ਸੋ ਦਰ ਤੇਰਾ ਕੇਹਾ - ਕਿਸਤ - 31

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਸੁਣਿ ਵਡਾ ਆਖੈ ਸਭੁ ਕੋਇ ।। ਕੇਵਡੁ ਵਡਾ ਡੀਠਾ ਹੋਇ ।।

So Dar Tera Keha

ਸੁਣਿ ਵਡਾ ਆਖੈ ਸਭੁ  ਕੋਇ ।।
ਕੇਵਡੁ ਵਡਾ ਡੀਠਾ ਹੋਇ ।।
ਕੀਮਤਿ ਪਾਇ ਨ ਕਹਿਆ ਜਾਇ ।।  
ਕਹਣੈ ਵਾਲੇ ਤੇਰੇ ਰਹੇ ਸਮਾਇ ।।੧।।

ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣਿ ਗਹੀਰਾ।।
ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ।।੧।।ਰਹਾਉ।।
ਸਭਿ ਸੁਰਤੀ  ਮਿਲਿ ਸੁਰਤਿ ਕਮਾਈ ।।
ਸਭਿ ਕੀਮਤਿ ਮਿਲਿ ਕੀਮਤਿ ਪਾਈ ।।

ਗਿਆਨੀ ਧਿਆਨੀ ਗੁਰ  ਗੁਰਹਾਈ ।।
ਕਹਣੁ ਨ ਜਾਈ ਤੇਰੀ ਤਿਲੁ ਵਡਿਆਈ।। ੨।।
ਸਭਿ ਸਤ ਸਭਿ ਤਪ ਸਭਿ ਚੰਗਿਆਈਆ ।।
ਸਿਧਾ ਪੁਰਖ ਕੀਆ ਵਡਿਆਈਆ ।।

ਤੁਧ ਵਿਣੁ ਸਿਧੀ ਕਿਨੈ ਨ ਪਾਈਆ ।।
ਕਰਮਿ ਮਿਲੈ ਨਾਹੀ ਠਾਕਿ ਰਹਾਈਆ ।।੩।।
ਆਖਣ ਵਾਲਾ ਕਿਆ ਵੇਚਾਰਾ।।
ਸਿਫਤੀ ਭਰੇ ਤੇਰੇ ਭੰਡਾਰਾ।।

ਜਿਸ  ਤੂ ਦੇਹਿ ਤਿਸੈ ਕਿਆ ਚਾਰਾ।।
ਨਾਨਕ ਸਚੁ  ਸਵਾਰਣਹਾਰਾ ।।੪।।੨।।

'ਸੋਦਰੁ੧' ਵਾਲੇ ਸ਼ਬਦ ਵਿਚ ਅਸੀ  ਇਹ ਗੱਲ ਵਿਚਾਰ ਚੁੱਕੇ  ਹਾਂ ਕਿ 'ਤੇਰਾ' ਸ਼ਬਦ ਦੇ ਅਰਥ ਰੂਹਾਨੀ ਕਾਵਿ ਵਿਚ 'ਤੇਰਾ' ਨਹੀ ਹੁੰਦੇ ਸਗੋਂ  'ਉਸ ਪ੍ਰਭੂ ਦਾ' ਹੁੰਦੇ
ਹਨ। ਆਸਾ ਮਹਲਾ ੧ ਦੇ ਇਸ ਸ਼ਬਦ ਵਿਚ ਉਸ ਅਕਾਲ ਪੁਰਖ  ਦੇ ਦਰ ਬਾਰੇ ਪੁੱਛੇ  ਗਏ 13 ਸਵਾਲਾਂ ਦਾ ਜਵਾਬ ਦੇਣ ਉਪਰੰਤ, ਬਾਬਾ ਨਾਨਕ ਜਗਿਆਸੂ ਨੂੰ ਸਾਰਾ ਜੋਰਇਸ ਗੱਲ ਵਲ ਲਗਾ ਦੇਣ ਲਈ ਹੀ ਪ੍ਰੇਰਦੇ ਨਜ਼ਰ ਆਉਂਦੇ ਹਨ ਕਿ ਹੋਰ ਗੱਲਾਂ ਛੱਡ ਕੇ ਉਸ ਪ੍ਰਭੂ ਪ੍ਰਮਾਤਮਾਨੂੰ ਸਮਝ ਤੇ ਉਸ ਦੀਆਂ ਵਡਿਆਈਆਂ ਨੂੰ ਸਮਝ। ਮਨੁੱਖ ਦੀ ਕਮਜ਼ੋਰੀ ਇਹ ਹੈ ਕਿ ਬਹੁਤ ਤੇਜ਼ ਚਮਕਦੇ ਸੂਰਜ ਵਲ ਵੀ ਇਹ ਅੱਖਾਂ  ਖ ̄ਲ੍ਹ ਕੇ ਨਹੀ ਵੇਖ ਸਕਦਾ।

