ਸੋ ਦਰ ਤੇਰਾ ਕਿਹਾ- ਕਿਸਤ 62

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਅਧਿਆਏ - 25

So Dar Tera Keha-62

ਸਿਰੀ ਰਾਗੁ ਮਹਲਾ ੧
ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ।।
ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ।।
ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ ।।੧।।

ਨਾਨਕ ਸਾਚੇ ਕਉ ਸਚੁ ਜਾਣੁ।।
ਜਿਤੁ ਸੇਵਿਐ ਸੁਖੁ ਪਾਈਐ
ਤੇਰੀ ਦਰਗਹ ਚਲੈ ਮਾਣੁ ।।੧।। ਰਹਾਉ।।

ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ।।
ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ।।
ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ ।।੨।।
ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ।।

ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ।।
ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ ।।੩।।
ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ।।
ਤਿਸੁ ਵਿਣੁ ਸਭੁ ਅਪਵਿਤ੍ਰ ਹੈ ਜੇਤਾ ਪੈਨਣੁ ਖਾਣੁ।।
ਹੋਰਿ ਗਲਾ ਸਭਿ ਕੂੜੀਆ ਤੁਧੁ ਭਾਵੈ ਪਰਵਾਣੁ ।।੪।।

ਬਾਬਾ ਨਾਨਕ ਨੇ ਇਸ ਸ਼ਬਦ ਵਿਚ ਅਕਾਲ ਪੁਰਖ ਦਾ ਇਕ ਭੇਤ ਖੋਲ੍ਹਿਆ ਹੈ ਕਿ ਉਸ ਨੇ ਆਪ ਅਪਣੇ ਜੀਵਾਂ ਨੂੰ ਕੂੜ ਦਾ ਇਕ ਤਰ੍ਹਾਂ ਦਾ ਅਫ਼ੀਮ ਦਾ ਗੋਲਾ ਖਵਾ ਕੇ ਅਪਣੇ ਤੋਂ ਦੂਰ ਕੀਤਾ ਹੋਇਆ ਹੈ ਤੇ ਉਸ ਦੇ ਅਸਰ ਹੇਠ ਹੀ ਮਨੁੱਖ ਇਸ ਸੰਸਾਰ ਨੂੰ ਅਸਲ ਸਮਝ ਬੈਠਦਾ ਹੈ ਤੇ ਭੁੱਲ ਹੀ ਜਾਂਦਾ ਹੈ ਕਿ ਉਸ ਦਾ ਅਸਲ ਟਿਕਾਣਾ ਇਹ ਕੂੜਾ ਸੰਸਾਰ ਨਹੀਂ ਹੈ, ਜਿਸ ਦੀ ਹਰ ਸ਼ੈ ਮਰ ਜਾਣ ਵਾਲੀ ਤੇ ਮਿਟ ਜਾਣ ਵਾਲੀ ਹੈ ਜਦਕਿ ਮਨੁੱਖ ਦੀ ਅਸਲ ਮੰਜ਼ਲ ਉਹ ਸੰਸਾਰ ਹੈ ਜਿਥੇ ਕਿਸੇ ਚੀਜ਼ ਦਾ ਲੇਖਾ ਜੋਖਾ ਨਹੀਂ, ਜਿਥੇ ਮੌਤ ਨਹੀਂ ਤੇ ਜਿਥੇ ਸੱਭ ਕੁੱਝ ਅਨੰਤ, ਅਨਾਦ, ਆਕਾਰ-ਰਹਿਤ (ਇਸ ਲਈ ਸਦਾ ਰਹਿਣ ਵਾਲੀ) ਹੁੰਦੀ ਹੈ।

