ਸੋ ਦਰ ਤੇਰਾ ਕਿਹਾ- ਕਿਸਤ 60

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਅਧਿਆਏ - 24

So Dar Tera Keha -60

ਸਿਰੀ ਰਾਗੁ ਮਹਲਾ ੧
ਲਬੁ ਕੁਤਾ, ਕੂੜੁ ਚੂਹੜਾ, ਠਗਿ ਖਾਧਾ ਮੁਰਦਾਰੁ।।
ਪਰ ਨਿੰਦਾ ਪਰ ਮਲੁ ਮੁਖਿ ਸੁਧੀ, ਅਗਨਿ ਕ੍ਰੋਧ ਚੰਡਾਲੁ।।
ਰਸ ਕਸ ਆਪੁ ਸਲਾਹਣਾ, ਏ ਕਰਮ ਮੇਰੇ ਕਰਤਾਰ ।।੧।।

ਬਾਬਾ ਬੋਲੀਐ ਪਤਿ ਹੋਇ।।
ਊਤਮ ਸੇ ਦਰਿ ਊਤਮ ਕਹੀਅਹਿ,
ਨੀਚ ਕਰਮ ਬਹਿ ਰੋਇ ।।੧।। ਰਹਾਉ ।। 
ਰਸੁ ਸੁਇਨਾ, ਰਸੁ ਰੁਪਾ ਕਾਮਣਿ, ਰਸੁ ਪਰਮਲ ਕੀ ਵਾਸੁ।।

ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ, ਰਸੁ ਮਾਸੁ।।
ਏਤੇ ਰਸ ਸਰੀਰ ਕੇ, ਕੈ ਘਟਿ ਨਾਮ ਨਿਵਾਸੁ ।।੨।।
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ।।
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ।।

ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ ।।੩।।
ਤਿਨ ਮਤਿ ਤਿਨ ਪਤਿ, ਤਿਨ ਧਨੁ ਪਲੈ
ਜਿਨ ਹਿਰਦੈ ਰਹਿਆ ਸਮਾਇ।।
ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ।।
ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ ।।੪।।੪।।

ਪਿਛੇ ਅਸੀ ਵੇਖਿਆ ਸੀ ਕਿ 'ਸਿਰੀ ਰਾਗ' ਵਿਚ, ਬਾਬਾ ਨਾਨਕ ਨੇ, ਮਨੁੱਖ ਦੇ ਜੀਵਨ ਨੂੰ ਜਿਹੜੀ 'ਆਚਾਰ ਸਾਰਣੀ' ਦਿਤੀ ਹੈ, ਉਹ ਧਰਮ, ਇਲਾਕੇ, ਦੇਸ਼, ਭਾਸ਼ਾ, ਰੰਗ, ਨਸਲ ਦੇ ਫ਼ਰਕ ਨੂੰ ਪਾਰ ਲੰਘਦੀ ਹੋਈ, ਹਰ ਮਨੁੱਖ ਨੂੰ ਅੰਮ੍ਰਿਤ ਵਿਚ ਡੁਬਕੀਆਂ ਲਗਾ ਕੇ ਤੇ ਨਿਰਮਲ ਹੋ ਕੇ ਬਾਹਰ ਨਿਕਲਣ ਦੀ ਸਮਰੱਥਾ ਬਖ਼ਸ਼ਦੀ ਹੈ। ਮਨੁੱਖੀ ਆਚਾਰ ਨੂੰ ਠੀਕ ਦਿਸ਼ਾ ਪ੍ਰਦਾਨ ਕਰਨ ਲਈ, ਹਜ਼ਰਤ ਈਸਾ, ਹਜ਼ਰਤ ਮੁਹੰਮਦ, ਹਿੰਦੂ ਭਗਤਾਂ, ਮਹਾਂਪੁਰਸ਼ਾਂ ਆਦਿ ਸਮੇਤ, ਬਹੁਤ ਸਾਰਿਆਂ ਨੇ ਗ੍ਰੰਥਾਂ ਵਿਚ ਅਨਮੋਲ ਉਪਦੇਸ਼ ਦਿਤੇ ਹਨ ਪਰ ਬਾਬੇ ਨਾਨਕ ਨੇ ਤਾਂ ਜੀਵਨ ਦਾ ਕੋਈ ਅਜਿਹਾ ਪਾਸਾ ਛਡਿਆ ਹੀ ਨਹੀਂ ਜਿਸ ਉਤੇ ਅੰਮ੍ਰਿਤ ਦਾ ਛੱਟਾ ਨਾ ਮਾਰਿਆ ਹੋਵੇ।

