ਸੋ ਦਰ ਤੇਰਾ ਕਿਹਾ- ਕਿਸਤ 61

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਉਪਦੇਸ਼ ਦੇਣ ਦਾ ਬਾਬੇ ਨਾਨਕ ਦਾ ਰਾਹ, ਸਮਝਾਉਣ ਅਤੇ ਗਿਆਨ ਦੇਣ ਦਾ ਰਾਹ ਹੈ, ਇਸ ਲਈ ਪਹਿਲਾਂ ਮਨੁੱਖ ਨੂੰ ਉਸ ਦੇ ਅਪਣੇ ਬਾਰੇ ਕੁੱਝ ਕੌੜੀਆਂ ਸਚਾਈਆਂ ...

So Dar Tera Keha-61

ਅੱਗੇ...

ਉਪਦੇਸ਼ ਦੇਣ ਦਾ ਬਾਬੇ ਨਾਨਕ ਦਾ ਰਾਹ, ਸਮਝਾਉਣ ਅਤੇ ਗਿਆਨ ਦੇਣ ਦਾ ਰਾਹ ਹੈ, ਇਸ ਲਈ ਪਹਿਲਾਂ ਮਨੁੱਖ ਨੂੰ ਉਸ ਦੇ ਅਪਣੇ ਬਾਰੇ ਕੁੱਝ ਕੌੜੀਆਂ ਸਚਾਈਆਂ ਵੀ ਬੇਬਾਕ ਹੋ ਕੇ ਦਸਦੇ ਹਨ ਤਾਕਿ ਪੂਰੀ ਤਰ੍ਹਾਂ ਤਿਆਰ ਹੋ ਕੇ, ਮਨੁੱਖ ਅਪਣੀ ਉਸ ਅਵੱਸਥਾ 'ਚੋਂ ਮੁਕਤੀ ਹਾਸਲ ਕਰ ਸਕੇ ਜੋ ਉਸ ਨੂੰ ਕਿਸੇ ਅਗੰਮੀ ਸੰਸਾਰ ਵਲ ਝਾਤੀ ਨਹੀਂ ਮਾਰਨ ਦੇਂਦੀ। ਹੁਣ ਅਸੀ ਤੁਕ-ਵਾਰ ਅਰਥਾਂ ਨੂੰ ਲਵਾਂਗੇ- ਹੇ ਜਗਿਆਸੂ, ਤੇਰੇ ਅੰਦਰ ਖਾਣ ਦਾ ਸ਼ੌਕ ਇਸ ਤਰ੍ਹਾਂ ਹੈ ਜਿਵੇਂ ਕੁੱਤੇ ਦਾ ਢਿੱਡ ਤਾਂ ਫਟਣ ਉਤੇ ਆ ਰਿਹਾ ਹੋਵੇ, ਫਿਰ ਵੀ ਉਹ ਖਾਣ ਦੀ ਵਸਤ ਸੁੰਘ ਲਵੇ ਤਾਂ ਮੂੰਹ ਮਾਰਨੋਂ ਨਹੀਂ ਰਹਿੰਦਾ।

ਤੇਰੇ ਅੰਦਰ ਝੂਠ ਬੋਲਣ ਦੀ ਪ੍ਰਵਿਰਤੀ ਏਨੀ ਜ਼ਿਆਦਾ ਹੈ ਕਿ ਜਿਵੇਂ ਇਕ ਚੂਹੜਾ ਗੰਦਗੀ ਵਿਚ ਰਹਿਣਾ ਗਿੱਝ ਜਾਂਦਾ ਹੈ, ਇਸੇ ਤਰ੍ਹਾਂ ਤੂੰ ਵੀ ਹਰ ਪਲ ਝੂਠ ਵਿਚ ਹੀ ਟਿਕਿਆ ਖ਼ੁਸ਼ ਰਹਿੰਦਾ ਹੈਂ ਤੇ ਕਦੇ ਮਹਿਸੂਸ ਨਹੀਂ ਕਰਦਾ ਕਿ ਤੂੰ ਝੂਠ ਬੋਲ ਰਿਹਾ ਹੈਂ। ਤੇਰੇ ਅੰਦਰ ਦੂਜਿਆਂ ਨੂੰ ਠੱਗ ਕੇ, ਪਰਾਇਆ ਮਾਲ ਖਾਣ ਦੀ ਪ੍ਰਵਿਰਤੀ ਵੀ ਏਨੀ ਜ਼ਿਆਦਾ ਹੈ ਕਿ ਤੂੰ ਇਸ ਨੂੰ ਮਸਾਲੇਦਾਰ ਮਾਸ ਖਾਣ ਵਾਂਗ ਹੀ ਸਮਝਦਾ ਹੈਂ। ਦੂਜਿਆਂ ਦੀ ਨਿੰਦਾ ਵਿਚੋਂ ਉਪਜੀ ਮੈਲ ਤੇਰੇ ਮੂੰਹ ਵਿਚ ਹਰ ਦਮ ਭਰੀ ਰਹਿੰਦੀ ਹੈ ਤੇ ਅਗਨੀ ਵਰਗਾ ਪ੍ਰਚੰਡ ਕ੍ਰੋਧ, ਚੰਡਾਲ ਰੂਪ ਵਿਚ ਤੈਨੂੰ ਘੇਰੀ ਰਖਦਾ ਹੈ।

