ਸੋ ਦਰ ਤੇਰਾ ਕੇਹਾ - ਕਿਸਤ - 36

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਬਾਬਾ ਨਾਨਕ 'ਸੋਦਰੁ' ਵਾਲੇ ਸਾਰੇ ਹੀ ਸ਼ਬਦਾਂ ਵਿਚ ਇਕ ਲੜੀ ਵਿਚ ਉਨ੍ਹਾਂ ਪ੍ਰਸ਼ਨਾਂ ਉੱਤਰਾਂ ਨੂੰ ਪਰੋ ਕੇ ਪੇਸ਼ ਕਰਦੇ...

So Dar Tera Keha

ਅੱਗੇ .....

'ਸੋਦਰੁ', ਵਾਲੇ ਅਕਾਲ ਪੁਰਖ,

ਬਾਬਾ ਨਾਨਕ 'ਸੋਦਰੁ' ਵਾਲੇ ਸਾਰੇ ਹੀ ਸ਼ਬਦਾਂ ਵਿਚ ਇਕ ਲੜੀ ਵਿਚ ਉਨ੍ਹਾਂ ਪ੍ਰਸ਼ਨਾਂ ਉੱਤਰਾਂ ਨੂੰ ਪਰੋ ਕੇ ਪੇਸ਼ ਕਰਦੇ ਹਨ ਜੋ 'ਸੋਦਰੁ', ਵਾਲੇ ਅਕਾਲ ਪੁਰਖ, ਉਸ ਦੀ ਵਡਿਆਈ, ਉਸ ਨੂੰ ਪ੍ਰਾਪਤ ਕਰਨ ਲਈ ਜਪ ਤਪ, ਰਿਧੀਆਂ ਸਿਧੀਆਂ, ਸੁਰਤ ਟਿਕਾਉਣ ਆਦਿ ਕਰਮਕਾਂਡਾਂ ਦੀ ਨਿਰਰਥਕਤਾ ਆਦਿ ਬਾਰੇ ਪ੍ਰਸ਼ਨਾਂ ਦਾ ਉੱਤਰ ਦੇਂਦੇ ਹੋਏ, ਹੁਣ ਉਪਰਲੇ ਸ਼ਬਦ ਵਿਚ, ਇਕ ਬੜਾ ਵਿਸ਼ੇਸ਼ ਸੰਦੇਸ਼ਾ ਦੇ ਰਹੇ ਹਨ ਕਿ ਦੁਨੀਆਂ ਦੇ ਮਨੁੱਖਾਂ ਦੀਆਂ ਕੁਲ ਦੋ ਹੀ ਜਾਤਾਂ ਹਨ - ਇਕ ਉੱਚੀ ਤੇ ਇਕ ਨੀਵੀ।

ਉੱਚੀ ਜਾਤ ਉਹ ਹੁੰਦੀ ਹੈ ਜੋ ਅਪਣੇ ਮਾਲਕ ਅਥਵਾ ਅਕਾਲ ਪੁਰਖ ਨੂੰ ਸਦਾ ਯਾਦ ਰਖਦੀ ਹੈ ਜਾਂ ਉਸ ਨਾਲ ਪ੍ਰੇਮ ਕਰ ਕੇ ਉਸ ਦੀ 'ਨਦਰਿ' (ਮਿਹਰ) ਦੀ ਪ੍ਰਾਪਤੀ ਲਈ ਬਿਹਬਲ ਰਹਿੰਦੀ ਹੈ ਤੇ ਨੀਵੀਂ ਜਾਤ ਉਹ ਹੁੰਦੀ ਹੈ ਜੋ ਦੁਨੀਆਂ ਦੇ ਰਸਾਂ ਕਸਾਂ ਵਿਚ ਗ਼ਲਤਾਨ ਹੋ ਕੇ, ਮਾਲਕ ਦਾਤਾਰ ਨੂੰ ਵਿਸਾਰ ਦੇਂਦੀ ਹੈ ਤੇ 'ਖਾਉ ਪੀਉ, ਮੌਜ ਕਰੋ' ਦੇ ਨਾਹਰੇ ਨੂੰ ਜੀਵਨ ਦਾ ਆਦਰਸ਼ ਬਣਾਉਂਦੀ ਹੋਈ ਕਹਿੰਦੀ ਹੈ, ''ਇਹ ਜੱਗ ਮਿੱਠਾ, ਅਗਲਾ ਕਿਨ ਡਿੱਠਾ।

