ਸੋ ਦਰ ਤੇਰਾ ਕਿਹਾ-ਕਿਸ਼ਤ 93

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਜਿਸ ਕਿਸੇ ਨੇ ਬਾਬੇ ਨਾਨਕ ਦਾ ਫ਼ਲਸਫ਼ਾ ਪੜ੍ਹਿਆ ਹੋਇਆ ਹੈ ਤੇ ਉਨ੍ਹਾਂ ਦੀ ਸਾਰੀ ਬਾਣੀ ਦਾ ਸੰਦੇਸ਼ ਸਮਝਿਆ ਹੋਇਆ ਹੈ, ਉਹ ਤਾਂ ਇਸ ਭੁਲੇਖਾ-ਪਾਊ ਪ੍ਰਚਾਰ ਵਲ...

So Dar Tera Keha-93

ਅੱਗੇ...

ਜਿਸ ਕਿਸੇ ਨੇ ਬਾਬੇ ਨਾਨਕ ਦਾ ਫ਼ਲਸਫ਼ਾ ਪੜ੍ਹਿਆ ਹੋਇਆ ਹੈ ਤੇ ਉਨ੍ਹਾਂ ਦੀ ਸਾਰੀ ਬਾਣੀ ਦਾ ਸੰਦੇਸ਼ ਸਮਝਿਆ ਹੋਇਆ ਹੈ, ਉਹ ਤਾਂ ਇਸ ਭੁਲੇਖਾ-ਪਾਊ ਪ੍ਰਚਾਰ ਵਲ ਧਿਆਨ ਹੀ ਨਹੀਂ ਦੇਵੇਗਾ ਪਰ ਜਿਸ ਨੂੰ ਅੱਖਰਾਂ ਦੇ ਅਰਥ ਹੀ ਕਰਨੇ ਆਉਂਦੇ ਹੋਣ, ਉਹ ਭੁਲੇਖਾ ਖਾ ਜਾਏਗਾ। ਉਹ ਇਸ ਪ੍ਰਸ਼ਨ ਉਤੇ ਵੀ ਵਿਚਾਰ ਕਰਨ ਜੋਗਾ ਸਮਾਂ ਨਹੀਂ ਕੱਢੇਗਾ ਕਿ ਜਿਸ ਸ਼ਬਦ ਦਾ ਆਰੰਭ ਪ੍ਰਮਾਤਮਾ ਨਾਲ 'ਅਭੇਦ' ਹੋ ਜਾਣ ਵਾਲੇ ਸੰਦੇਸ਼ ਨਾਲ ਕੀਤਾ ਗਿਆ ਹੈ ਤੇ ਅੰਤ ਵਿਚ 'ਸ਼ਬਦ' ਦੀ ਵੀਚਾਰ ਕਰਨ ਤੇ ਆ ਤਾਨ ਤੋੜੀ ਹੈ, ਉਸ ਸ਼ਬਦ ਵਿਚ ਮਨੁੱਖੀ ਜਾਮੇ ਵਿਚ ਕੈਦ ਕਿਸੇ ਮਨੁੱਖ ਦੇ ਪਿੱਛੇ ਲੱਗਣ ਦੀ ਗੱਲ ਕਿਵੇਂ ਹੋ ਸਕਦੀ ਹੈ?

