ਸੋ ਦਰ ਤੇਰਾ ਕੇਹਾ - ਕਿਸਤ - 33

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਬਾਬਾ ਨਾਨਕ ਫ਼ੁਰਮਾਉਂਦੇ ਹਨ, ਤੁਸੀ ਅਜਿਹੇ ਦਾਅਵੇ ਕਰਨ ਵਾਲੇ ਇੱਕਦੁੱਕਾ ਮਨੁੱਖ ਦੀ ਗੱਲ ਕਰਦੇ ਹੋ....

So Dar Tera Keha

ਅੱਗੇ ....

ਬਾਬਾ ਨਾਨਕ ਫ਼ੁਰਮਾਉਂਦੇ ਹਨ, ਤੁਸੀ ਅਜਿਹੇ ਦਾਅਵੇ ਕਰਨ ਵਾਲੇ ਇੱਕਦੁੱਕਾ ਮਨੁੱਖ ਦੀ ਗੱਲ ਕਰਦੇ ਹੋ, ਮੈਂ ਤੁਹਾਨੂੰ ਕਹਿੰਦਾ ਹਾਂ ਕਿ ਕਿਸੇ ਇਕ ਨੇ ਨਹੀਂ, ਸਾਰਿਆਂ ਨੇ ਹੀ ਕੋਸ਼ਿਸ਼ ਕਰ ਲਈ ਹੈ ਕਿ ਅਪਣੇ ਅਪਣੇ ਢੰਗਾਂ ਤਰੀਕਿਆਂ ਨਾਲ ਉਸ ਪ੍ਰਮਾਤਮਾ ਦੀ ਵਡਿਆਈ ਦਾ ਰਾਜ਼ ਜਾਣ ਲੈਣ ਪਰ ਸਾਰੇ ਹੀ ਹਾਰ ਚੁੱਕੇ ਹਨ, ਕਿਸੇ ਨੂੰ ਸਫ਼ਲਤਾ ਨਹੀਂ ਮਿਲੀ।

ਕਈ ਇਹ ਸੋਚਦੇ ਸਨ ਕਿ ਸੁਰਤ ਨੂੰ ਇਕਾਗਰ ਕਰ ਕੇ ਤੇ ਭੂ-ਮੰਡਲ ਤੋਂ ਉਤਾਂਹ ਚੁਕ ਕੇ (ਤੇ ਏਨਾ ਚਿਰ ਸ੍ਰੀਰ ਨੂੰ ਸਿੱਥਲ/ਨਿੱਸਲ ਜਾਂ ਲਗਭਗ ਬੇਜਾਨ ਕਰ ਕੇ) ਉਸ ਪ੍ਰਮਾਤਮਾ ਤਕ ਪੁੱਜਣ ਦੀ ਕੋਸ਼ਿਸ਼ ਕੀਤੀ ਜਾਏ ਤਾਂ ਸੁਰਤ, ਸਾਰੇ ਮੰਡਲਾਂ ਨੂੰ ਪਾਰ ਕਰਦੀ ਹੋਈ, ਸਚਖੰਡ ਪਹੁੰਚ ਜਾਂਦੀ ਹੈ ਤੇ ਪ੍ਰਮਾਤਮਾ ਦਾ ਭੇਦ ਪਾ ਸਕਦੀ ਹੈ। ਬਾਬਾ ਨਾਨਕ ਫ਼ੁਰਮਾਉਂਦੇ ਹਨ ਕਿ ਕਿਸੇ ਇਕ ਨੇ ਹੀ ਨਹੀਂ, ਅਜਿਹਾ ਸੋਚਣ ਵਾਲੇ ਸਾਰਿਆਂ ਨੇ ਹੀ ਸੁਰਤ ਨੂੰ ਇਕ ਬਿੰਦੂ 'ਤੇ ਟਿਕਾ ਕੇ ਵੇਖ ਲਿਆ ਹੈ ।