'' ਉਹ ਸ੍ਰੀਰ ਦੀਆਂ ਬਾਹਰੀ ਅੱਖਾਂ ਨੂੰ ਦਿਸਦੀ ਹਰ ਚੀਜ਼ ਨੂੰ ਹੀ ਸਚਾਈ ਸਮਝਣ ਲੱਗ ਪੈਂਦੀ ਹੈ ਤੇ ਅੰਦਰ ਦੀਆਂ ਅੱਖਾਂ ਨੂੰ ਖੋਲ੍ਹਣ ਦਾ ਯਤਨ ਵੀ ਨਹੀਂ ਕਰਦੀ। ਇਸੇ ਲਈ ਤਾਂ ਉਸ ਨੂੰ ਸੱਭ ਤੋਂ ਵੱਡਾ ਸੱਚ ਅਥਵਾ ਵਾਹਿਗੁਰੂ ਨਜ਼ਰ ਹੀ ਨਹੀਂ ਆਉਂਦਾ ਕਿਉਂਕਿ ਅਕਾਲ ਪੁਰਖ ਨੂੰ ਤਾਂ ਅੰਦਰ ਦੀਆਂ ਅੱਖਾਂ ਹੀ ਵੇਖ ਸਕਦੀਆਂ ਹਨ, ਬਾਹਰ ਦੀਆਂ ਨਹੀਂ।

ਇਸੇ ਲੜੀ ਨੂੰ ਚਾਲੂ ਰਖਦੇ ਹੋਏ, ਬਾਬਾ ਨਾਨਕ ਅਪਣਾ ਤਜਰਬਾ ਬਿਆਨ ਕਰਦੇ ਹੋਏ ਦਸਦੇ ਹਨ ਕਿ 'ਸੋਦਰੁ' ਦਾ ਉਹ ਵਾਸੀ ਅਥਵਾ ਬ੍ਰਹਮੰਡ ਦਾ ਮਾਲਕ ਅਜਿਹਾ ਜੀਵਨ-ਦਾਤਾ ਹੈ ਕਿ ਉਸ ਨੂੰ ਯਾਦ ਕਰਦਾ ਹਾਂ ਤਾਂ ਇਉਂ ਲਗਦਾ ਹੈ ਜਿਵੇਂ ਸ੍ਰੀਰ ਅੰਦਰ ਜੀਵਨ ਧੜਕਣ ਲੱਗ ਪਿਆ ਹੈ ਤੇ ਜਿਹੜੇ ਕੁੱਝ ਪਲਾਂ ਵਿਚ ਉਸ ਨੂੰ ਵਿਸਾਰ ਕੇ ਧਿਆਨ ਹੋਰ ਪਾਸੇ ਕਰਦਾ ਹਾਂ ਤਾਂ ਲਗਦਾ ਹੈ ਕਿ ਸ੍ਰੀਰ ਭਾਵੇਂ ਜੀਵੰਤ ਹੈ ਪਰ ਮਨ ਮਰ ਗਿਆ ਹੈ।

ਇਸ ਦੇ ਬਾਵਜੂਦ, ਮਨ ਵਿਚ ਕਿਉਂਕਿ ਸੰਸਾਰੀ ਚੀਜ਼ਾਂ ਨੇ ਥਾਂ ਮੱਲੀ ਹੋਈ ਹੈ ਤੇ ਉਹੀ ਸਾਰੀਆਂ ਚੀਜ਼ਾਂ ਦੁਨੀਆਂ ਵਿਚ ਖੱਚਤ ਹੋਣ ਲਈ ਪ੍ਰੇਰਦੀਆਂ ਹਨ, ਇਸ ਲਈ ਕਈ ਵਾਰ ਉਸ ਦਾ ਨਾਂ ਲੈਣਾ ਵੀ ਔਖਾ ਲੱਗਣ ਲੱਗ ਜਾਂਦਾ ਹੈ ਪਰ ਉਸ ਮਾਲਕ ਦੀ ਕ੍ਰਿਪਾ ਸਦਕਾ, ਮੈਨੂੰ ਨਾਮ ਦੀ ਭੁੱਖ ਫਿਰ ਤੋਂ ਲੱਗ ਜਾਂਦੀ ਹੈ ਤੇ ਇਹ ਨਾਮ ਦੀ ਭੁੱਖ ਹੀ ਸਾਰੇ ਦੁੱਖਾਂ ਨੂੰ ਖਾ ਜਾਂਦੀ ਹੈ ਜਾਂ ਖ਼ਤਮ ਕਰ ਦੇਂਦੀ ਹੈ। ਹੇ ਮੇਰੀ ਮਾਂ, ਅਜਿਹੇ ਚੰਗੇ ਮਾਲਕ ਨੂੰ ਭੁਲਾਣਾ ਚਾਹਵਾਂ ਵੀ ਤਾਂ ਕਿਵੇਂ ਭੁਲਾ ਸਕਦਾ ਹਾਂ? ਨਹੀਂ ਭੁਲਾ ਸਕਦਾ, ਨਹੀਂ ਵਿਸਾਰ ਸਕਦਾ ਕਿਉਂਕਿ ਉਹੀ ਇਕੋ ਇਕ ਹੈ ਜੋ ਪੂਰਨ ਸੱਚ ਹੈ ਤੇ ਉਸ ਦਾ ਨਾਮ ਵੀ ਸਦਾ ਸੱਚ ਰਹਿਣ ਵਾਲਾ ਹੈ।

