ਸੱਜਣ ਕੁਮਾਰ ਦਾ ਹੋਇਆ 'ਝੂਠ' ਫੜਨ ਦਾ ਟੈਸਟ, ਨਾਰਕੋ ਟੈਸਟ ਦੀ ਮੰਗ
ਸਿੱਖ ਕਤਲੇਆਮ ਦੇ ਮੁਖ ਦੋਸ਼ੀ ਸੱਜਣ ਕੁਮਾਰ ਦਾ ਅੱਜ ਇਥੋਂ ਦੀ ਸੈਂਟਰਲ ਫ਼ਾਰੈਂਸਿਕ ਸਾਇੰਸ ਲੈਬ (ਸੀਐਫਐਸਐਲ) ਵਿਚ ਝੂਠ ਫੜਨ ਦਾ ਟੈਸਟ ਕੀਤਾ ਗਿਆ।ਇਥੋਂ ...
ਨਵੀਂ ਦਿੱਲੀ: ਸਿੱਖ ਕਤਲੇਆਮ ਦੇ ਮੁਖ ਦੋਸ਼ੀ ਸੱਜਣ ਕੁਮਾਰ ਦਾ ਅੱਜ ਇਥੋਂ ਦੀ ਸੈਂਟਰਲ ਫ਼ਾਰੈਂਸਿਕ ਸਾਇੰਸ ਲੈਬ (ਸੀਐਫਐਸਐਲ) ਵਿਚ ਝੂਠ ਫੜਨ ਦਾ ਟੈਸਟ ਕੀਤਾ ਗਿਆ।ਇਥੋਂ ਦੇ ਸੀਜੀਉ ਕੰਪਲੈਕਸ, ਲੋਧੀ ਰੋਡ ਵਿਖੇ ਸੀਬੀਆਈ ਦਫ਼ਤਰ ਵਿਖੇ ਬਣੀ ਲੈਬ ਵਿਚ ਸੱਜਣ ਕੁਮਾਰ ਤੋਂ ਸਵੇਰੇ ਤਕਰੀਬਨ 11:30 ਤੋਂ 1:30 ਵਜੇ ਤਕ ਪੁੱਛ-ਪੜਤਾਲ ਕੀਤੀ ਗਈ। ਸੱਜਣ ਕੁਮਾਰ ਦੀ ਸਹਿਮਤੀ ਪਿਛੋਂ ਅੱਜ ਤੋਂ ਪੰਦਰਾਂ ਦਿਨ ਪਹਿਲਾਂ ਇਥੋਂ ਦੀ ਦਵਾਰਕਾ ਅਦਾਲਤ ਵਲੋਂ ਸੱਜਣ ਕੁਮਾਰ ਦਾ ਲਾਈ ਡਿਟੈਕਟਰ ਟੈਸਟ ਕਰਵਾਉਣ ਦੀ ਹਦਾਇਤ ਦਿਤੀ ਗਈ ਸੀ।
ਯਾਦ ਰਹੇ ਕਿ ਇਸੇ ਮਾਮਲੇ ਵਿਚ ਸੱਜਣ ਕੁਮਾਰ ਨੇ ਪਹਿਲਾਂ ਦਵਾਰਕਾ ਅਦਾਲਤ ਤੇ ਪਿਛੋਂ ਦਿੱਲੀ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਲਈ ਹੋਈ ਹੈ। ਸੱਜਣ ਕੁਮਾਰ 'ਤੇ ਦੋਸ਼ ਹੈ ਕਿ ਨਵੰਬਰ 1984 ਵਿਚ ਉਸ ਨੇ ਦਿੱਲੀ ਦੇ ਉਤਮ ਨਗਰ ਵਿਚਲੇ ਗ਼ੁਲਾਬ ਬਾਗ਼ ਇਲਾਕੇ ਵਿਖੇ ਭੀੜ ਦੀ ਅਗਵਾਈ ਕੀਤੀ ਸੀ। ਭੀੜ ਨੇ ਚਸ਼ਮਦੀਦ ਹਰਵਿੰਦਰ ਸਿੰਘ ਕੋਹਲੀ, ਜੋ ਹੁਣ ਪੰਜਾਬ ਦੇ ਡੇਰਾਬੱਸੀ ਵਿਖੇ ਰਹਿੰਦੇ ਹਨ, ਦੇ ਪਿਤਾ ਸੋਹਨ ਸਿੰਘ ਅਤੇ ਜੀਜਾ ਅਵਤਾਰ ਸਿੰਘ ਨੂੰ ਕਤਲ ਕਰ ਦਿਤਾ ਸੀ।