ਸਿਰੀ ਰਾਗ ਦੇ ਸਾਰੇ 33 ਸ਼ਬਦ ਪੜ੍ਹਨ, ਸਮਝਣ ਮਗਰੋਂ ਹੀ ਪੂਰੀ ਗੱਲ ਸਮਝ ਵਿਚ ਆ ਸਕੇਗੀ ਕਿ ਦੁਨੀਆਂ ਦੇ ਬਾਕੀ ਦੇ ਮਹਾਂਪੁਰਸ਼, ਆਮ ਜਗਿਆਸੂ ਦੀ ਉਂਗਲ ਫੜ ਕੇ ਕਿਥੋਂ ਤਕ ਪਹੁੰਚਾਉਂਦੇ ਹਨ ਅਤੇ ਬਾਬਾ ਨਾਨਕ ਕਿਥੋਂ ਤੀਕ। ਇਸ ਸ਼ਬਦ ਦਾ ਕੇਂਦਰੀ ਸੰਦੇਸ਼ ਇਹੀ ਹੈ ਕਿ ਹੇ ਪ੍ਰਾਣੀ, ਹੇ ਮਨੁੱਖ, ਮਾਇਆ ਨਾਲ ਰਚੇ ਇਸ ਸੰਸਾਰ ਦੀ ਹਰ ਚੀਜ਼ ਭਾਵੇਂ ਝੂਠੀ ਹੈ, ਖ਼ਤਮ ਹੋ ਜਾਣ ਵਾਲੀ ਤੇ ਮਰ ਜਾਣ ਵਾਲੀ ਹੈ ਪਰ ਤੈਨੂੰ ਏਨੀ ਜ਼ਿਆਦਾ ਅਸਲ ਲਗਦੀ ਹੈ ਕਿ ਤੂੰ ਇਸ ਜਗਤ ਦੀ ਦਿਸਦੀ ਹਰ ਚੀਜ਼ ਦਾ ਚਸਕਾ ਅਪਣੇ ਮਨ ਵਿਚ ਪੈਦਾ ਕਰ ਲੈਂਦਾ ਹੈਂ ਤੇ ਜਿੰਨੀ ਤੈਨੂੰ ਜ਼ਿਆਦਾ ਮਿਲੇ, ਉਨੀ ਤੇਰੀ ਭੁਖ ਵਧਦੀ ਹੀ ਜਾਂਦੀ ਹੈ।

