ਸ਼੍ਰੋਮਣੀ ਕਮੇਟੀ ਦੀ ਅਣਗਹਿਲੀ ਸਦਕਾ ਭੁੱਖੀਆਂ-ਪਿਆਸੀਆਂ ਸੰਗਤਾਂ ਪੁੱਜੀਆਂ ਪਾਕਿਸਤਾਨ : ਬਰਾੜ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਸ਼੍ਰੋਮਣੀ ਕਮੇਟੀ ਦੇ ਜਥੇਦਾਰ ਪੰਥ ਦੀ ਕਰਵਾ ਰਹੇ ਹਨ ਬਦਨਾਮੀ

SGPC

ਕੋਟਕਪੂਰਾ (ਗੁਰਿੰਦਰ ਸਿੰਘ) : 1200 ਕਰੋੜ ਰੁਪਏ ਸਾਲਾਨਾ ਆਮਦਨ ਦਾ ਹਰ ਸਾਲ ਬਜਟ ਪੇਸ਼ ਕਰਨ ਅਤੇ ਪੰਥਕ ਪ੍ਰੰਪਰਾਵਾਂ ਦੀ ਪਹਿਰੇਦਾਰੀ ਕਰਨ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਦੀ ਅਸਲੀਅਤ ਉਸ ਵੇਲੇ ਸਾਹਮਣੇ ਆ ਗਈ, ਜਦੋਂ ਪਾਕਿਸਤਾਨ ਜਾਣ ਵਾਲੀ ਸੰਗਤ ਨੂੰ ਸ਼੍ਰੋਮਣੀ ਕਮੇਟੀ ਦੀ ਅਣਗਹਿਲੀ ਤੇ ਲਾਪ੍ਰਵਾਹੀ ਕਾਰਨ ਮੁਸ਼ਕਲਾਂ, ਸਮੱਸਿਆਵਾਂ, ਪ੍ਰੇਸ਼ਾਨੀਆਂ ਸਮੇਤ ਜ਼ਲਾਲਤ ਦਾ ਸਾਹਮਣਾ ਕਰਨਾ ਪਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਜੀਤ ਸਿੰਘ ਬਰਾੜ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਕੋਟਕਪੂਰਾ ਨੇ ਦਸਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ 'ਚ ਪਾਕਿਸਤਾਨ ਜਾਣ ਲਈ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੇ ਪਾਸਪੋਰਟ ਲਗਭਗ 3 ਮਹੀਨੇ ਪਹਿਲਾਂ ਹੀ ਜਮ੍ਹਾਂ ਕਰ ਲਏ, ਵੀਜ਼ਾ ਫ਼ੀਸ ਜਾਂ ਜਾਣ ਦੇ ਪ੍ਰੋਗਰਾਮ ਸਬੰਧੀ ਸ਼੍ਰੋਮਣੀ ਕਮੇਟੀ ਨੇ ਜਾਣਕਾਰੀ ਤਾਂ ਕੀ ਦੇਣੀ ਸੀ ਸਗੋਂ ਯਾਤਰੂਆਂ ਨੇ ਖ਼ੁਦ ਵਾਰ-ਵਾਰ ਫ਼ੋਨ ਕਰ ਕੇ ਫ਼ੀਸ ਜਮ੍ਹਾਂ ਕਰਾਉਣ, ਵੀਜ਼ਾ ਫ਼ਾਰਮ ਸਕੈਨ ਅਤੇ ਹੋਰ ਕਈ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕੀਤੀ।

ਉਨ੍ਹਾਂ ਦਸਿਆ ਕਿ ਦਿਤੇ ਸਮੇਂ ਮੁਤਾਬਕ ਸਾਰੇ ਯਾਤਰੀ 4 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਪਹੁੰਚ ਗਏ ਪਰ ਉਨ੍ਹਾਂ ਨੂੰ ਜਾਣਕਾਰੀ ਮੁਹਈਆ ਕਰਵਾਉਣ ਲਈ ਉਥੇ ਕੋਈ ਵੀ ਹਾਜ਼ਰ ਨਹੀਂ ਸੀ। ਅਪਣੇ ਤੌਰ 'ਤੇ ਦਰਬਾਰ ਸਾਹਿਬ ਤੋਂ 32 ਕਿਲੋਮੀਟਰ ਦਾ ਰਸਤਾ ਤਹਿ ਕਰ ਕੇ ਯਾਤਰੀ ਅਟਾਰੀ ਬਾਰਡਰ ਵਿਖੇ ਪੁੱਜੇ। ਉਥੇ ਫਿਰ ਸ਼੍ਰੋਮਣੀ ਕਮੇਟੀ ਦਾ ਕੋਈ ਅਹੁਦੇਦਾਰ, ਮੁਲਾਜ਼ਮ ਜਾਂ ਜਥੇਦਾਰ ਨਾ ਹੋਣ ਕਰ ਕੇ ਸੰਗਤਾਂ ਨੂੰ ਪ੍ਰੇਸ਼ਾਨ ਹੋਣਾ ਪਿਆ।

