ਸੋ ਦਰ ਤੇਰਾ ਕਿਹਾ-ਕਿਸ਼ਤ 79

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਅਸੀ ਪਹਿਲਾਂ ਵੀ ਵੇਖਿਆ ਸੀ ਕਿ ਬਾਬਾ ਨਾਨਕ, ਬਾਹਰੀ ਭੇਖ ਅਥਵਾ ਵੇਸ ਨੂੰ ਵਿਖਾਵੇ ਦਾ ਰੂਪ ਦੇ ਕੇ, ਅਪਣੇ ਆਪ ਨੂੰ 'ਧਰਮੀ' ਸਾਬਤ ਕਰਨ ਵਾਲਿਆਂ ਨੂੰ...

So Dar Tera Keha-79

 ਅੱਗੇ...

ਅਸੀ ਪਹਿਲਾਂ ਵੀ ਵੇਖਿਆ ਸੀ ਕਿ ਬਾਬਾ ਨਾਨਕ, ਬਾਹਰੀ ਭੇਖ ਅਥਵਾ ਵੇਸ ਨੂੰ ਵਿਖਾਵੇ ਦਾ ਰੂਪ ਦੇ ਕੇ, ਅਪਣੇ ਆਪ ਨੂੰ 'ਧਰਮੀ' ਸਾਬਤ ਕਰਨ ਵਾਲਿਆਂ ਨੂੰ ਸਮਝਾਉਂਦੇ ਹਨ ਕਿ ਵੇਸ ਦੇ ਸਹਾਰੇ, ਤਨ ਉਤੇ ਪਹਿਨੇ ਹੋਏ ਕਪੜਿਆਂ ਅਤੇ ਚਿਹਰੇ ਉਤੇ ਲਾਏ ਹੋਏ ਨਿਸ਼ਾਨਾਂ ਜਾਂ ਧਰਮੀ ਨਾਵਾਂ (ਬ੍ਰਾਹਮਣ, ਪੀਰ) ਦੀ ਮਦਦ ਨਾਲ, ਦੁਨੀਆਂ ਨੂੰ ਤਾਂ ਅਪਣੇ ਮਗਰ ਲਾਇਆ ਜਾ ਸਕਦਾ ਹੈ ਤੇ ਮੂਰਖ ਵੀ ਬਣਾਇਆ ਜਾ ਸਕਦਾ ਹੈ ਪਰ ਪ੍ਰਭੂ ਦੇ ਘਰ ਵਿਚ ਇਹ ਸੱਭ ਕਾਰੇ ਸਗੋਂ ਉਲਟੇ ਹੀ ਪੈਂਦੇ ਹਨ ਤੇ ਉਥੋਂ ਖਵਾਰੀ ਹੀ ਮਿਲਦੀ ਹੈ।

ਉਪ੍ਰੋਕਤ ਸੰਦੇਸ਼ ਦੋਹਾਂ ਪ੍ਰਚਲਤ ਧਰਮਾਂ ਦੇ 'ਧਾਰਮਕ ਆਗੂ' ਅਖਵਾਉਂਦੇ ਪੁਰਸ਼ਾਂ ਨੂੰ ਦੇ ਚੁਕਣ ਮਗਰੋਂ ਬਾਬਾ ਨਾਨਕ ਫ਼ਰਮਾਉਂਦੇ ਹਨ ਕਿ ਅਸਲ ਸਤਿਕਾਰ ਪ੍ਰਾਪਤ ਕਰਨ ਲਈ 'ਧਰਮੀ ਵੇਸ' ਸਮੇਤ ਹੋਰ ਹੋਰ ਗੱਲਾਂ ਦਾ ਸਹਾਰਾ ਲੈਣ ਦੀ ਬਜਾਏ ਸਤਿਗੁਰੂ, ਅਕਾਲ ਪੁਰਖ ਦਾ ਥਾਪੜਾ ਲੈਣ ਵਲ ਹੀ ਰੁਚਿਤ ਹੋਣਾ ਚਾਹੀਦਾ ਹੈ।

