ਸੋ ਦਰ ਤੇਰਾ ਕਿਹਾ-ਕਿਸ਼ਤ 77

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਸ਼ਬਦ ਦੀਆਂ ਅਗਲੀਆਂ ਤੁਕਾਂ ਵਿਚ ਇਸੇ ਪ੍ਰਕਾਰ ਦੀਆਂ ਦੂਜੀਆਂ ਉਦਾਹਰਣਾਂ ਸਪੱਸ਼ਟ ਕਰ ਦੇਂਦੀਆਂ ਹਨ ਕਿ ਬਾਹਰੀ ਵਿਖਾਵੇ ਦੇ ਧਰਮੀਆਂ ਅਤੇ ਧਰਮ ਦੀਆਂ ...

So Dar Tera Keha-77

ਅੱਗੇ...

ਸ਼ਬਦ ਦੀਆਂ ਅਗਲੀਆਂ ਤੁਕਾਂ ਵਿਚ ਇਸੇ ਪ੍ਰਕਾਰ ਦੀਆਂ ਦੂਜੀਆਂ ਉਦਾਹਰਣਾਂ ਸਪੱਸ਼ਟ ਕਰ ਦੇਂਦੀਆਂ ਹਨ ਕਿ ਬਾਹਰੀ ਵਿਖਾਵੇ ਦੇ ਧਰਮੀਆਂ ਅਤੇ ਧਰਮ ਦੀਆਂ ਨਿਸ਼ਾਨੀਆਂ ਦਾ ਤਾਂ ਬਾਬਾ ਨਾਨਕ ਵਿਰੋਧ ਕਰਦੇ ਹਨ, ਹਮਾਇਤ ਨਹੀਂ ਕਰਦੇ। ਫਿਰ ਕੀ ਇਹ ਸਮਝਿਆ ਜਾਏ ਕਿ ਬਾਬਾ -ਨਾਨਕ ਇਸ ਸ਼ਬਦ ਦੇ ਪਹਿਲੇ ਭਾਗ ਵਿਚ ਉਪ੍ਰੋਕਤ ਬ੍ਰਾਹਮਣੀ ਨਿਸ਼ਾਨੀਆਂ ਵਾਲੇ ਮਨੁੱਖ ਦੀ ਤਾਂ ਸਿਫ਼ਤ ਕਰ ਰਹੇ ਹਨ ਤੇ ਅਗਲੇ ਹਿੱਸੇ ਵਿਚ ਵਿਰੋਧ ਕਰ ਰਹੇ ਹਨ? ਕੀ ਅਜਿਹਾ ਹੋਣਾ ਸੰਭਵ ਹੈ? 'ਸੋ ਦਰੁ' ਵਾਲੇ ਸ਼ਬਦ ਦੇ ਅਰਥਾਂ ਵਿਚ ਵੀ ਅਜਿਹਾ ਹੀ ਲਗਿਆ ਸੀ।

ਅਸੀ ਉਦੋਂ ਵੀ ਵੇਖਿਆ ਸੀ ਕਿ ਅੱਖਰਾਂ ਦੇ ਅਰਥ ਕਰਨ ਦੀ ਪ੍ਰਵਿਰਤੀ ਕਾਰਨ ਅਸੀ ਬਾਬੇ ਨਾਨਕ ਦੀ ਬਾਣੀ ਨੂੰ ਸਮਝਣ ਤੋਂ ਥਿੜਕੇ ਹੋਏ ਸੀ। ਇਸ ਸ਼ਬਦ ਨੂੰ ਵੀ ਜੇ ਇਕੋ ਵਾਰ ਇਕੱਠਾ ਪੜ੍ਹੀਏ ਤਾਂ ਸਾਰੇ ਸ਼ਬਦ ਵਿਚ ਆਪ ਕਹਿ ਰਹੇ ਹਨ ਕਿ ਬਾਹਰੋਂ ਭੇਖ ਤਾਂ ਤੂੰ ਭਾਵੇਂ ਕਿੰਨਾ 'ਪਵਿੱਤਰਤਾ' ਵਾਲਾ ਬਣਾਇਆ ਹੋਇਆ ਹੈ ਪਰ ਤੇਰੇ ਅਮਲ 'ਹੋਰ ਹੋਰ' ਹਨ ਅਰਥਾਤ ਸ੍ਰੀਰ ਦੇ ਵਿਖਾਵੇ ਦੇ ਮੁਤਾਬਕ ਕਿਉਂ ਨਹੀਂ? ਸਾਡੇ ਸ਼੍ਰੋਮਣੀ ਉਲਥਾਕਾਰਾਂ ਨੇ ਉਲਟ ਹੀ ਅਰਥ ਕਰ ਦਿਤੇ ਹਨ।

