'ਪਾਕਿ ਦੇ ਖੰਡਰ ਹੋ ਚੁਕੇ 150 ਇਤਿਹਾਸਕ ਗੁਰਦਵਾਰਿਆਂ ਦਾ ਪ੍ਰਬੰਧ ਸਿੱਖਾਂ ਹਵਾਲੇ ਕੀਤਾ ਜਾਵੇ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮਨਜੀਤ ਸਿੰਘ ਜੀ.ਕੇ. ਨੇ ਮੰਗ ਕੀਤੀ ਹੈ ਕਿ ਪਾਕਿਸਤਾਨ ਵਿਚਲੇ ਖੰਡਰ ਹੋ ਚੁਕੇ ਤਕਰੀਬਨ 150 ਇਤਿਹਾਸਕ ਗੁਰਦਵਾਰਿਆਂ ਤੇ ਹਿੰਦੂ ਮੰਦਰਾਂ ਦੀ ਸਾਂਭ ਸੰਭਾਲ ਕੀਤੀ ਜਾਵੇ।

Manjit GK

ਨਵੀਂ ਦਿੱਲੀ (ਅਮਨਦੀਪ ਸਿੰਘ): ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਮੋਦੀ ਸਰਕਾਰ ਤੇ ਇਮਰਾਨ ਖ਼ਾਨ ਸਰਕਾਰ ਦੇ ਰੋਲ ਨੂੰ ਇਤਿਹਾਸਕ ਦੱਸਦੇ ਹੋਏ 'ਜਾਗੋ' ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਮੰਗ ਕੀਤੀ ਹੈ ਕਿ ਪਾਕਿਸਤਾਨ ਵਿਚਲੇ ਖੰਡਰ ਹੋ ਚੁਕੇ ਤਕਰੀਬਨ 150 ਇਤਿਹਾਸਕ ਗੁਰਦਵਾਰਿਆਂ ਤੇ ਹਿੰਦੂ ਮੰਦਰਾਂ ਦੀ ਸਾਂਭ ਸੰਭਾਲ ਕੀਤੀ ਜਾਵੇ।

ਉਹਨਾਂ ਕਿਹਾ ਈਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੀ ਬਜਾਏ ਇਨ੍ਹਾਂ ਗੁਰਦਵਾਰਿਆਂ ਦਾ ਪ੍ਰਬੰਧ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਹਵਾਲੇ ਕੀਤਾ ਜਾਵੇ ਕਿਉਂਕਿ ਜ਼ਮੀਨ ਮਾਫ਼ੀਆ ਦੀ ਗੰਢਤੁਪ ਨਾਲ ਗੁਰਦਵਾਰਿਆਂ/ਮੰਦਰਾਂ 'ਤੇ ਕਬਜ਼ੇ ਹੋ ਰਹੇ  ਹਨ, ਜੋ ਡਾਢੀ ਚਿੰਤਾ ਦੀ ਗੱਲ ਹੈ।

ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਲਿਖੀ ਚਿੱਠੀ,  ਦਿੱਲੀ ਵਿਚਲੇ ਪਾਕਿਸਤਾਨੀ ਸਫ਼ਾਰਤਖ਼ਾਨੇ ਵਿਚ ਦੇਣ ਪਿਛੋਂ ਇਥੇ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਸ.ਜੀ.ਕੇ. ਨੇ ਕਿਹਾ, “ਮੋਦੀ ਸਰਕਾਰ ਤੇ ਵਿਦੇਸ਼ ਮੰਤਰਾਲੇ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਮੁੱਦੇ ਨੂੰ ਪਹਿਲ ਦੇ ਆਧਾਰ 'ਤੇ ਚੁਕ ਕੇ, ਸਿੱਖਾਂ ਦੇ ਪਾਕਿਸਤਾਨ ਵਿਚਲੇ ਗੁਰਦਵਾਰਿਆਂ ਦੇ ਨਾਲ ਹਿੰਦੂ ਮੰਦਰਾਂ ਦੀ ਸਲਾਮਤੀ ਵੱਲ ਕਦਮ ਪੁੱਟੇ।''