ਜਿਥੇ ਦੂਜਿਆਂ ਦੀ ਨਿੰਦਾ ਵਿਚ ਤੂੰ ਝੱਲਾ ਬਣਿਆ ਰਹਿੰਦਾ ਹੈਂ, ਉਥੇ ਅਪਣੇ ਆਪ ਦੀ ਸਿਫ਼ਤ ਕਰਨ ਦਾ ਚਸਕਾ ਵੀ ਤੈਨੂੰ ਬੁਰੀ ਤਰ੍ਹਾਂ ਚੰਬੜਿਆ ਹੋਇਆ ਹੈ। ਹੇ ਮੇਰੇ ਰੱਬ, ਇਹ ਹਨ ਤੇਰੇ ਬੰਦੇ ਦੇ ਅਮਲ। ਪਰ ਨਾ ਅਪਣੀ ਉਸਤਤ, ਨਾ ਦੂਜੇ ਦੀ ਨਿੰਦਾ ਹੀ ਤੇਰੇ ਕਿਸੇ ਕੰਮ ਆਵੇਗੀ। ਉਹੀ ਕੁੱਝ ਬੋਲਣਾ ਚਾਹੀਦਾ ਹੈ ਜਿਸ ਨਾਲ ਉਸ ਅਕਾਲ ਪੁਰਖ ਦੇ ਦਰ ਤੇ ਤੇਰੀ ਇੱਜ਼ਤ ਵਿਚ ਵਾਧਾ ਹੋਵੇ। ਕਿਉਂਕਿ ਉੱਤਮ ਪੁਰਖ ਉਹ ਨਹੀਂ ਬਣਦਾ ਜੋ ਅਪਣੀ ਤਾਰੀਫ਼ ਆਪੇ ਕਰੇ ਤੇ ਦੂਜਿਆਂ ਦੀ ਨਿੰਦਾ ਕਰੇ। ਉੱਤਮ ਕੌਣ ਹੈ, ਇਸ ਦਾ ਫ਼ੈਸਲਾ ਤਾਂ ਉਸ ਪ੍ਰਮਾਤਮਾ ਨੇ ਹੀ ਕਰਨਾ ਹੈ।