ਪ੍ਰਮਾਤਮਾ ਦੀ ਰੋਸ਼ਨੀ ਲੱਖਾਂ ਕਰੋੜਾਂ  ਸੂਰਜਾਂ ਨਾਲੋ  ਵੀ ਜ਼ਿਆਦਾ ਤਿੱਖੀ , ਤੇਜ਼ ਤੇ ਚੁੰਧਿਆ ਦੇਣ ਵਾਲੀ ਹੈ ਪਰ ਜਿਵੇ ਧਰਤੀ ਦੇ ਮਨੁੱਖ  ਦਾ ਵੀ ਸੂਰਜ ਦੀ ਰੋਸ਼ਨੀ  ਬਗ਼ੈਰ ਚਾਰਾ ਨਹੀ ਹੈ, ਇਸੇ ਤਰ੍ਹਾਂ ਸਾਡੀ ਰੂਹ ਦਾ ਵੀ ਰੱਬੀ  ਚਾਨਣ ਤੋਂ  ਬਿਨਾਂ ਗੁਜ਼ਾਰਾ ਨਹੀ।ਜਦ ਬਾਬਾ ਨਾਨਕ ਇਹ ਉਪਦੇਸ਼ ਦੇਂਦੇ ਹਨ ਤਾਂ ਕੁਦਰਤੀ ਹੈ, ਜਗਿਆਸੂ ਦਾ ਅਗਲਾ ਸਵਾਲ ਹੋਵੇਗਾ, ''ਫਿਰ ਉਹ ਸੂਰਜਾਂ ਦਾ ਸੂਰਜ, ਸ੍ਰਿਸ਼ਟੀ ਦਾ ਮਾਲਕ ਕਿੰਨਾ ਕੁ ਵੱਡਾ ਹੋਵੇਗਾ? ਮੈਂ ਉਸ ਸਾਰੇ ਨੂੰ ਵੇਖ ਕਿਵੇਂ ਸਕਾਂਗਾ? ਇਕ ਪਹਾੜ ਨੂੰ ਵੇਖਣਾ ਹੋਵੇ ਤਾਂ ਸਵੇਰ ਤੋਂ ਸ਼ਾਮ ਪੈ ਜਾਂਦੀ ਹੈ ਪਰ ਪੂਰਾ ਨਹੀਂ ਵੇਖਿਆ ਜਾ ਸਕਦਾ।

ਉਹ ਏਨਾ ਵੱਡਾ ਪ੍ਰਭੂ ਕਿੰਨਾ ਕੁ ਵੱਡਾ ਹੋਵੇਗਾ?'' ਬਾਬਾ ਨਾਨਕ ਇਸ ਪ੍ਰਸ਼ਨ ਦਾ ਉੱਤਰ ਦੇਣ ਲਗਿਆਂ 'ਵਜਦ' ਵਿਚ ਆ ਜਾਂਦੇ ਹਨ। ਵਜਦ ਇਕ ਰੁਹਾਨੀ ਅਵੱਸਥਾ ਹੈ ਜਿਸ ਵਿਚ ਪਹਿਲਾਂ ਵੇਖੀ ਹੋਈ ਕਿਸੇ ਚੀਜ਼ ਨੂੰ ਯਾਦ ਕਰ ਕੇ ਮਨ ਖਿੜ ਉਠਦਾ ਹੈ ਪਰ ਬਿਆਨ ਕਰਨ ਤੋਂ ਜ਼ੁਬਾਨ ਰੁਕ ਰੁਕ ਜਾਂਦੀ ਹੈ। ਆਮਦੁਨਿਆਵੀ ਭਾਸ਼ਾ ਵਿਚ ਸਮਝਣਾ ਹੋਵੇ ਤਾਂ ਉਹ ਦ੍ਰਿਸ਼ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰੋ ਜਦ ਬੰਦਾ ਅਪਣੀ ਮਰ ਚੁੱਕੀ ਮਾਂ ਨੂੰ ਯਾਦ ਕਰਦਾ ਹੋਇਆ ਕਹਿੰਦਾ ਹੈ, ''ਬੇਬੇ ਦੇ ਪਰੌਂਠਿਆਂ ਵਿਚ ਪਤਾ ਨਹੀਂ ਜਿਵੇਂ ਅੰਮ੍ਰਿਤ ਭਰਿਆ ਹੁੰਦਾ ਸੀ।

ਏਨੇ ਪਿਆਰ ਨਾਲ ਤਿਆਰ ਕਰਦੀ ਸੀ ਕਿ ਖਾਈ ਜਾਂਦੇ ਸਾਂ, ਖਾਈ ਜਾਂਦੇ ਸਾਂ, ਢਿਡ ਫਟਣ ਤੇ ਆ ਜਾਂਦਾ ਸੀ ਪਰ ਹੋਰ ਹੋਰ ਖਾਣ ਨੂੰ ਦਿਲ ਕਰੀ ਜਾਂਦਾ ਸੀ। ਹੁਣ ਕੀ ਦੱਸਾਂ ਉਨ੍ਹਾਂ ਦਾ ਸਵਾਦ? ਉਸ ਨੂੰ ਯਾਦ ਹੀ ਕੀਤਾ ਜਾ ਸਕਦਾ ਹੈ, ਬਿਆਨ ਨਹੀਂ ਕੀਤਾ ਜਾ ਸਕਦਾ। ਸਾਰੀ ਦੁਨੀਆਂ ਦੀਆਂ ਚੰਗੀਆ ਚੀਜ਼ਾਂ ਇਕਪਾਸੇ ਤੇ ਬੇਬੇ ਦੇ ਪਰੌਂਠੇ ਇਕ ਪਾਸੇ....।''

ਚਲਦਾ.....