ਰਹਾਉ ਤੋਂ ਬਾਅਦ, ਅਗਲੀ ਤੁਕ ਵਿਚ ਆਪ ਫਿਰ ਉਸ ਇਕੋ ਇਕ ਸੱਚ ਅਰਥਾਤ ਅਕਾਲ ਪੁਰਖ ਦੇ ਨਾਮ ਦੀ ਵਡਿਆਈ ਨੂੰ ਯਾਦ ਕਰਦੇ ਹੋਏ ਵਜਦ ਵਿਚ ਆ ਕੇ ਫ਼ੁਰਮਾਉਂਦੇ ਹਨ ਕਿ ਸੱਚੇ ਨਾਮ ਦੀ ਵਡਿਆਈ ਦਾ ਬਖਾਨ ਤਾਂ ਕਿੰਨੇ ਹੀ ਲੋਕ ਕਰ ਚੁੱਕੇ ਹਨ ਤੇ ਉਸ ਦੀ ਕੀਮਤ ਪਾਉਣ ਦਾ ਯਤਨ ਵੀ ਕਰ ਚੁੱਕੇ ਹਨ ਪਰ ਅਜਿਹੇ ਸਾਰੇ ਲੋਕ ਇਕ ਤਿਲ ਜਿੰਨਾ ਸੱਚ ਵੀ ਨਹੀਂ ਦਸ ਸਕੇ।

ਉਹਨਾਂ ਦੀ ਹੀ ਗੱਲ ਨਹੀਂ, ਜੇ ਸੰਸਾਰ ਦੇ ਸਾਰੇ ਜੀਵ ਵੀ ਰਲ ਕੇ ਉਸ ਦੀ ਵਡਿਆਈ ਦਾ ਬਖਾਨ ਕਰਨ ਲੱਗ ਜਾਣ ਜਾਂ ਉਸ ਦੇ ਵਿਰੁਧ ਹੀ ਬੋਲੀ ਜਾਣ ਤਾਂ ਵੀ ਉਹ ਏਨਾ ਉੱਚਾ ਹੈ ਕਿ ਨਾ ਉਹਦਾ ਨਾਮ ਵੱਡਾ ਹੋ ਜਾਏਗਾ, ਨਾ ਛੋਟਾ ਹੀ ਹੋ ਸਕਦਾ ਹੈ(ਘਾਟਿ ਨ ਜਾਇ) ਉਹ ਕਦੇ ਮਰਦਾ ਵੀ ਨਹੀ।ਬਾਕੀ ਕੋਈ ਜੀਵ ਐਸਾ ਹੈ ਈ ਨਹੀ ਜੋ ਨਾ ਮਰਨ ਵਾਲਾ ਹੋਵੇ।