ਉਨ੍ਹਾਂ ਸਿੰਗਾਪੁਰ ਵਸਦੇ ਲਿਖਾਰੀ ਸ.ਅਮਰਦੀਪ ਸਿੰਘ ਵਲੋਂ ਪਾਕਿਸਤਾਨ ਦੇ ਗੁਰਦਵਾਰਿਆਂ ਤੇ ਵਿਰਾਸਤੀ ਨਿਸ਼ਾਨੀਆਂ ਦੀ ਖੋਜ ਕਰ ਕੇ, ਤਿਆਰ ਕੀਤੀ ਗਈ ਕਿਤਾਬ ਵਿਚੋਂ ਖੰਡਰ ਹੋ ਚਕੇ ਗੁਰਦਵਾਰਿਆਂ ਦੀਆਂ ਤਸਵੀਰਾਂ ਵੀ ਮੀਡੀਆ ਨਾਲ ਸਾਂਝੀਆਂ ਕੀਤੀਆਂ ਤੇ ਪੁਛਿਆ, “ਜਦ ਸਾਲ 2000 ਵਿਚ ਪਾਕਿਸਤਾਨ ਗੁਰਦਵਾਰਾ ਕਮੇਟੀ ਕਾਇਮ ਕੀਤੀ ਜਾ ਚੁਕੀ ਹੈ ਤਾਂ ਫਿਰ ਕਿਉਂ ਨਹੀਂ ਸਾਰੇ ਗੁਰਦਵਾਰਿਆਂ ਦਾ ਪ੍ਰਬੰਧ ਇਸ ਕਮੇਟੀ ਨੂੰ ਸੌਂਪ ਦਿਤਾ ਜਾਂਦਾ ਹੈ। 

ਈਵੈਕਿਊ ਟਰੱਸਟ ਦੀ ਅਧੀਨਗੀ ਤੋਂ ਕੱਢ ਕੇ ਗੁਰਦਵਾਰਿਆਂ ਦੀ ਮਲਕੀਅਤ ਗੁਰੂ ਗ੍ਰੰਥ ਸਾਹਿਬ ਜੋ ਸਿੱਖਾਂ ਦੇ ਜਿਊਂਦੇ ਜਾਗਦੇ ਗੁਰੂ ਹਨ, ਦੇ ਨਾਂਅ ਕਰ ਦਿਤੀ ਜਾਂਦੀ ਕਿਉਂਕਿ ਬੋਰਡ ਦੇ ਵੱਢੀਆਂ ਲੈਣ ਵਿਚ ਗਲਤਾਨ ਹੋਣ ਬਾਰੇ ਪਾਕਿਸਤਾਨੀ ਸੁਪਰੀਮ ਕੋਰਟ 2017 ਵਿਚ ਆਖ ਚੁਕੀ ਹੈ ਜਿਸ ਕਰ ਕੇ,  ਵੱਢੀਖੌਰ ਅਫ਼ਸਰਾਂ ਦੀ ਗੰਢਤੁਪ ਨਾਲ ਕਾਲੀ ਬਾੜੀ ਮੰਦਰ ਦੀ ਜ਼ਮੀਨ 'ਤੇ ਇਕ ਮਾਲ ਬਣਾ ਦਿਤਾ ਗਿਆ ਹੈ, ਜੋ ਘੱਟ ਗਿਣਤੀਆਂ ਨਾਲ ਧੱਕਾ ਹੈ। ਇਸ ਮੌਕੇ ਪਾਰਟੀ ਦੇ ਬੁਲਾਰੇ ਸ.ਪਰਮਿੰਦਰਪਾਲ ਸਿੰਘ, ਦਿੱਲੀ ਕਮੇਟੀ ਮੈਂਬਰ ਸ.ਹਰਜੀਤ ਸਿੰਘ ਜੀ ਕੇ ਤੇ ਹੋਰ ਵੀ ਸ਼ਾਮਲ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।