ਸਤਿਗੁਰ ਦਾ ਥਾਪੜਾ ਜਿਸ ਨੂੰ ਪ੍ਰਾਪਤ ਹੋ ਜਾਏ, ਉਸ ਨੂੰ ਜੋ ਮਾਣ ਸਤਿਕਾਰ ਮਿਲਦਾ ਹੈ, ਉਸ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਹੋ ਸਕਦਾ ਤੇ ਨਾ ਕੋਈ ਉਸ ਨੂੰ ਮੇਟ (ਖ਼ਤਮ ਕਰ) ਸਕਦਾ ਹੈ ਜਦਕਿ 'ਧਰਮੀ ਵੇਸ' ਅਤੇ ਬਾਕੀ ਦੇ ਸਾਰੇ ਪਖੰਡ ਕਰ ਕੇ ਪ੍ਰਾਪਤ ਕੀਤੀ ਝੂਠੀ ਵਡਿਆਈ ਛੇਤੀ ਹੀ ਖੁਆਰੀ ਵਿਚ ਬਦਲ ਜਾਂਦੀ ਹੈ।ਉਹ ਵਸਤ ਜੋ ਸਦੀਵੀ ਇੱਜ਼ਤ, ਮਾਣ ਦੀ ਜ਼ਾਮਨ ਹੁੰਦੀ ਹੈ।

ਉਹ ਨਾਮ ਹੁੰਦੀ ਹੈ ਤੇ ਜਿਸ ਨੂੰ ਨਾਮ ਪ੍ਰਾਪਤ ਹੋ ਗਿਆ, ਉਹ ਤਾਂ ਸੱਭ ਕੁੱਝ (ਤਿੰਨ ਲੋਕ ਦਾ ਸਾਰਾ ਖ਼ਜ਼ਾਨਾ) ਪ੍ਰਾਪਤ ਕਰ ਗਿਆ ਤੇ ਕਦੇ ਨਾ ਮਿਟਣ ਵਾਲਾ ਸੱਭ ਕੁੱਝ ਪ੍ਰਾਪਤ ਕਰ ਗਿਆ। ਉਹਨਾਂ ਦੇ ਹਿਰਦੇ ਅੰਦਰੋਂ ਵੀ ਹਰ ਸਮੇਂ ਨਾਮ ਹੀ ਫੁਟਦਾ ਹੈ ਤੇ ਇਹ ਨਾਮ ਹੀ ਉਨ੍ਹਾਂ ਨੂੰ ਮਿਲੇ ਮਾਣ ਨੂੰ ਸਦੀਵੀ ਬਣਾਈ ਰਖਦਾ ਹੈ।ਅਜਿਹੇ ਲੋਕ ਜਾਣਦੇ ਹਨ।

ਕਿ ਹੋਰ ਹਰ ਤਰ੍ਹਾਂ ਦੀ ਪੂਜਾ ਝੂਠੀ ਹੈ ਤੇ ਕੇਵਲ ਨਾਮ ਹੀ ਪੂਜਣ-ਯੋਗ ਹੈ ਤੇ ਕੋਈ ਐਸੀ ਵਸਤ ਨਹੀਂ ਦੱਸੀ ਜਾ ਸਕਦੀ ਜੋ ਨਾਮ ਤੋਂ ਬਿਨਾਂ ਸਦਾ ਥਿਰ ਰਹਿਣ ਵਾਲੀ ਤੇ ਅਖੰਡ ਹੋਵੇ। ਦੂਜੇ ਪਾਸੇ ਜਿਸ ਅਖੌਤੀ ਧਰਮੀ ਵੇਸ ਦੇ ਸਹਾਰੇ ਵਡਿਆਈ ਪ੍ਰਾਪਤ ਕਰਨ ਦਾ ਝੂਠਾ ਯਤਨ ਕੀਤਾ ਜਾਂਦਾ ਹੈ, (ਨਾਮ ਦੇ ਉਲਟ) ਉਹ ਤਾਂ ਖੇਹ (ਮਿੱਟੀ) ਵਿਚ ਮਿਲ ਕੇ ਮਿੱਟੀ ਹੀ ਹੋ ਜਾਣੀ ਹੈ, ਫਿਰ ਇਨ੍ਹਾਂ ਵਿਖਾਵੇ ਦੇ ਭੇਖਾਂ (ਵੇਸਾਂ) ਦੇ ਸਹਾਰੇ ਜੀਣ ਵਾਲਿਆਂ ਦਾ ਜੀਵਨ ਤਾਂ ਮਾੜਾ ਹੀ ਹੋਵੇਗਾ। ਇਨ੍ਹਾਂ ਸਹਾਰੇ ਜੀਣਾ ਵੀ ਕੀ ਜੀਣਾ ਹੋਇਆ?