ਕੂੜ ਦੇ ਅਫ਼ੀਮੀ ਗੋਲੇ ਦਾ ਅਸਰ, ਮਨੁੱਖ ਨੂੰ ਭੁਲੇਖਿਆਂ ਦੇ ਕੂੜੇ ਸੰਸਾਰ ਵਿਚ ਹੀ ਸੰਵਾਈ ਰਖਦਾ ਹੈ। ਹਿੰਦੁਸਤਾਨ ਅਤੇ ਚੀਨ ਵਿਚ ਸਦੀਆਂ ਤੋਂ ਇਹ ਰਿਵਾਜ ਚਲਿਆ ਆਉਂਦਾ ਸੀ ਕਿ ਮਾਵਾਂ ਅਪਣੇ ਬੱਚਿਆਂ ਨੂੰ ਅਫ਼ੀਮ ਦੀ ਇਕ ਛੋਟੀ ਜਿਹੀ ਗੋਲੀ ਦੇ ਕੇ ਸੰਵਾ ਦੇਂਦੀਆਂ ਸਨ ਤਾਕਿ ਬੱਚਾ ਪੰਜ ਛੇ ਘੰਟੇ ਸੁੱਤਾ ਰਹੇ ਤੇ ਉਸ ਸਮੇਂ ਦੌਰਾਨ ਮਾਂ ਅਪਣੇ ਘਰ ਦਾ ਸਾਰਾ ਕੰਮ ਮੁਕਾ ਲਵੇ। ਜਿਉਂ ਹੀ ਮਾਂ ਦਾ ਸਾਰਾ ਘਰੇਲੂ ਕੰਮ (ਚੌਕਾ ਚੁਲ੍ਹਾ, ਵਿਹੜਾ ਪੋਚਾ ਆਦਿ) ਖ਼ਤਮ ਹੋ ਜਾਂਦਾ ਹੈ, ਉਹ ਚਾਹੁਣ ਲਗਦੀ ਹੈ ਕਿ ਬੱਚਾ ਹੁਣ ਜਾਗ ਪਵੇ ਤੇ ਮਾਂ ਵੀ ਉਸ ਨੂੰ ਲਾਡ-ਪਿਆਰ ਕਰ ਲਵੇ ਤੇ ਛਾਤੀ ਨਾਲ ਲਾ ਲਵੇ।

ਇਸ ਤੋਂ ਪਹਿਲਾਂ, ਕੰਮ ਮੁੱਕਣ ਤੀਕ ਉਹ ਨਹੀਂ ਸੀ ਚਾਹੁੰਦੀ ਕਿ ਉਸ ਦਾ ਕੰਮ ਖ਼ਤਮ ਹੋਣ ਤੋਂ ਪਹਿਲਾਂ ਹੀ ਬੱਚਾ ਜਾਗ ਪਵੇ। ਬਾਬਾ ਨਾਨਕ ਵੀ ਕਿਸੇ ਅਜਿਹੀ ਹੀ ਸਥਿਤੀ ਦੀ ਪਿਠ-ਭੂਮੀ ਵਿਚ ਦਸ ਰਹੇ ਹਨ ਕਿ ਹੇ ਮਨੁੱਖ ਤੈਨੂੰ ਕੂੜ ਦਾ ਅਫ਼ੀਮ ਦਾ ਗੋਲਾ ਦੇ ਕੇ ਉਸ ਪ੍ਰਭੂ ਨੇ ਤੈਨੂੰ ਸੰਵਾ ਦਿਤਾ ਹੈ ਅਤੇ ਤੂੰ ਯਾਦ ਰਖਣਾ ਹੈ ਕਿ ਤੂੰ ਇਸ ਕੂੜ ਦੇ ਅਫ਼ੀਮੀ ਗੋਲੇ ਦੇ ਪ੍ਰਭਾਵ ਹੇਠੋਂ ਨਿਕਲ ਕੇ, ਵਾਪਸ ਅਪਣੇ ਪ੍ਰਭੂ (ਜੋ ਤੇਰਾ ਪਿਤਾ ਵੀ ਹੈ ਤੇ ਮਾਤਾ ਵੀ) ਦੇ ਗਲੇ ਲਗਣਾ ਹੈ ਤੇ ਉਸ ਨਾਲ ਲਾਡ ਪਿਆਰ ਕਰਨਾ ਹੈ। ਪਰ ਤੂੰ ਹੈਂ ਕਿ ਅਫ਼ੀਮ ਦੇ ਗੋਲੇ ਦੇ ਅਸਰ ਹੇਠੋਂ ਨਿਕਲਣਾ ਹੀ ਨਹੀਂ ਚਾਹੁੰਦਾ ਤੇ ਇਸ ਸੰਸਾਰ ਦੇ ਹਨੇਰੇ ਵਿਚ ਹੀ ਗੁੰਮ ਹੋਇਆ ਰਹਿਣਾ ਚਾਹੁੰਦਾ ਹੈਂ।

