ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਬਚਾਉਣ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਅਦਾਲਤ ਜਾਣ ਦੀ ਚਿਤਾਵਨੀ ਤੇ ਭੇਜਿਆ ਕਾਨੂੰਨੀ ਨੋਟਿਸ

Photo

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਇਕ ਪਾਸੇ ਜਿਥੇ ਸਮੁੱਚਾ ਸਿੱਖ ਜਗਤ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੰਦਰਵਾੜਾ ਜੋੜ ਮੇਲ ਕਰ ਸ਼ਰਧਾ ਭੇਟ ਕਰ ਰਿਹਾ ਹੈ ਉਥੇ ਹੀ ਦੂਜੇ ਪਾਸੇ ਮਾਤਾ ਗੁਜਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਸਿੱਖ ਪ੍ਰੰਪਰਾ ਮੁਤਾਬਕ ਅੰਤਮ ਸਸਕਾਰ ਕਰਨ ਲਈ ਜ਼ਮੀਨ 'ਤੇ ਸੋਨੇ ਦੀਆਂ ਅਸ਼ਰਫ਼ੀਆਂ ਵਿਛਾਉਣ ਵਾਲੇ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਬੇਕਦਰੀ ਦਾ ਸ਼ਿਕਾਰ ਹੈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹਰੀ ਚੰਦ ਅਰੋੜਾ ਨੇ ਇਸ ਮੁੱਦੇ 'ਤੇ ਜਨਹਿਤ ਪਟੀਸ਼ਨ ਦਾਇਰ ਹਾਈ ਕੋਰਟ ਜਾਣ ਦੀ ਚਿਤਾਵਨੀ ਦਿਤੀ ਹੈ। ਉਨ੍ਹਾਂ ਇਸ ਬਾਰੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅੱਜ ਤੋਂ ਇਕ ਮਹੀਨੇ ਦੇ ਅਲਟੀਮੇਟਮ ਉਤੇ ਕਾਨੂੰਨੀ ਨੋਟਿਸ ਭੇਜਿਆ ਹੈ। ਨੋਟਿਸ ਤਹਿਤ ਕਿਹਾ ਗਿਆ ਹੈ ਕਿ ਦੀਵਾਨ ਟੋਡਰ ਮੱਲ ਨੇ ਸੂਬਾ ਸਰਹੰਦ ਵਜ਼ੀਰ ਖ਼ਾਨ ਨੂੰ ਮਾਤਾ ਗੁਜਰੀ ਜੀ ਤੇ ਨਿੱਕੇ ਸਾਹਿਬਜ਼ਾਦਿਆਂ ਦੇ ਅੰਤਮ ਸਸਕਾਰ ਲਈ ਸੋਨੇ ਦੀਆਂ ਅਸ਼ਰਫ਼ੀਆਂ ਅਤੇ ਸਿੱਕੇ ਖੜੇ ਰੂਪ ਵਿਚ ਜ਼ਮੀਨ 'ਤੇ ਵਿਛਾ ਕੇ ਜ਼ਮੀਨ ਖ਼ਰੀਦੀ ਸੀ।

ਇੰਨਾ ਹੀ ਨਹੀਂ ਵਜ਼ੀਰ ਖ਼ਾਨ ਨੇ ਮਗਰੋਂ ਦੀਵਾਨ ਟੋਡਰ ਮੱਲ ਨੂੰ ਪਰਵਾਰ ਸਣੇ ਜਹਾਜ਼ ਹਵੇਲੀ ਵਿਚੋਂ ਵੀ ਬਾਹਰ ਕੱਢ ਦਿਤਾ ਸੀ। ਨੋਟਿਸ ਤਹਿਤ ਕਿਹਾ ਗਿਆ ਹੈ ਕਿ ਦੀਵਾਨ ਟੋਡਰ ਮੱਲ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਵਿਚ ਅਤਿ ਸਤਿਕਾਰਤ ਇਤਿਹਾਸਕ ਸ਼ਖ਼ਸੀਅਤ ਹਨ। ਕਿਹਾ ਗਿਆ ਹੈ ਕਿ ਦੀਵਾਨ ਟੋਡਰ ਮੱਲ ਦੀ ਸਰਹੰਦ ਸਥਿਤ ਪੁਰਾਤਨ ਹਵੇਲੀ ਇਤਿਹਾਸਕ ਅਤੇ ਧਾਰਮਕ ਮਹੱਤਤਾ ਰੱਖਦੀ ਹੈ।

ਕਿਹਾ ਗਿਆ ਹੈ ਕਿ ਸਾਲ 2016-17 ਦੌਰਾਨ ਇਸ ਦੀ ਸਾਂਭ ਸੰਭਾਲ ਦਾ ਜਿੰਮਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸੌਂਪਿਆ ਗਿਆ। ਕਿਹਾ ਗਿਆ ਕਿ ਜਿਸ ਕੀੜੀ ਚਾਲ ਸਾਂਭ ਸੰਭਾਲ ਦਾ ਕੰਮ ਚਲ ਰਿਹਾ ਹੈ ਉਸ ਨੂੰ ਦਹਾਕੇ ਲੱਗ ਜਾਣਗੇ। ਮੰਗ ਕੀਤੀ ਗਈ ਕਿ ਜਹਾਜ਼ ਹਵੇਲੀ ਦੀ ਸਾਂਭ ਸੰਭਾਲ ਭਾਰਤੀ ਪੁਰਾਤਤਵ ਸਰਵੇ ਜਾਂ ਕੇਂਦਰ ਸਰਕਾਰ ਤੋਂ ਕਰਵਾਈ ਜਾਵੇ।