ਸੋ ਦਰ ਤੇਰਾ ਕਿਹਾ- ਕਿਸਤ 56

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਅਧਿਆਏ - 23

So Dar Tera Keha -56

ਸਿਰੀ ਰਾਗੁ ਮਹਲਾ ੧
ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ।।
ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ।। 
ਲੇਖੈ ਸਾਹ ਲਵਾਈਅਹਿ, ਪੜੇ ਕਿ ਪੁਛਣ ਜਾਉ ।।੧।।

ਬਾਬਾ ਮਾਇਆ ਰਚਨਾ ਧੋਹੁ£ ਅੰਧੈ ਨਾਮੁ ਵਿਸਾਰਿਆ
ਨਾ ਤਿਸੁ ਏਹੁ ਨ ਓਹੁ ।।੧।। ਰਹਾਉ।।
ਜੀਵਣ ਮਰਣਾ ਜਾਇ ਕੈ, ਏਥੈ ਖਾਜੈ ਕਾਲਿ।।
ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ।।

ਰੋਵਣ ਵਾਲੇ ਜੇਤੜੇ ਸਭਿ ਬਨਹਿ ਪੰਡ ਪਰਾਲਿ ।।੨।।
ਸਭੁ ਕੋ ਆਖੈ ਬਹੁਤੁ ਬਹੁਤੁ ਘਟਿ ਨ ਆਖੈ ਕੋਇ।।
ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ।। 
ਸਾਚਾ ਸਾਹਬੁ ਏਕੁ ਤੂ, ਹੋਰਿ ਜੀਆ ਕੇਤੇ ਲੋਅ ।।੩।।

ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ।।
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ।।੪।।

ਹਰ ਕਾਵਿ-ਰਚਨਾ ਬਾਰੇ ਇਹ ਗੱਲ ਸੱਚ ਹੈ ਕਿ ਕੇਵਲ ਅੱਖਰਾਂ ਦੇ ਅਰਥ ਕਰਨ ਨਾਲ ਨਾ ਅਪਣੇ ਪੱਲੇ ਕੁੱਝ ਪੈਂਦਾ ਹੈ, ਨਾ ਕਵੀ ਨਾਲ ਹੀ ਇਨਸਾਫ਼ ਕੀਤਾ ਜਾ ਸਕਦਾ ਹੈ। ਅੱਖਰਾਂ ਦਾ ਸਿੱਧਾ ਅਨੁਵਾਦ ਕਈ ਵਾਰ ਮਤਲਬ ਹੋਰ ਕੱਢ ਦੇਂਦਾ ਹੈ ਜਦਕਿ ਭਾਵਨਾ ਹੋਰ ਹੁੰਦੀ ਹੈ। ਗੁਰਬਾਣੀ ਦਾ ਅਨੁਵਾਦ ਤੇ ਵਿਆਖਿਆ ਕਰਨ ਲਗਿਆਂ ਇਹ ਗੱਲ ਧਿਆਨ ਵਿਚ ਰਖਣੀ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ।

ਗੁਰਬਾਣੀ ਦੇ ਲਗਭਗ ਸਾਰੇ ਹੀ ਟੀਕੇ ਕਿਉਂਕਿ ਅੱਖਰਾਂ ਦਾ ਅਨੁਵਾਦ ਕਰਦੇ ਹਨ, ਇਸ ਲਈ ਕਈ ਵਾਰ ਮਨ ਵਿਚ ਪ੍ਰਸ਼ਨ ਉਠਣ ਲਗਦਾ ਹੈ ਕਿ ਇਕ ਤੁਕ ਦਾ ਦੂਜੀ ਤੁਕ ਨਾਲ ਜਦ ਮੇਲ ਹੀ ਕੋਈ ਨਹੀਂ ਬੈਠਦਾ, ਫਿਰ ਇਹ ਤੁਕ ਕਿਤੇ ਗ਼ਲਤ ਤਾਂ ਨਹੀਂ ਛੱਪ ਗਈ? ਅੱਖਰਾਂ ਦਾ ਅਨੁਵਾਦ ਗੁਰਬਾਣੀ ਨੂੰ ਸਮਝਣ ਵਾਲਿਆਂ ਨੂੰ ਸਦਾ ਹੀ ਇਸ ਸੰਕਟ ਵਿਚ ਘੇਰੀ ਰਖਦਾ ਹੈ ਪਰ ਚੁੱਪ ਰਹਿਣ ਨੂੰ ਹੀ ਸ਼ਰਧਾ ਦਾ ਪੈਮਾਨਾ ਮੰਨ ਕੇ, ਮਨ ਦੀ ਮਨ ਵਿਚ ਹੀ ਰਹਿਣ ਦਿਤੀ ਜਾਂਦੀ ਹੈ।