ਨਾਮ ਤੋਂ ਬਿਨਾਂ, ਹੋਰ ਢੰਗਾਂ ਨਾਲ ਵਡਿਆਈ, ਇੱਜ਼ਤ, ਮਾਣ ਪ੍ਰਾਪਤ ਕਰਨ ਲਈ ਤਾਂ ਚਤੁਰਾਈਆਂ ਦੀ ਹੀ ਵਰਤੋਂ ਕਰਨੀ ਪੈਂਦੀ ਹੈ। ਇਸ ਤਰ੍ਹਾਂ ਵਡਿਆਈ, ਸ਼ੋਹਰਤ ਤੇ ਮਾਣ ਸਤਿਕਾਰ ਪ੍ਰਾਪਤ ਕਰਨ ਦਾ ਯਤਨ ਕਰਨ ਵਾਲਿਆਂ ਦੀਆਂ ਸੱਭ ਚਤੁਰਾਈਆਂ ਸੜ ਬਲ ਜਾਂਦੀਆਂ ਹਨ ਅਰਥਾਤ ਬੇਕਾਰ ਸਾਬਤ ਹੋ ਜਾਂਦੀਆਂ ਹਨ ਤੇ ਉਸ ਨੂੰ ਦੁਨੀਆਂ ਛੱਡਣ ਵੇਲੇ ਰੋ ਕੇ ਹੀ ਜਾਣਾ ਪੈਂਦਾ ਹੈ।

ਅੰਤਮ ਤੁਕ ਵਿਚ ਗੱਲ ਦੀ ਸਮਾਪਤੀ ਕਰਦੇ ਹੋਏ, ਬਾਬਾ ਨਾਨਕ ਕਹਿੰਦੇ ਹਨ ਕਿ ਉਪਰ ਬਿਆਨੇ ਅਨੁਸਾਰ, ਦੁਨੀਆਂ ਨੂੰ ਮੂਰਖ ਬਣਾ ਕੇ ਤੇ ਚਤੁਰਾਈਆਂ ਨਾਲ ਅਪਣੇ ਪਿੱਛੇ ਲਾਉਣ ਦੀ ਗੱਲ ਛੇਡ ਦੇ ਕਿਉਂਕਿ ਤੂੰ ਸਦਾ ਇਥੇ ਨਹੀਂ ਬਹਿ ਰਹਿਣਾ ਤੇ ਜੇ ਇਨ੍ਹਾਂ ਚਤੁਰਾਈਆਂ (ਵੇਸ ਧਾਰ ਕੇ ਲੋਕਾਂ ਨੂੰ ਮਗਰ ਲਗਾਉਣ) ਵਾਲੇ ਪਾਸਿਉਂ ਨਾ ਹਟਿਆ ਤੇ ਨਾਮ ਨੂੰ ਤੂੰ ਵਿਸਾਰੀ ਹੀ ਰਖਿਆ ਤਾਂ ਪ੍ਰਭੂ ਦੇ ਦਰ ਤੇ ਜਾ ਕੇ ਰੋਣ ਨਾਲ ਤੈਨੂੰ ਕੁੱਝ ਨਹੀਂ ਮਿਲ ਜਾਣਾ ਅਰਥਾਤ ਇਥੇ ਕੀਤੇ ਪਾਪ ਖ਼ਤਮ ਨਹੀਂ ਹੋ ਜਾਣੇ।

ਜਿਵੇਂ ਕਿ ਅਸੀ ਵੇਖਿਆ ਹੈ, ਸਾਰਾ ਸ਼ਬਦ 'ਧਰਮੀ ਭੇਖ' ਧਾਰ ਕੇ ਦੁਨੀਆਂ ਨੂੰ ਮਗਰ ਲਾਉਣ, ਮੂਰਖ ਬਨਾਉਣ ਤੇ ਲੁੱਟਣ, ਅਪਣੀ ਵਡਿਆਈ, ਅਪਣੀ ਸੋਭਾ ਕਰਵਾਉਣ ਵਾਲਿਆਂ ਨੂੰ ਬਾਬਾ ਨਾਨਕ ਡਾਢੀ ਚੇਤਾਵਨੀ ਦੇਂਦੇ ਹਨ ਤੇ ਚਤੁਰਾਈਆਂ ਦੇ ਰਾਹ ਤੋਂ ਹੱਟ ਕੇ, ਅਕਾਲ ਪੁਰਖ ਦੇ ਥਾਪੜੇ 'ਚੋਂ ਕਦੇ ਨਾ ਮਿਟਣ ਵਾਲੀ ਵਡਿਆਈ, ਮਾਣ ਪ੍ਰਾਪਤ ਕਰਨ ਦੀ ਪ੍ਰੇਰਨਾ ਕਰਦੇ ਹਨ।