ਪਰ ਉੁਨ੍ਹਾਂ ਨੂੰ ਕੋਈ ਸਫ਼ਲਤਾ ਨਹੀਂ ਮਿਲੀ। ਨਾਭੀ ਤੋਂ ਲੈ ਕੇ 'ਦਸਮ ਦੁਆਰ' ਤਕ ਦੀਆਂ ਕਈ ਅਟਕਲਾਂ ਇਸ 'ਸੁਰਤ ਪ੍ਰਣਾਲੀ' ਵਾਲਿਆਂ ਦੀ ਹੀ ਦੇਣ ਹਨ ਭਾਵੇਂ ਕਿ ਇਹ ਹਕੀਕਤ ਉਤੇ ਆਧਾਰਤ ਨਹੀਂ ਹਨ ਤੇ ਕੇਵਲ ਅਨੁਮਾਨ-ਆਧਾਰਤ ਹੀ ਹਨ। ਸਾਡੇ ਵੇਦਿਕ ਕਥਾ ਪ੍ਰਣਾਲੀ ਦੇ ਰੰਗ ਵਿਚ ਰੰਗੇ ਹੋਏ ਕਥਾਕਾਰ ਇਨ੍ਹਾਂ ਦਾ ਜ਼ਿਕਰ ਬੜਾ ਸਵਾਦ ਲੈ ਕੇ ਕਰਦੇ ਸੁਣੇ ਜਾ ਸਕਦੇ ਹਨ ਹਾਲਾਂਕਿ ਵੇਦਿਕ ਕਥਾ ਪ੍ਰਣਾਲੀ ਤੋਂ ਆਜ਼ਾਦ ਹੋ ਕੇ ਵੇਖੀਏ ਤਾਂ ਬਾਬਾ ਨਾਨਕ ਇਨ੍ਹਾਂ ਨੂੰ ਰੱਦ ਹੀ ਕਰਦੇ ਹਨ।

ਇਸੇ ਤਰ੍ਹਾਂ ਦੁਨੀਆਂ ਜਹਾਨ ਦੀ ਹਰ ਚੀਜ਼ ਦੀ ਕੀਮਤ ਪਾਉਣ ਵਾਲੇ ਮਾਹਰਾਂ ਨੇ ਵੀ ਦਾਅਵਾ ਕੀਤਾ ਕਿ ਉਹ ਹਰ ਚੀਜ਼ ਦੀ ਕੀਮਤ ਪਾ ਸਕਦੇ ਹਨ ਤੇ ਇਸ ਤਰ੍ਹਾਂ ਕੀਤਿਆਂ ਹੀ ਪਤਾ ਲੱਗ ਸਕਦਾ ਹੈ ਕਿ ਕੋਈ ਕਿੰਨਾ ਕੁ ਵੱਡਾ ਹੈ। ਇਨ੍ਹਾਂ 'ਸਾਰਿਆਂ' ਨੇ ਰਲ ਕੇ ਇਹ ਯਤਨ ਵੀ ਕਰ ਲਿਆ ਹੈ ਪਰ ਸਫ਼ਲ ਨਹੀਂ ਹੋਏ। ਇਸ ਤੋਂ ਇਲਾਵਾ ਗਿਆਨੀ ਧਿਆਨੀ ਅਰਥਾਤ ਦੁਨੀਆਂ ਦੇ ਸਾਰੇ ਧੁਰੰਦਰ ਵਿਦਵਾਨਾਂ ਨੇ ਅਪਣੀ ਵਿਦਵਤਾ ਦੇ ਸਾਰੇ ਪੈਮਾਨਿਆਂ ਨੂੰ ਵਰਤ ਕੇ ਵੀ ਇਹ ਜਾਣਨ ਦੀ ਕੋਸ਼ਿਸ਼ ਕਰ ਲਈ ਹੈ ਕਿ ਉਹ ਅਕਾਲ ਪੁਰਖ ਕਿੰਨਾ ਕੁ ਵੱਡਾ ਹੈ ਪਰ ਉਹ ਵੀ ਸਫ਼ਲ ਨਹੀਂ ਹੋ ਸਕੇ।

