ਸੋ ਦਰ ਤੇਰਾ ਕਿਹਾ- ਕਿਸਤ 57

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਮਨੁੱਖ ਨੂੰ ਹੁਣ ਵੀ ਜਦੋਂ ਕੋਈ ਪੁਜਾਰੀ 'ਸਵਰਗ' ਦਾ ਲਾਲਚ ਦੇਂਦਾ ਹੈ ਤਾਂ ਮਨੁੱਖ ਇਹੀ ਸੋਚਣ ਲੱਗਣ ਲਗਦਾ ਹੈ ਕਿ ਜਿਹੜੀਆਂ ਚੀਜ਼ਾਂ...

So Dar Tera Keha -57

ਅੱਗੇ... 

ਮਨੁੱਖ ਨੂੰ ਹੁਣ ਵੀ ਜਦੋਂ ਕੋਈ ਪੁਜਾਰੀ 'ਸਵਰਗ' ਦਾ ਲਾਲਚ ਦੇਂਦਾ ਹੈ ਤਾਂ ਮਨੁੱਖ ਇਹੀ ਸੋਚਣ ਲੱਗਣ ਲਗਦਾ ਹੈ ਕਿ ਜਿਹੜੀਆਂ ਚੀਜ਼ਾਂ ਧਰਤੀ ਉਤੇ ਗਿਣਤੀ ਮਿਣਤੀ ਵਿਚ ਮਿਲ ਸਕਦੀਆਂ ਸਨ, ਉਹ ਸਵਰਗ ਵਿਚ ਖੁਲ੍ਹੀਆਂ ਮਿਲ ਸਕਣਗੀਆਂ। ਇਸ ਗੱਲ ਨੂੰ ਕਵਿਤਾ ਦੀ ਭਾਸ਼ਾ ਵਿਚ ਉਹ ਇਉਂ ਕਹਿੰਦੇ ਹਨ ਕਿ ਸਵਰਗ ਵਿਚ ਦੁੱਧ, ਘਿਉ ਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਮਿਲਣਗੀਆਂ। ਮਤਲਬ ਇਸ ਦਾ ਏਨਾ ਹੀ ਹੈ ਕਿ ਗਿਣਤੀਆਂ ਮਿਣਤੀਆਂ ਤੋਂ ਉਪਰ ਉਠ ਕੇ, ਹਰ ਚੀਜ਼ ਮੂੰਹ ਮੰਗੀ ਮਿਕਦਾਰ ਵਿਚ ਮਿਲ ਸਕੇਗੀ।

ਬਾਬਾ ਨਾਨਕ ਇਸ ਸ਼ਬਦ ਵਿਚ ਫ਼ਰਮਾਉਂਦੇ ਹਨ ਕਿ ਧਰਤੀ ਤਾਂ ਨਿਰੀ ਮਾਇਆ (ਛਲਾਵਾ) ਹੈ ਤੇ ਇਹ ਛਲਾਵਾ ਤਾਂ ਕਿਰਤਮ (ਨਕਲੀ ਜਾਂ ਘਾੜਤ) ਹੈ, ਇਸ ਲਈ ਇਥੇ ਤਾਂ ਹਰ ਚੀਜ਼ ਗਿਣਤੀ ਮਿਣਤੀ ਅਨੁਸਾਰ ਹੀ ਮਿਲ ਸਕਦੀ ਹੈ। ਇਥੇ ਤਾਂ ਜਿਹੜੇ ਬੋਲ ਤੂੰ ਬੋਲਦਾ ਹੈਂ, ਉਹ ਵੀ ਲੇਖੇ ਵਿਚ ਹਨ ਅਰਥਾਤ ਤੂੰ ਉਸ ਤੋਂ ਵੱਧ ਇਕ ਅੱਖਰ ਨਹੀਂ ਬੋਲ ਸਕਦਾ ਜਿੰਨੇ ਬੋਲ ਤੇਰੇ ਲਈ ਲਿਖੇ ਹੋਏ ਹਨ ਤੇ ਨਾ ਹੀ ਤੂੰ ਉਸ ਭੋਜਨ ਤੋਂ ਵੱਧ ਇਕ ਗਰਾਹੀਂ ਵੀ ਖਾ ਸਕਦਾ ਹੈਂ ਜੋ ਤੇਰੇ ਲਈ ਲਿਖੀ ਹੋਈ ਹੈ। ਲੇਖਾ ਲਿਖਣ ਵਾਲੇ ਨੇ ਉਹ ਘੰਟੀ ਅਪਣੇ ਕੋਲ ਰੱਖੀ ਹੋਈ ਹੈ ਜਿਸ ਨੂੰ  ਜਾ ਕੇ ਤੇਰਾ ਲਿਖਿਆ ਕੋਟਾ ਪੂਰਾ ਹੋ ਜਾਣ ਤੇ, ਤੈਨੂੰ ਵਾਪਸ ਸੱਦ ਲੈਂਦਾ ਹੈ।