ਨੀਚ ਕਰਮਾਂ ਵਾਲੇ, ਜਿੰਨੀ ਮਰਜ਼ੀ ਅਪਣੀ ਸਿਫ਼ਤ ਕਰ ਲੈਣ ਤੇ ਦੂਜਿਆਂ ਦੀ ਨਿੰਦਾ, ਉਨ੍ਹਾਂ ਨੂੰ ਅੰਤ ਦੁਖੀ ਹੋ ਕੇ ਰੋਣਾ ਹੀ ਪੈਂਦਾ ਹੈ। ਬੋਲਾਂ ਕਬੋਲਾਂ ਬਾਰੇ ਬਾਬਾ ਨਾਨਕ ਅਪਣੀ ਸਿਖਿਆ ਨੂੰ ਰਹਾਉ ਤਕ ਥੋੜਾ ਰੋਕ ਕੇ, ਪਹਿਲਾਂ ਮਨੁੱਖ ਨੂੰ ਉਸ ਦੀਆਂ ਕੁੱਝ ਹੋਰ ਕਮਜ਼ੋਰੀਆਂ ਦਸਦੇ ਹਨ ਤੇ ਫਿਰ ਅਗਲਾ ਉਪਦੇਸ਼ ਦੇਂਦੇ ਹਨ। 6,7,8. ਮਨੁੱਖ ਨੂੰ ਚਾਂਦੀ (ਦੌਲਤ) ਇਕੱਠੀ ਕਰਨ ਦਾ ਚਸਕਾ ਹੈ, ਕਾਮ ਦਾ ਚਸਕਾ ਹੈ, ਘੋੜਿਆਂ ਦੀ ਸਵਾਰੀ ਦਾ ਚਸਕਾ ਹੈ, ਸੋਹਣੇ ਮਹਿਲ ਮਾੜੀਆਂ ਤੇ ਸੇਜਾਂ ਦਾ ਚਸਕਾ ਹੈ, ਮਿੱਠੇ ਪਦਾਰਥਾਂ, ਭੋਜਾਂ ਤੇ ਮਾਸ ਖਾਣ ਦਾ ਚਸਕਾ ਹੈ। ਇਹ ਸਾਰੇ ਚਸਕੇ ਹੁੰਦਿਆਂ, ਮਨ ਵਿਚ ਨਾਮ ਦਾ ਵਾਸਾ, ਧਰਮ ਦਾ ਵਾਸਾ ਕਿਵੇਂ ਹੋ ਸਕਦਾ ਹੈ?

ਇਹ ਸਾਰੀਆਂ ਚੀਜ਼ਾਂ ਬੁਰੀਆਂ ਨਹੀਂ, ਕੁੱਝ ਹਦ ਤਕ ਜ਼ਰੂਰੀ ਵੀ ਹਨ ਪਰ ਜਦੋਂ ਇਕ ਚਸਕੇ ਦਾ ਰੂਪ ਧਾਰ ਜਾਂਦੀਆਂ ਹਨ ਤਾਂ ਇਹ ਮਨੁੱਖ ਦੀ ਆਤਮਾ ਨੂੰ ਮੈਲ ਨਾਲ ਵੀ ਭਰ ਦੇਂਦੀਆਂ ਹਨ ਜਿਸ ਮਗਰੋਂ ਮਨੁੱਖ ਪ੍ਰਮਾਤਮਾ ਤੋਂ ਦੂਰ ਹੋ ਜਾਂਦਾ ਹੈ। ਰਸਾਂ ਕਸਾਂ ਦੇ ਚਸਕਿਆਂ ਤੋਂ ਬਚਣ ਦਾ ਉਪਦੇਸ਼ ਦੇਣ ਮਗਰੋਂ ਫਿਰ, ਬਾਬਾ ਨਾਨਕ ਸ਼ਬਦ ਦੇ ਕੇਂਦਰੀ ਭਾਵ ਅਥਵਾ ਚੰਗੇ ਮੰਦੇ ਬੋਲਾਂ ਵਲ ਮੁੜਦੇ ਹਨ ਤੇ ਫ਼ਰਮਾਉਂਦੇ ਹਨ : ਬੋਲਣਾ ਉਹੀ ਚੰਗਾ ਹੈ ਜਿਸ ਨਾਲ ਪ੍ਰਮਾਤਮਾ ਦੇ ਦਰ ਤੇ ਮਾਣ ਸਤਿਕਾਰ ਮਿਲੇ। ਫਿੱਕੇ ਬੋਲ ਬੋਲਿਆਂ ਖੁਆਰ ਹੀ ਹੋਈਦਾ ਹੈ ਪਰ ਇਹ ਗੱਲ ਇਸ ਮੂਰਖ ਮਨ ਨੂੰ ਕਿਵੇਂ ਕੋਈ ਸਮਝਾਏ?