ਫਿਰ ਕੁੱਝ ਲੋਕ ਹੋਰ ਹਨ ਜੋ ਅਪਣੇ ਆਪ ਨੂੰ ਗੁਰੂ ਅਖਵਾਉਂਦੇ ਹਨ ਤੇ ਕੁੱਝ ਹੋਰ ਹਨ ਜੋ ਉੁਨ੍ਹਾਂ ਗੁਰੂਆਂ ਦੇ ਵੀ ਗੁਰੂ ਅਖਵਾਂਦੇ ਹਨ। ਉੁਨ੍ਹਾਂ ਸਾਰਿਆਂ ਨੇ ਵੀ ਆਪੋ ਅਪਣੇ ਢੰਗ ਨਾਲ ਇਹ ਕੋਸ਼ਿਸ਼ਕਰ ਵੇਖੀ ਹੈ ਪਰ ਸਫ਼ਲ ਕੋਈ ਵੀ ਨਹੀਂ ਹੋਇਆ। ਇਹਨਾਂ ਸਾਰਿਆਂ ਨੇ ਮਿਲ ਕੇ ਵੀ, ਉਸ ਪ੍ਰਮਾਤਮਾ ਦੀ ਪੂਰੀ ਵਡਿਆਈ ਤਾਂ ਕੀ ਬਿਆਨ ਕਰਨੀ ਸੀ, ਉਸ ਵਡਿਆਈ ਦਾ ਤਿਲ ਮਾਤਰ ਵੀ ਬਿਆਨ ਨਹੀਂ ਕਰ ਸਕੇ (ਇਥੇ ਇਹ ਵੀ ਨੋਟ ਕੀਤਾ ਜਾਏ ਕਿ ਪਿਛਲੀ ਸਦੀ ਵਿਚ ਸਾਇੰਸਦਾਨ ਵੀ ਬੜੇ ਆਸਵੰਦ ਸਨ ।

ਕਿ ਉਹ ਦੁਨੀਆਂ ਦਾ ਸੱਭ ਤੋਂ ਵੱਡਾ ਭੇਤ ਜਾਣਨ ਵਿਚ ਸਫ਼ਲ ਹੋ ਜਾਣਗੇ ਪਰ ਇਸ ਸਦੀ ਵਿਚ ਦਾਖ਼ਲ ਹੁੰਦਿਆਂ ਹੀ, ਸਾਇੰਸਦਾਨ ਵੀ ਖੁਲ੍ਹ ਕੇ ਕਹਿਣ ਲੱਗ ਪਏ ਹਨ ਕਿ ਇਹ ਦਸ ਸਕਣਾ ਵੀ ਉੁਨ੍ਹਾਂ ਦੇ ਵੱਸ ਤੋਂ ਬਾਹਰ ਦੀ ਗੱਲ ਹੁੰਦਾ ਜਾ ਰਿਹਾ ਹੈ ਕਿ ਸਾਰਾ ਬ੍ਰਹਿਮੰਡ ਆਖ਼ਰ ਹੈ ਕਿੰਨਾ ਕੁ ਵੱਡਾ)।

ਸੰਖੇਪ ਵਿਚ ਜਿੰਨੇ ਵੀ ਦਾਅਵੇ ਕੀਤੇ ਜਾਂਦੇ ਹਨ ਕਿ ਫ਼ਲਾਣੀਆਂ ਫ਼ਲਾਣੀਆਂ ਸ਼ਕਤੀਆਂ (ਰਿਧੀਆਂ ਸਿਧੀਆਂ, ਜਪ ਤਪ) ਰਾਹੀਂ ਪ੍ਰਮਾਤਮਾ ਦਾ ਭੇਤ ਪਾਇਆ ਜਾ ਸਕਦਾ ਹੈ ਤੇ ਉਪ੍ਰੋਕਤ ਸ਼ਕਤੀਆਂ ਦੇ ਸਹਾਰੇ, ਬੰਦਾ ਆਪ ਬ੍ਰਹਮ ਗਿਆਨੀ ਬਣ ਸਕਦਾ ਹੈ, ਇਨ੍ਹਾਂ ਵਿਚ ਕੋਈ ਸਚਾਈ ਨਹੀਂ ਹੈ। ਕਿਉਂ ਸਚਾਈ ਨਹੀਂ?

ਚਲਦਾ...