ਪਰ ਬੜੇ ਖ਼ੂਬਸੂਰਤ ਢੰਗ ਨਾਲ ਅਤੇ ਸਵਰਗ, ਨਰਕ ਦੀ ਕੋਈ ਕਾਲਪਨਿਕ ਗੱਲ ਕੀਤੇ ਬਗ਼ੈਰ, ਬਾਬਾ ਨਾਨਕ ਫ਼ਰਮਾਉਂਦੇ ਹਨ ਕਿ ਤੂੰ ਖੱਚਤ ਤਾਂ ਰਹਿਣਾ ਚਾਹੁੰਦਾ ਹੈਂ ਇਸ ਗਿਣਤੀ ਵਾਲੀ ਦੁਨੀਆਂ ਵਿਚ ਪਰ ਸੁਪਨੇ ਲੈਂਦਾ ਹੈਂ ਉਸ ਦੁਨੀਆਂ ਦੇ ਜੋ ਮਾਇਆ ਦੀ ਦੁਨੀਆਂ ਨਹੀਂ ਹੈ ਤੇ ਜਿਥੇ ਕੋਈ ਗਿਣਤੀ ਮਿਣਤੀ ਨਹੀਂ ਹੁੰਦੀ। ਅਨੰਤ, ਅਨਾਦ, ਅਨਹਦ, ਅਪਾਰ, ਅਤੁਲ, ਅਮੁਲ, ਅਦ੍ਰਿਸ਼ਟ, ਆਕਾਰ-ਰਹਿਤ - ਇਹ ਸਾਰੇ ਸ਼ਬਦ ਇਸ ਮਾਇਆ ਦੀ ਦੁਨੀਆਂ ਦੇ ਸ਼ਬਦ ਨਹੀਂ ਹਨ ਸਗੋਂ ਮਾਇਆ ਨਗਰੀ ਤੋਂ ਪਾਰ ਵਾਲੀ ਦੁਨੀਆਂ ਦੀ ਸ਼ਬਦਾਵਲੀ ਹੈ।

ਉਸ ਅਣਦਿਸਦੇ ਸੰਸਾਰ ਨਾਲ ਸਾਂਝ ਤਾਂ ਹੀ ਪੈ ਸਕਦੀ ਹੈ ਜੇ ਤੂੰ 'ਅੰਜਨ ਮਾਹਿ ਨਿਰੰਜਨ' ਦੇ ਅਰਥ ਸਮਝ ਸਕਦਾ ਹੋਵੇਂ। ਤੂੰ ਪੀਡੀ ਪਕੜ ਇਸ ਮਾਇਆ ਨਗਰੀ ਦੀਆਂ ਵਸਤਾਂ ਨਾਲ ਪਾ ਲੈਂਦਾ ਹੈਂ ਤੇ ਚਾਹੁੰਦਾ ਇਹ ਹੈਂ ਕਿ ਤੇਰੀ ਸਾਂਝ ਉਸ ਸੰਸਾਰ ਨਾਲ ਪੈ ਜਾਵੇ ਜਿਥੇ ਸਰੀਰਾਂ ਦੇ ਆਕਾਰ ਨਹੀਂ ਹੁੰਦੇ, ਜਿਥੇ ਲੇਖਾ ਕਿਸੇ ਚੀਜ਼ ਦਾ ਨਹੀਂ ਹੁੰਦਾ, ਜਿਥੇ ਸੱਭ ਕੁੱਝ ਅਥਾਹ ਹੈ, ਅਨੰਤ ਹੈ ਤੇ ਨਿਰੰਤਰ ਹੈ। ਜਿਥੇ ਮੌਤ ਅਤੇ ਅੰਤ ਦਾ ਨਾਮ ਹੀ ਕੋਈ ਨਹੀਂ। ਤੂੰ ਕਿਉਂਕਿ ਇਸ ਮਾਇਆ ਨਗਰੀ ਦੀਆਂ ਮਰ ਮਿਟ ਜਾਣ ਵਾਲੀਆਂ ਚੀਜ਼ਾਂ ਨਾਲ ਮੋਹ ਪਾ ਲੈਂਦਾ ਹੈਂ ਤੇ ਇਨ੍ਹਾਂ ਸੰਸਾਰੀ ਚੀਜ਼ਾਂ ਵਿਚ ਹੀ ਖੱਚਤ ਰਹਿੰਦਾ ਹੈਂ।