ਅਜਿਹਾ ਤਜਰਬਾ ਕਿਸੇ ਇਕ ਜਗਿਆਸੂ ਨੂੰ ਨਹੀਂ, ਲਗਭਗ ਹਰ ਉਸ ਗੁਰਬਾਣੀ-ਪ੍ਰੇਮੀ ਨੂੰ ਹੋਇਆ ਹੈ ਜਿਸ ਨੇ ਟੀਕਿਆਂ ਦੀ ਸਹਾਇਤਾ ਨਾਲ, ਗੁਰਬਾਣੀ ਦੇ ਅਰਥ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਇਸ ਸ਼ਬਦ ਸਬੰਧੀ ਵੀ ਹਾਲਤ ਉਪਰ ਦੱਸੇ ਅਨੁਸਾਰ ਹੀ ਹੈ। ਇਸ ਸ਼ਬਦ ਵਿਚ ਬਾਬਾ ਨਾਨਕ ਮਨੁੱਖ ਦੀ ਇਸ ਲਾਲਸਾ ਦਾ ਜ਼ਿਕਰ ਕਰਦੇ ਹਨ ਕਿ ਜੀਵਨ ਕਦੀ ਖ਼ਤਮ ਨਾ ਹੋਵੇ, ਖਾਣ ਪੀਣ ਵਿਚ ਤੋਟ ਕਦੇ ਮਹਿਸੂਸ ਨਾ ਹੋਵੇ ਤੇ ਕਿਸੇ ਚੀਜ਼ ਦਾ ਹਿਸਾਬ ਕਿਤਾਬ (ਲੇਖਾ) ਨਾ ਹੋਵੇ।

ਸਾਇੰਸਦਾਨ ਵੀ ਇਸੇ ਤਰ੍ਹਾਂ ਦੀ ਖੋਜ ਕਰਨ ਵਿਚ ਰੁੱਝੇ ਹੋਏ ਹਨ ਜਿਸ ਦੀ ਕਾਮਯਾਬੀ ਮਗਰੋਂ, ਉਨ੍ਹਾਂ ਦਾ ਖ਼ਿਆਲ ਹੈ ਕਿ ਮਨੁੱਖ ਦੀ ਔਸਤ ਉਮਰ 700-800 ਸਾਲ ਹੋ ਜਾਵੇਗੀ। ਉਨ੍ਹਾਂ ਨੇ ਅਜਿਹੇ ਤੱਤ ਲੱਭ ਲਏ ਦੱਸੇ ਹਨ ਜਿਨ੍ਹਾਂ ਦੇ ਸਹਾਰੇ ਸਰੀਰ ਦੀ ਏਨੀ ਜ਼ਿਆਦਾ 'ਰੀਪੇਅਰ' ਜਾਂ ਮੁਰੰਮਤ ਕੀਤੀ ਜਾ ਸਕੇਗੀ ਕਿ ਸਰੀਰ ਦਾ ਕੋਈ ਵੀ ਪੁਰਜ਼ਾ ਖ਼ਰਾਬ ਹੋਣ 'ਤੇ ਝੱਟ ਬਦਲਿਆ ਜਾ ਸਕੇਗਾ।

ਚਲਦਾ...