ਇਹ ਅਫ਼ੀਮ ਦਾ ਨਸ਼ਾ ਵੀ, ਨਸ਼ਈ ਨੂੰ ਥੋੜ ਚਿਰੀ ਮੌਜ ਦਾ ਅਹਿਸਾਸ ਤਾਂ ਦੇਂਦਾ ਹੈ ਤੇ ਅਫ਼ੀਮੀ (ਜਿਸ ਨੂੰ ਅਫ਼ੀਮ ਦੇ ਨਸ਼ੇ ਵਿਚ ਰਹਿਣ ਦੀ ਆਦਤ ਹੀ ਪੈ ਚੁੱਕੀ ਹੋਵੇ) ਇਸ 'ਮੌਜ' 'ਚੋਂ ਬਾਹਰ ਨਿਕਲਣਾ ਹੀ ਨਹੀਂ ਚਾਹੁੰਦਾ। ਬਾਬਾ ਨਾਨਕ ਕਹਿੰਦੇ ਹਨ ਕਿ ਅਫ਼ੀਮ ਦੇ ਇਸ ਨਸ਼ੇ ਵਿਚੋਂ ਮਨੁੱਖ ਨੂੰ ਕੱਢਣ ਲਈ ਉਨ੍ਹਾਂ ਕੋਲ ਇਕ ਸ਼ਰਾਬ ਹੈ ਜਿਸ ਨੂੰ ਪੀ ਕੇ, ਮਨੁੱਖ ਉਸ ਅਕਾਲ ਪੁਰਖ ਦੇ ਸੰਸਾਰ ਵਿਚ ਪਹੁੰਚ ਜਾਂਦਾ ਹੈ ਜਾਂ ਉਧਰ ਜਾਣ ਲਈ ਯਤਨ ਸ਼ੁਰੂ ਕਰ ਦੇਂਦਾ ਹੈ।

ਦੇਸੀ ਸ਼ਰਾਬ ਕੱਢਣ ਲਈ ਤਾਂ ਇਸ ਵਿਚ ਗੁੜ ਪਾਇਆ ਜਾਂਦਾ ਹੈ ਪਰ ਬਾਬਾ ਨਾਨਕ ਦੀ ਸ਼ਰਾਬ ਦਾ ਨੁਸਖ਼ਾ ਵਖਰਾ ਹੈ। ਵਖਰਾ ਹੋਵੇਗਾ ਤਾਂ ਹੀ ਤਾਂ ਇਸ ਦਾ 'ਨਸ਼ਾ' ਹੋਸ਼ ਭੁਲਾਉਣ ਦਾ ਕੰਮ ਨਹੀਂ ਕਰੇਗਾ ਸਗੋਂ ਹੋਸ਼ ਦੇ ਪਰਦੇ ਖੋਲ੍ਹ ਕੇ ਉਸ ਸੱਚ ਦੇ ਪਰਦੇ ਖੋਲ੍ਹ ਦੇਂਦਾ ਹੈ ਜਿਸ ਨੂੰ ਜਾਣਨ ਲਈ, ਰਿਸ਼ੀ ਮੁਨੀ ਸਾਰੀ ਉਮਰ ਭਟਕਦੇ ਰਹਿੰਦੇ ਹਨ ਤੇ ਸ੍ਰੀਰ ਨੂੰ ਯਾਤਨਾਵਾਂ ਦੇਂਦੇ ਰਹਿੰਦੇ ਹਨ।

ਚਲਦਾ...