ਇਸ ਲਈ ਦੋਵੇਂ ਥਾਂ ਗਵਾ ਲੈਂਦਾ ਹੈਂ ਤੇ ਤੇਰੇ ਹੱਥ ਪੱਲੇ ਕੁੱਝ ਨਹੀਂ ਰਹਿੰਦਾ। ਇਸੇ ਕਰ ਕੇ ਤੂੰ ਵਾਰ ਵਾਰ ਇਸ ਮਾਇਆ (ਝੂਠੀ) ਨਗਰੀ ਵਿਚ ਜਨਮ ਲੈਂਦਾ ਰਹਿੰਦਾ ਹੈਂ ਤੇ ਤੈਨੂੰ ਪ੍ਰੀਤਮ ਦੀ ਉਸ ਨਗਰੀ ਵਿਚ ਦਾਖ਼ਲਾ ਨਹੀਂ ਮਿਲਦਾ ਜਿਸ ਬਾਰੇ ਰਸਮੀ ਤੌਰ ਤੇ ਤੂੰ ਅਰਦਾਸ ਵਿਚ ਉਸ ਸਮੇਂ ਵੀ ਕਹਿ ਰਿਹਾ ਹੁੰਦਾ ਹੈਂ ਜਦੋਂ ਤੇਰਾ ਕੋਈ ਕਰੀਬੀ ਮਰ ਜਾਂਦਾ ਹੈ।

ਤੂੰ ਉਸ ਵੇਲੇ ਅਰਦਾਸ ਵਿਚ ਜ਼ਰੂਰ ਕਹਿੰਦਾ ਹੈਂ, ''ਹੇ ਸੱਚੇ ਪਾਤਸ਼ਾਹ, ਵਿਛੜੀ ਆਤਮਾ ਨੂੰ ਆਵਾਗਵਣ ਦੇ ਚੱਕਰ 'ਚੋਂ ਬਾਹਰ ਕੱਢ ਕੇ, ਅਪਣੇ ਚਰਨਾਂ ਵਿਚ ਨਿਵਾਸ ਬਖ਼ਸ਼।'' ਹਾਂ ਤੂੰ ਅਰਦਾਸ ਵਿਚ ਦੂਜੇ ਲਈ ਤਾਂ ਇਹ ਕਹਿ ਲੈਂਦਾ ਹੈਂ ਪਰ ਅਪਣੇ ਜੀਵਨ ਦੀ ਗੱਡੀ ਨੂੰ ਇਸ ਤਰ੍ਹਾਂ ਨਹੀਂ ਚਲਾਉਂਦਾ ਕਿ ਤੈਨੂੰ ਆਪ ਇਸ ਗਿਣਤੀਆਂ ਮਿਣਤੀਆਂ ਤੇ ਲੇਖਿਆਂ ਵਾਲੇ ਸੰਸਾਰ 'ਚੋਂ ਮੁਕਤੀ ਮਿਲ ਜਾਏ।

ਚਲਦਾ...