ਬਾਬਾ ਨਾਨਕ ਨੇ ਸ਼ਬਦ ਦੇ ਪਹਿਲੇ ਭਾਗ ਵਿਚ ਬ੍ਰਾਹਮਣ ਦੇ ਬਾਹਰੀ 'ਧਾਰਮਕ ਭੇਖ' ਦਾ ਤਾਹਨਾ ਦਿਤਾ ਹੈ ਤਾਂ ਅਗਲੇ ਭਾਗ ਵਿਚ 'ਪੀਰ' ਬਣੇ ਹੋਏ ਮੁਸਲਮਾਨ ਨੂੰ ਵੀ ਇਹੋ ਤਾਹਨਾ ਦਿਤਾ ਹੈ। ਦੋਹਾਂ ਨੂੰ ਇਕ ਬਰਾਬਰ ਰਖਿਆ ਹੈ ਤੇ ਦੋਹਾਂ ਦੇ ਚਲਣ (ਕਰਨੀ) ਨੂੰ ਉਨ੍ਹਾਂ ਦੇ ਬਾਹਰੀ ਵਿਖਾਵੇ ਅਰਥਾਤ ਸ੍ਰੀਰ ਦੀ ਸਜਾਵਟ ਅਤੇ 'ਪਵਿੱਤਰ' ਹੋਣ ਦੇ ਦਾਅਵਿਆਂ ਨੂੰ ਚੁਨੌਤੀ ਦਿਤੀ ਹੈ।

ਸਾਡੇ ਸ਼੍ਰੋਮਣੀ ਉਲਥਾਕਾਰਾਂ ਨੇ ਦੂਜੇ ਭਾਗ ਵਿਚ ਤਾਂ ਪੀਰ ਦੇ ਭੇਖ ਨੂੰ ਨਿੰਦਿਆ ਹੈ ਪਰ ਪਹਿਲੇ ਭਾਗ ਵਿਚ ਬ੍ਰਾਹਮਣ ਦੇ ਬਾਹਰੀ ਭੇਖ ਨੂੰ ਏਨਾ ਸਲਾਹਿਆ ਹੈ ਕਿ ਜਿਵੇਂ ਬਾਬਾ ਨਾਨਕ ਕਹਿ ਰਹੇ ਹੋਣ, ਕੇਵਲ ਇਹ ਬੰਦਾ (ਬ੍ਰਾਹਮਣ) ਹੀ ਸੱਚੇ ਨਾਮ ਦਾ ਮੁੱਖੋਂ ਆਲਾਪ ਕਰ ਸਕਦਾ ਹੈ। ਜੇ ਇਹੀ ਗੱਲ ਗੁਰੂ ਨੇ ਕਹਿਣੀ ਸੀ ਤਾਂ ਕੋਧਰੇ ਦੀ ਰੋਟੀ ਵਾਲੇ ਦੀ ਕੁੱਲੀ ਵਿਚ ਕਾਹਨੂੰ ਜਾਣਾ ਸੀ? ਉਹਨੇ ਕਿਹੜੇ 68 ਤੀਰਥਾਂ ਦਾ ਇਸ਼ਨਾਨ ਕੀਤਾ ਹੋਇਆ ਸੀ ਤੇ ਕਿਹੜੀਆਂ ਸੁਗੰਧੀਆਂ (ਅਗਰ ਵਾਸਿ) ਉਸ ਦੇ ਸ੍ਰੀਰ 'ਚੋਂ ਉਠ ਰਹੀਆਂ ਸਨ?