ਜੇ ਤੈਨੂੰ ਮੂੰਹ ਮੰਗੀ ਦੌਲਤ ਮਿਲ ਜਾਵੇ ਤਾਂ ਵੀ ਤੂੰ ਰਜਦਾ ਨਹੀਂ ਤੇ ਹੋਰ ਹੋਰ ਮੰਗਣ ਲੱਗ ਪੈਂਦਾ ਹੈਂ। ਜਦ ਕਿਸੇ ਹੋਰ ਨੂੰ ਅਪਣੇ ਤੋਂ ਵੀ ਜ਼ਿਆਦਾ ਦੌਲਤਮੰਦ ਵੇਖਦਾ ਹੈਂ ਤਾਂ ਗ਼ਲਤ ਢੰਗਾਂ ਤਰੀਕਿਆਂ ਦੀ ਵਰਤੋਂ ਕਰ ਕੇ ਵੀ ਹੋਰ ਦੌਲਤ ਲੈਣ ਲਈ ਕੰਮ ਕਰਨ ਲਗਦਾ ਹੈਂ। ਜਦ ਤੇਰੀ ਹਰ ਲੋੜ ਪੂਰੀ ਕਰ ਦਿਤੀ ਗਈ ਸੀ ਤੇ ਤੈਨੂੰ ਹੋਰ ਦੌਲਤ ਦੀ ਲੋੜ ਵੀ ਨਹੀਂ ਸੀ ਤਾਂ ਫਿਰ ਤੂੰ ਕਿਉਂ ਗ਼ਲਤ ਰਾਹਾਂ 'ਤੇ ਚਲਣ ਲੱਗ ਪਿਆ? ਬਸ ਚਸਕਾ ਤੇ ਲੋਭ ਤੈਨੂੰ ਚਿੰਬੜ ਗਏ।

ਜਿਹੜੀਆਂ ਚੀਜ਼ਾਂ ਥੋੜੀ ਮਾਤਰਾ ਵਿਚ ਤੇਰੇ ਲਈ ਚੰਗੀਆਂ ਸਨ, ਉਹਨਾਂ ਦਾ ਜਦੋਂ ਤੈਨੂੰ ਹਾਬੜਾ ਪੈ ਗਿਆ, ਚਸਕਾ ਲੱਗ ਗਿਆ ਤਾਂ ਇਹਨਾਂ ਤੈਨੂੰ ਮਨੁੱਖ ਤੋਂ ਜਾਨਵਰ ਬਣਾ ਦਿਤਾ ਤੇ ਜਿਵੇਂ ਤੂੰ ਜਾਨਵਰ ਦੀ ਇੱਜ਼ਤ ਨਹੀਂ ਕਰਦਾ, ਇਸੇ ਤਰ੍ਹਾਂ ਤੇਰੀ ਪੱਤ ਵੀ ਗਲੀਆਂ ਵਿਚ ਰੁਲਣ ਲੱਗ ਪਈ। ਇਸ ਹਾਲਤ ਵਿਚੋਂ ਬਾਹਰ ਨਿਕਲਣ ਦਾ ਰਾਹ ਕਿਹੜਾ ਹੈ? ਇਹੀ ਕਿ ਮਨ ਵਿਚੋਂ ਲਬ, ਲੋਭ, ਹੰਕਾਰ ਕੱਢ ਦੇ, ਸੰਸਾਰ ਦੀਆਂ ਵਸਤਾਂ ਪ੍ਰਤੀ ਝੂਠਾ ਮੋਹ ਤੇ ਚਸਕਾ ਖ਼ਤਮ ਕਰ ਦੇ ਤਾਕਿ ਇਸ ਵਿਚ ਮੁੜ ਤੋਂ ਉਸ ਅਕਾਲ ਪੁਰਖ ਦਾ, ਨਾਮ ਦਾ, ਵਾਸਾ ਹੋ ਸਕੇ।