ਕਿਉਂਕਿ ਉਹ ਮਰਦਾ ਕਦੇ ਨਹੀਂ, ਇਸ ਲਈ ਉਸ ਦੇ ਘਰ ਵਿਚ ਸੋਗ (ਅਫ਼ਸੋਸ) ਨਾਂ ਦੀ ਚੀਜ਼ ਹੀ ਕੋਈ ਨਹੀਂ।ਉਹ ਭੰਡਾਰੀ ਏਨਾ ਵੱਡਾ ਹੈ ਕਿ ਸਦਾ ਦਾਤਾ ਹੀ ਬਣਿਆਰਹਿੰਦਾ ਹੈ, ਦੇਂਦਾ ਹੀ ਰਹਿੰਦਾ ਹੈ ਪਰ ਜੋ ਉਹ ਦੇਂਦਾ ਹੈ, ਉਸ ਦਾ ਭੰਡਾਰ ਕਦੇ ਖ਼ਤਮ ਹੀ ਨਹੀਂ ਹੁੰਦਾ। ਉਹ ਇਕੋਇਕ ਭੰਡਾਰੀ ਹੈ ਜਿਸ ਦੇ ਭੰਡਾਰ ਕਦੇ ਮੁਕ ਹੀ ਨਹੀਂ ਸਕਦੇ ਵਰਨਾ ਦੁਨੀਆਂ ਵਿਚ ਤਾਂ ਅਸੀ ਕੋਈ ਅਜਿਹਾ ਭੰਡਾਰੀ ਵੇਖਿਆ ਹੀ ਨਹੀਂ ਜਿਸ ਦੇ ਭੰਡਾਰੇ ਕਦੇ ਖ਼ਤਮ ਹੀ ਨਾ ਹੋ ਸਕਣ।

ਉਸ ਦਾ ਸੱਭ ਤੋਂ ਵੱਡਾ ਗੁਣ ਹੀ ਇਹੋ ਹੈ ਕਿ ਉਸ ਵਰਗਾ ਉਹ ਕੇਵਲ ਆਪ ਹੀ ਹੈ, ਹੋਰ ਕੋਈ ਨਹੀਂ। ਨਾ ਕੋਈ ਹੋਇਆ ਹੈ ਤੇ ਨਾ ਹੀ ਕਦੇ ਹੋ ਵੀ ਸਕੇਗਾ। ਉਹ ਜਿੰਨਾ ਵੱਡਾ ਆਪ ਹੈ, ਉਨੀਆਂ ਵੱਡੀਆਂ ਹੀ ਉਸ ਦੀਆਂ ਦਾਤਾਂ, ਉਸ ਦੀਆਂ ਮਿਹਰਾਂ ਤੇ ਉਸ ਦੇ ਭੰਡਾਰੇ ਹਨ।

ਪਰ ਜਿਸ ਤਰ੍ਹਾਂ ਚਾਨਣ - ਭਰੇ ਦਿਨ ਦੇ ਗਵਾਂਢ ਵਿਚ, ਉਸ ਦਾਤੇ ਨੇ ਕਾਲੀ ਸਿਆਹ ਰਾਤ ਵੀ ਰੱਖੀ ਹੋਈ ਹੈ, ਤਿਵੇਂ ਹੀ ਏਨੇ ਵੱਡੇ ਪ੍ਰਭੂ ਤੇ ਬ੍ਰਹਿਮੰਡ ਦੇ ਮਾਲਕ ਨੂੰ ਵੀ, ਦੁਨੀਆਂ ਦੀਆਂ ਭੂਲ ਭੁਲਈਆਂ ਵਿਚ ਗਵਾਚ ਕੇ, ਵਿਸਾਰ ਦੇਣ ਵਾਲੇ ਵੀ ਰਹਿੰਦੇ ਹਨ ਜੋ ਅਸਲ ਵਿਚ ਨੀਚ ਜਾਤ ਵਾਲੇ ਹਨ ਕਿਉਂਕਿ ਏਨੀਆਂ ਦਾਤਾਂ ਵੰਡਣ ਵਾਲੇ ਅਕਾਲ ਪੁਰਖ ਨੂੰ ਵਿਸਾਰਨ ਵਾਲਾ ਕੋਈ ਚੰਗਾ, ਭਲਾ ਤੇ ਉੱਚੀ ਸੋਚ (ਜਾਤ) ਵਾਲਾ ਵਿਅਕਤੀ ਤਾਂ ਹੋ ਨਹੀਂ ਸਕਦਾ, ਨਾਸ਼ੁਕਰਾ, ਅਹਿਸਾਨ-ਫ਼ਰਾਮੋਸ਼ ਤੇ ਮਾੜਾ ਜੀਵ ਹੀ ਹੋ ਸਕਦਾ ਹੈ।