ਬਲਜੀਤ ਸਿੰਘ ਬਰਾੜ ਅਨੁਸਾਰ ਸਵੇਰ ਦੇ ਭੁੱਖੇ ਪਿਆਸੇ ਸ਼ਰਧਾਲੂਆਂ ਨੂੰ ਪਾਕਿਸਤਾਨ ਵਿਖੇ ਪੁੱਜ ਕੇ ਕਰੀਬ 3:00 ਵਜੇ ਪਾਣੀ ਨਸੀਬ ਹੋਇਆ ਤੇ ਉਸ ਤੋਂ ਬਾਅਦ ਪਾਕਿਸਤਾਨ ਦੇ ਵਸਨੀਕਾਂ ਨੇ ਸ਼ਰਧਾਲੂਆਂ ਦੀ ਮਹਿਮਾਨ ਨਿਵਾਜ਼ੀ ਵਿਚ ਕੋਈ ਕਸਰ ਬਾਕੀ ਨਾ ਛੱਡੀ। ਬਲਜੀਤ ਸਿੰਘ ਨੇ ਦਸਿਆ ਕਿ ਪਾਕਿਸਤਾਨ ਦੇ ਵੱਖ-ਵੱਖ ਗੁਰਧਾਮਾਂ 'ਚ ਕਾਫ਼ਲੇ ਦੇ ਪਹੁੰਚਦਿਆਂ ਹੀ ਮਹਿਮਾਨ ਨਿਵਾਜ਼ੀ ਸ਼ੁਰੂ ਹੋ ਜਾਂਦੀ ਹੈ ਤੇ ਕਾਫ਼ਲੇ ਦੀ ਰਵਾਨਗੀ ਤਕ ਉਹ ਲੋਕ ਪਿਆਰ ਤੇ ਸਤਿਕਾਰ ਦਾ ਹੜ੍ਹ ਲਿਆ ਦਿੰਦੇ ਹਨ।

ਉਨ੍ਹਾਂ ਦਸਿਆ ਕਿ ਪਾਕਿਸਤਾਨ 'ਚ ਮੁਸਲਿਮ ਭਾਈਚਾਰੇ ਦੇ ਨਾਲ-ਨਾਲ ਸਿੱਖ ਅਤੇ ਹਿੰਦੂ ਪਰਵਾਰਾਂ ਨੇ ਵੀ ਸੰਗਤਾਂ ਦੀ ਰੱਜ ਕੇ ਸੇਵਾ ਕੀਤੀ। ਪਰ ਵਾਪਸੀ ਮੌਕੇ ਫਿਰ ਸ਼੍ਰੋਮਣੀ ਕਮੇਟੀ ਦੀ ਅਣਗਹਿਲੀ ਕਰ ਕੇ ਅਪਣੇ ਦੇਸ਼ 'ਚ ਦਾਖ਼ਲ ਹੁੰਦਿਆਂ ਹੀ ਜ਼ਲਾਲਤ ਦਾ ਦੌਰ ਸ਼ੁਰੂ ਹੋ ਗਿਆ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਦੁਰਪ੍ਰਬੰਧਾਂ ਦੀ ਨੁਕਤਾਚੀਨੀ ਕਰਦਿਆਂ ਆਖਿਆ ਕਿ ਜੇਕਰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਅਪਣੀ ਜ਼ਿੰਮੇਵਾਰੀ ਸਮਝਣ ਨੂੰ ਤਿਆਰ ਨਹੀਂ ਤਾਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ 'ਤੇ ਅਧਿਕਾਰ ਵੀ ਨਹੀਂ ਰਖਣਾ ਚਾਹੀਦਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।