ਬਾਬਾ ਨਾਨਕ ਕਹਿੰਦੇ ਹਨ ਕਿ ਜਦ ਤਕ ਸਾਰੀਆਂ ਮੰਦ-ਭਾਵਨਾਵਾਂ ਤੇਰੇ ਮਨ ਉਤੇ ਕਾਬੂ ਪਾਈ ਰੱਖਣਗੀਆਂ, ਤਦ ਤਕ ਤੇਰੇ ਮਨ ਵਿਚ ਨਾਮ ਦਾ ਵਾਸਾ ਤਾਂ ਹੋ ਹੀ ਨਹੀਂ ਸਕੇਗਾ। ਗੱਲ ਨਿਰੀ ਚੀਜ਼ਾਂ ਜਾਂ ਵਸਤਾਂ ਨਾਲ ਮੋਹ ਜਾਂ ਚਸਕੇ ਦੀ ਹੀ ਨਹੀਂ, ਤੇਰੀ ਇਸ ਭੁੱਖ ਦੀ ਵੀ ਹੈ ਕਿ ਮੇਰੀ ਬਹੁਤ ਉਪਮਾ ਹੋਵੇ, ਮੇਰਾ ਬਹੁਤ ਸਤਿਕਾਰ ਹੋਵੇ ਤੇ ਲੋਕ ਮੰਨ ਲੈਣ ਕਿ ਦੂਜੇ ਸਾਰਿਆਂ ਦੇ ਮੁਕਾਬਲੇ, ਮੈਂ ਹੀ ਸਰਬ-ਉੱਤਮ ਪੁਰਸ਼ ਹਾਂ।

ਬਾਬਾ ਨਾਨਕ ਕਹਿੰਦੇ ਹਨ, ਭਾਈ ਇਸ ਚਸਕੇ ਤੋਂ ਵੀ ਬਾਜ਼ ਆ ਜਾ ਕਿਉਂਕਿ ਇਸ ਜਗਤ ਦੇ ਬੰਦਿਆਂ ਨੇ ਜੇ ਤੈਨੂੰ ਉੱਤਮ ਮੰਨ ਵੀ ਲਿਆ ਤਾਂ ਵੀ ਇਸ ਦਾ ਕੋਈ ਅਰਥ ਨਹੀਂ ਹੈ ਕਿਉਂਕਿ ਤੇਰੀ ਉੱਤਮਤਾ ਦਾ ਫ਼ੈਸਲਾ ਤਾਂ ਉਹੀ ਕਰੇਗਾ ਜਿਸ ਕੋਲੋਂ ਤੇਰੀ ਕੋਈ ਵੀ ਹਰਕਤ ਛੁਪੀ ਹੋਈ ਨਹੀਂ ਤੇ ਜੋ ਤੇਰੀ ਨਿੱਕੀ ਤੋਂ ਨਿੱਕੀ ਹਰਕਤ ਤੋਂ ਹੀ ਨਹੀਂ, ਤੇਰੇ ਮਨ ਦੀ ਹਰ ਸੋਚ ਤੋਂ ਵੀ ਪੂਰੀ ਤਰ੍ਹਾਂ ਵਾਕਫ਼ ਹੈ। ਤੂੰ ਇਥੇ ਤਾਂ ਬਹੁਤ ਕੁੱਝ ਛੁਪਾ ਲੈਂਦਾ ਹੈਂ ਤੇ ਬਹੁਤ ਕੁੱਝ ਨਕਲੀ ਵਿਖਾ ਸਕਦਾ ਹੈਂ ਜਿਸ ਨਾਲ ਦੂਜੇ ਮਨੁੱਖ ਤੇਰੇ ਬਾਰੇ ਸਚਾਈ ਨਹੀਂ ਵੀ ਜਾਣ ਸਕਦੇ ਤੇ ਤੈਨੂੰ ਝੂਠ ਮੂਠ 'ਉੱਤਮ' ਕਹਿ ਦੇਂਦੇ ਹਨ ਪਰ ਉਹ ਜਿਸ ਕੋਲੋਂ ਤੇਰਾ ਕੁੱਝ ਵੀ ਛੁਪਿਆ ਹੋਇਆ ਨਹੀਂ ਹੈ।