ਉਪ੍ਰੋਕਤ ਅਰਥਾਂ ਵਿਚ, ਬਾਬੇ ਨਾਨਕ ਦਾ ਸੰਦੇਸ਼ ਬਿਲਕੁਲ ਹੀ ਉਲਟਾ ਦਿਤਾ ਗਿਆ ਹੈ ਤੇ ਨਾਨਕ-ਬਾਣੀ ਨੂੰ ਬ੍ਰਾਹਮਣ ਦੀ ਤਾਰੀਫ਼ ਕਰਨ ਦੇ ਆਹਰੇ ਲਾ ਦਿਤਾ ਗਿਆ ਹੈ। ਜਿਸ ਪਾਵਨ ਸ਼ਬਦ ਦੀ ਅਸੀ ਵਿਆਖਿਆ ਕਰ ਰਹੇ ਹਾਂ, ਇਸ ਵਿਚ ਮੁਖ ਸੰਦੇਸ਼ ਹੀ ਇਹ ਹੈ ਕਿ ਬਾਹਰੀ ਵੇਸ ਧਾਰਨ ਕਰਨ ਨਾਲ ਕੋਈ ਬੰਦਾ ਧਰਮੀ ਨਹੀਂ ਬਣ ਜਾਂਦਾ, ਭਾਵੇਂ ਉਹ ਬ੍ਰਾਹਮਣ ਹੋਵੇ ਤੇ ਭਾਵੇਂ ਮੁਸਲਮ ਪੀਰ (ਜਾਂ ਸਿੱਖਾਂ ਦੇ ਮਾਮਲੇ ਵਿਚ, ਅੰਮ੍ਰਿਤਧਾਰੀ ਤੇ ਸੰਤ ਬਾਬਾ ਅਖਵਾਉਣ ਵਾਲਾ)। ਬਾਬਾ ਨਾਨਕ ਆਪ ਜਦੋਂ ਅਪਣੇ ਘਰ ਵਿਚ ਆ ਟਿਕੇ ਤਾਂ ਉਨ੍ਹਾਂ ਆਮ ਕਿਸਾਨਾਂ ਵਾਲੇ ਕਪੜੇ ਹੀ ਪਹਿਨੇ ਅਤੇ ਕੋਈ ਚੋਲਾ ਪਾ ਕੇ ਨਹੀਂ ਰਖਿਆ।

ਭਾਈ ਗੁਰਦਾਸ ਦੀ ਗਵਾਹੀ ਅਨੁਸਾਰ, 'ਬਾਬੇ ਭੇਖ ਬਣਾਇਆ' ਅਰਥਾਤ ਸਾਧੂਆਂ ਵਾਲਾ ਵੇਸ ਉਦੋਂ ਧਾਰਿਆ ਜਦੋਂ ਉਨ੍ਹਾਂ ਸਾਰੇ ਧਰਮਾਂ ਦੇ ਕੇਂਦਰਾਂ ਤੇ ਜਾ ਕੇ, ਉਨ੍ਹਾਂ ਧਰਮਾਂ ਦੇ ਮੁਖੀਆਂ ਨੂੰ ਮਿਲਣ ਅਤੇ ਅਪਣਾ ਸੰਦੇਸ਼ ਉਥੇ ਜੋੜੇ ਹੋਏ ਲੋਕਾਂ ਨੂੰ ਦੇਣ ਦਾ ਫ਼ੈਸਲਾ ਕੀਤਾ। ਇਸ 'ਸਾਧ ਭੇਖ' ਤੋਂ ਬਿਨਾ ਆਪ ਨੂੰ ਕਈ ਧਰਮ-ਅਸਥਾਨਾਂ ਅੰਦਰ ਕਿਸੇ ਨੇ ਜਾਣ ਹੀ ਨਹੀਂ ਸੀ ਦੇਣਾ ਅਤੇ ਨਾ ਹੀ ਬਾਬੇ ਨਾਨਕ ਨੇ ਇਨ੍ਹਾਂ ਦੇ ਧਰਮ-ਅਸਥਾਨਾਂ ਦੇ ਪੁਜਾਰੀਆਂ ਨਾਲ ਕੋਈ ਵਾਰਤਾਲਾਪ ਹੀ ਕਰ ਸਕਣੀ ਸੀ।

ਪਰ ਦੂਜੇ ਧਰਮਾਂ ਦੇ ਮਹਾਂ ਪੁਜਾਰੀਆਂ ਨੂੰ ਮਿਲਣ ਦੇ ਸਮੇਂ ਨੂੰ ਛੱਡ ਕੇ, ਆਪ ਇਕ ਆਮ ਇਨਸਾਨ ਵਾਂਗ ਹੀ ਰਹਿੰਦੇ ਸਨ ਤੇ ਵਿਸ਼ੇਸ਼ ਬਾਹਰੀ ਧਾਰਮਕ ਵੇਸ ਧਾਰਨ ਕਰ ਕੇ ਅਪਣੀ 'ਧਾਰਮਕਤਾ' ਜਤਾਉਣ ਵਾਲਿਆਂ ਨੂੰ ਚੰਗੇ ਮਨੁੱਖ ਨਹੀਂ ਸਨ ਸਮਝਦੇ। ਉੁਨ੍ਹਾਂ ਦਾ ਹੀ ਜ਼ਿਕਰ ਆਪ ਨੇ ਇਸ ਪਾਵਨ ਸ਼ਬਦ ਵਿਚ ਕੀਤਾ ਹੈ। 

ਚਲਦਾ...