ਅੰਤਮ ਤੌਰ ਤੇ, ਉਸ ਅਕਾਲ ਪੁਰਖ ਨੇ ਜਿਨ੍ਹਾਂ ਨੂੰ ਪ੍ਰਵਾਨ ਕਰ ਲਿਆ, ਉਹੀ ਠੀਕ ਹਨ, ਉਹੀ ਭਲੇ ਹਨ ਤੇ ਦੂਜਿਆਂ ਦੀ ਤਾਂ ਗੱਲ ਕਰਨ ਦਾ ਵੀ ਕੋਈ ਲਾਭ ਨਹੀਂ। ਸਿਆਣੇ ਵੀ ਉਹੀ ਹਨ ਜਿਨ੍ਹਾਂ ਨੇ ਉਸ ਨੂੰ ਅਪਣੇ ਹਿਰਦੇ ਵਿਚ ਵਸਾ ਲਿਆ ਹੈ ਕਿਉੁਂਕਿ ਸਾਰੀ ਸਿਆਣਪ ਦਾ ਸੋਮਾ ਹੀ ਉਹੀ ਹੈ ਤੇ ਉਸ ਤੋਂ ਬਿਨਾਂ ਹੋਰ ਕਿਸੇ ਥਾਂ ਤੋਂ ਤਾਂ ਸਿਆਣਪ ਮਿਲਦੀ ਹੀ ਨਹੀਂ। ਸਤਿਕਾਰ ਯੋਗ ਵੀ ਉਹੀ ਹਨ ਤੇ ਦੁਨੀਆਂ ਦੀ ਹਰ ਚੀਜ਼ ਵੀ ਉੁਨ੍ਹਾਂ ਕੋਲ ਹੀ ਹੈ। ਉਪਰ ਵਰਣਤ ਬੰਦਿਆਂ ਦੇ ਹਿਰਦੇ ਦੀ ਸੁੰਦਰਤਾ (ਜਿਥੇ ਅਕਾਲ ਪੁਰਖ ਦਾ ਵਾਸਾ ਹੁੰਦਾ ਹੈ) ਬਾਰੇ ਬਹੁਤਾ ਕੁੱਝ ਕਹਿਣਾ ਸੰਭਵ ਨਹੀਂ ਹੈ ਕਿਉਂਕਿ ਉਹ ਬਹੁਤ ਉੱਚੀ ਅਵੱਸਥਾ ਵਾਲੇ ਬਣ ਜਾਂਦੇ ਹਨ।

ਪਰ ਜਿਹੜੇ ਨਾਮ -ਰਸ ਪੀਣ ਦੀ ਬਜਾਏ, ਪ੍ਰਭੂ ਦੀਆਂ ਦਾਤਾਂ ਵਿਚ ਹੀ ਗ਼ਲਤਾਨ ਰਹਿੰਦੇ ਹਨ, ਉਹ ਉਸ ਅਕਾਲ ਪੁਰਖ ਦੀਆਂ ਬਖ਼ਸ਼ਿਸ਼ਾਂ ਤੋਂ ਵਾਂਝੇ ਹੀ ਰਹਿੰਦੇ ਹਨ। ਕੇਂਦਰੀ ਭਾਵ : ਇਸ ਸ਼ਬਦ ਦਾ ਕੇਂਦਰੀ ਭਾਵ ਤੇ ਉਪਦੇਸ਼ ਇਹੀ ਹੈ ਕਿ ਖਾਣ, ਪੀਣ, ਪਹਿਨਣ, ਵਰਤਣ ਵਾਲੀਆਂ ਵਸਤਾਂ ਨੂੰ ਸੰਜਮ ਨਾਲ ਵਰਤੋ ਤੇ ਕਿਸੇ ਵੀ ਵਸਤ ਦਾ ਚਸਕਾ ਨਾ ਪੈਦਾ ਹੋਣ ਦਿਉ ਵਰਨਾ ਉਹ ਲਾਭਦਾਇਕ ਹੋਣ ਦੀ ਥਾਂ ਹਾਨੀਕਾਰਕ ਬਣ ਜਾਏਗੀ। ਦੂਜਾ, ਬੋਲਣ ਲਗਿਆਂ ਹਮੇਸ਼ਾ ਚੰਗਾ ਬੋਲੋ ਤੇ ਮੰਦਾ ਬੋਲਣ ਦੀ ਰੁਚੀ ਦਾ ਤਿਆਗ ਕਰੋ। ਪ੍ਰਮਾਤਮਾ ਵੀ ਉੁਨ੍ਹਾਂ ਨਾਲ ਹੀ ਖ਼ੁਸ਼ ਹੁੰਦਾ ਹੈ ਜੋ ਸੰਸਾਰੀ ਵਸਤਾਂ ਨੂੰ ਸੰਜਮ ਨਾਲ ਵਰਤਦੇ ਹਨ ਤੇ ਬੋਲਣ ਲਗਿਆਂ, ਚੰਗਾ ਹੀ ਬੋਲਦੇ ਹਨ।