ਉਹੀ ਜਾਣਦਾ ਹੈ ਕਿ ਤੂੰ ਉੱਤਮ ਹੈਂ ਵੀ ਜਾਂ ਨਹੀਂ। ਉਸ ਨੂੰ ਕੋਈ ਭੁਲੇਖਾ ਨਹੀਂ ਲਗਦਾ, ਉਸ ਨੂੰ ਕੋਈ ਧੋਖਾ ਨਹੀਂ ਦੇ ਸਕਦਾ ਤੇ ਉਸ ਕੋਲੋਂ ਕੁੱਝ ਵੀ ਛੁੱਪ ਨਹੀਂ ਸਕਦਾ। ਇਸ ਲਈ ਇਸ ਝੂਠੇ ਸੰਸਾਰ ਕੋਲੋਂ 'ਉੱਤਮਤਾ' ਦਾ ਸਨਮਾਨ ਲੈਣ ਦਾ ਕੋਈ ਫ਼ਾਇਦਾ ਨਹੀਂ, ਛੇਤੀ ਹੀ ਉਹ ਸਮਾਂ ਵੀ ਆ ਜਾਏਗਾ ਜਦੋਂ ਤੈਨੂੰ ਤੇਰੀ ਅਸਲੀਅਤ ਤੈਨੂੰ ਹੀ ਵਿਖਾ ਕੇ ਦਸਿਆ ਜਾਏਗਾ ਕਿ ਤੂੰ ਉੱਤਮ ਹੈਂ ਜਾਂ ਕੁੱਝ ਹੋਰ। ਇਸ ਸੰਸਾਰ ਦੇ ਬੰਦੇ ਤਾਂ ਬੜੇ ਉੱਤਮ ਪੁਰਸ਼ਾਂ ਨੂੰ ਸਮਝਣੋਂ ਵੀ ਨਾਕਾਮ ਰਹਿ ਕੇ ਇਹ ਨਿਰਣਾ ਦੇ ਦੇਂਦੇ ਹਨ ਕਿ ਇਹ ਬੰਦਾ ਤਾਂ ਭੂਤਨਾ, ਬੇਤਾਲਾ, ਮੂਰਖ ਤੇ ਘਟੀਆ ਮਨੁੱਖ ਹੈ।

ਅਸਲੀ ਉੱਤਮ ਮਨੁੱਖ, ਅਜਿਹੇ ਫ਼ਤਵਿਆਂ ਦੀ ਪ੍ਰਵਾਹ ਨਹੀਂ ਕਰਦੇ ਕਿਉਂਕਿ ਉਹ ਜਾਣਦੇ ਹਨ ਕਿ ਅਸਲ ਨਿਰਣਾ ਤਾਂ ਇਸ ਦੁਨੀਆਂ ਦੇ ਨਿਰਾਕਾਰ (ਨਿਰੰਕਾਰ) ਮਾਲਕ ਨੇ ਕਰਨਾ ਹੈ ਤੇ ਉਸ ਮਾਲਕ ਦੇ ਨਿਰਣੇ ਨੂੰ ਕੋਈ ਗ਼ਲਤ ਨਹੀਂ ਕਰਾਰ ਦੇ ਸਕਦਾ। ਉਸ ਦੇ ਨਿਰਣੇ ਵਲ ਧਿਆਨ ਰੱਖ ਕੇ ਹੀ ਜਗਤ ਵਿਚ ਵਿਚਰਨਾ ਚਾਹੀਦਾ ਹੈ। ਉਸ ਦਾ ਨਿਰਣਾ ਤੁਹਾਡੇ ਹੱਕ ਵਿਚ ਤਾਂ ਹੀ ਹੋਵੇਗਾ ਜੇ ਤੁਸੀ ਇਸ ਜਗਤ ਦੀਆਂ ਮਨਮੋਹਣੀਆਂ ਤੇ ਲਬ, ਲੋਭ ਵਿਚ ਗ਼ਲਤਾਨ ਕਰਨ ਵਾਲੀਆਂ ਚੀਜ਼ਾਂ ਨੂੰ ਸ੍ਰੀਰ ਦਾ ਚਸਕਾ ਨਾ ਬਣਨ ਦਿਉ ਤੇ ਮਨ ਉਤੇ ਭਾਰੂ ਨਾ ਹੋਣ ਦਿਉ। 

 ਚਲਦਾ...