ਗਵਾਂਢੀ ਗੁਰਚਰਨ ਸਿੰਘ ਨੂੰ ਸਾੜਿਆ ਗਿਆ ਸੀ ਜਿਸ ਕਰ ਕੇ ਉਹ 29 ਸਾਲ ਬਿਸਤਰੇ 'ਤੇ ਹੀ ਰਹੇ ਤੇ ਅੱਜ ਤੋਂ ਤਿੰਨ ਸਾਲ ਪਹਿਲਾਂ ਉਨ੍ਹਾਂ ਦੀ ਮੌਤ ਹੋ ਗਈ ਸੀ। ਭੀੜ ਨੇ ਕੋਹਲੀ ਨੂੰ ਵੀ ਬੁਰੀ ਤਰ੍ਹਾਂ ਮਾਰਿਆ ਸੀ ਤੇ ਉਨ੍ਹਾਂ ਨੂੰ ਮਰਿਆ ਹੋਇਆ ਸਮਝ ਕੇ, ਸੁੱਟ ਗਈ ਸੀ।ਅੱਜ 'ਸਪੋਕਸਮੈਨ' ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਪੀੜਤ ਹਰਵਿੰਦਰ ਸਿੰਘ ਕੋਹਲੀ ਨੇ ਕਿਹਾ ਕਿ 34 ਸਾਲ ਤੋਂ ਸੱਜਣ ਕੁਮਾਰ ਝੂਠ ਦੀ ਬੁਨਿਆਦ 'ਤੇ ਖੜਾ ਹੈ। ਉਨ੍ਹਾਂ ਨੂੰ ਸਿਸਟਮ 'ਤੇ ਭਰੋਸਾ ਹੈ ਕਿ ਇਸ ਦਾ ਗੁਨਾਹ ਜ਼ੂਰਰ ਬਾਹਰ ਆਏਗਾ। ਰੱਬ ਤੇ ਭਰੋਸਾ ਹੈ ਕਿ ਉਸ ਦੇ ਪਿਤਾ ਤੇ ਜੀਜਾ ਜੀ ਨੂੰ ਇਨਸਾਫ਼ ਦਾ ਮਿਲੇਗਾ।
ਇਸ ਮਾਮਲੇ ਵਿਚ 15 ਮਾਰਚ ਨੂੰ ਐਸਆਈਟੀ ਦੇ ਦਫ਼ਤਰ ਖ਼ਾਨ ਮਾਰਕਿਟ ਵਿਖੇ ਹਰਵਿੰਦਰ ਸਿੰਘ ਕੋਹਲੀ ਤੇ ਸੱਜਣ ਕੁਮਾਰ ਨੂੰ ਆਹਮੋਂ ਸਾਹਮਣੇ ਬਿਠਾ ਕੇ, ਡੇਢ ਘੰਟੇ ਤੱਕ ਪੁੜ ਪੜਤਾਲ ਕੀਤੀ ਗਈ ਸੀ। ਉਦੋਂ ਕੋਹਲੀ ਨੇ ਪੁੱਛ ਪੜਤਾਲ ਵਿਚਕਾਰ ਹੀ ਸੱਜਣ ਕੁਮਾਰ 'ਤੇ ਬਦਤਮੀਜ਼ੀ ਕਰਨ ਦਾ ਦੋਸ਼ ਲਾਇਆ ਸੀ। ਉਦੋਂ ਕੋਹਲੀ ਨੇ 'ਸਪੋਕਸਮੈਨ' ਨੂੰ ਦਸਿਆ ਸੀ ਕਿ ਉਨ੍ਹਾਂ ਪੜਤਾਲ ਵਿਚ ਅਫ਼ਸਰਾਂ ਨੂੰ ਕਿਹਾ ਸੀ ਕਿ ਸੱਜਣ ਕੁਮਾਰ ਹੀ ਭੀੜ ਦੀ ਅਗਵਾਈ ਕਰ ਰਿਹਾ ਸੀ।
ਇਸ ਵਿਚਕਾਰ ਅੱਜ ਲੋਧੀ ਰੋਡ ਵਿਖੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਮਹਿਕਮੇ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ, ਜੋ ਮਾਮਲੇ ਦੀ ਕਮੇਟੀ ਵਲੋਂ ਨਿਗਰਾਨੀ ਕਰ ਰਹੇ ਹਨ, ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਨਾਰੋਕੋ ਟੈਸਟ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ '84 ਵਿਚ ਕਤਲ ਕਰਨ ਦੇ ਬਹੁਤ ਸਾਰੇ ਮਾਮਲੇ ਹਨ ਜਿਨਾਂ ਦੀ ਸਚਾਈ ਸਾਹਮਣੇ ਆਉਣੀ ਚਾਹੀਦੀ ਹੈ।