਏ ਜਾਣ ਲਈ ਕਿਹਾ ਸੀ।

ਜਿਸ ਤੋਂ ਬਾਅਦ ਜੋ ਫ਼ੈਸਲਾ ਆਇਆ ਸੀ ਉਸ 'ਤੇ ਅਮਲ ਨਾ ਹੋ ਸਕਿਆ। ਇਹ ਫ਼ੈਸਲਾ ਸਾਲ 2004 ਵਿਚ ਆ ਗਿਆ ਸੀ। ਹੁਣ ਦੇਖਣਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਜੋ ਖ਼ੁਦ 1984 ਦੇ ਫ਼ੌਜੀ ਹਮਲੇ ਦੇ ਪ੍ਰਭਾਵਤ ਹਨ ਇਸ ਸੰਵੇਦਨਸ਼ੀਲ ਮਾਮਲੇ 'ਤੇ ਕੀ ਰੋਲ ਅਖ਼ਤਿਆਰ ਕਰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।