ਇਹ ਤਾਂ ਫਿਰ ਆਪਾ-ਵਿਰੋਧੀ ਗੱਲਾਂ ਹੋ ਗਈਆਂ। ਬਾਬੇ ਨਾਨਕ ਨੇ ਕੋਈ ਆਪਾ-ਵਿਰੋਧੀ ਗੱਲ ਨਹੀਂ ਕੀਤੀ, ਸਗੋਂ ਸ਼ੁਰੂ ਵਿਚ ਟੀਚਾ ਬਿਆਨ ਕਰ ਕੇ, ਅੰਤ ਵਿਚ ਟੀਚੇ ਤੇ ਪੁੱਜਣ ਦਾ ਰਾਹ ਵੀ ਸਪੱਸ਼ਟ ਦਸ ਦਿਤਾ ਹੈ ਤੇ ਕਿਸੇ ਭੁਲੇਖੇ ਦੀ ਕੋਈ ਗੁਜਾਇਸ਼ ਹੀ ਬਾਕੀ ਨਹੀਂ ਛੱਡੀ। ਟੀਚਾ ਹੈ ਪ੍ਰਮਾਤਮਾ ਨਾਲ ਅਭੇਦ ਹੋਣਾ ਤੇ ਇਸ ਟੀਚੇ ਦੀ ਪ੍ਰਾਪਤੀ ਦਾ ਰਾਹ ਹੈ - ਸ਼ਬਦ ਦੀ ਵੀਚਾਰ।

'ਸ਼ਬਦ' ਅਤੇ 'ਗੁਰੂ' ਬਾਰੇ ਅਸੀ ਪਿੱਛੇ ਵਿਚਾਰ ਕਰ ਹੀ ਆਏ ਹਾਂ ਕਿ ਗੁਰੂ ਕੇਵਲ 'ਨਿਰਾਕਾਰ' ਅਕਾਲ ਪੁਰਖ ਹੈ (ਸਾਡੇ ਅੰਦਰਲੀ ਆਤਮਾ ਵੀ ਤਾਂ ਨਿਰਾਕਾਰ ਹੀ ਹੈ) ਤੇ 'ਸ਼ਬਦ' ਉਸ ਨਿਰਾਕਾਰ ਪ੍ਰਭੂ ਤਕ ਪੁੱਜਣ ਦਾ ਉਹ ਇਕੋ ਇਕ ਵਸੀਲਾ ਹੈ ਜਿਸ ਨੂੰ ਸਾਡੀ (ਮਨੁੱਖਾਂ ਦੀ) ਭਾਸ਼ਾ ਨੇ ਇਹ ਨਾਮ ਦਿਤਾ ਹੈ। ਫਿਰ ਚਾਤਰ ਲੋਕ ਤੇ ਅਪਣੇ ਆਪ ਨੂੰ 'ਸੰਤ' ਤੇ 'ਮਹਾਂਪੁਰਸ਼' ਅਖਵਾਉਣ ਵਾਲੇ ਭੇਖੀ, ਲੋਕਾਂ ਨੂੰ ਭੁਲੇਖੇ ਵਿਚ ਪਾਉਣ ਵਿਚ ਕਿਉਂ ਸਫ਼ਲ ਹੋ ਜਾਂਦੇ ਹਨ? ਕਿਉਂਕਿ ਉਹ ਸ਼ਬਦ ਦੀਆਂ ਪਹਿਲੀਆਂ ਤੇ ਅੰਤਮ ਸਤਰਾਂ ਨੂੰ ਵਖਰਿਆਂ ਕਰ ਕੇ, ਵਿਚੋਂ ਵਿਚੋਂ ਇਕ ਪੰਕਤੀ ਚੁਣ ਕੇ, ਉਸ ਦੇ ਅੱਖਰੀ ਅਰਥ ਲੋਕਾਂ ਨੂੰ ਸੁਣਾ ਲੈਂਦੇ ਹਨ ਤੇ ਕਹਿੰਦੇ ਹਨ,

''ਇਹ ਮੈਂ ਨਹੀਂ ਕਹਿ ਰਿਹਾ, ਇਹ ਤਾਂ ਬਾਬਾ ਨਾਨਕ ਪਾਤਸ਼ਾਹ ਲਿਖ ਗਿਆ ਹੈ।'' ਅਸੀ ਪੂਰੇ ਸ਼ਬਦ ਦੀ ਵਿਆਖਿਆ ਜਦ ਹਰ ਸੱਤਰ ਨੂੰ ਦੂਜੀ ਸੱਤਰ ਨਾਲ ਮੇਲ ਕੇ ਕਰਾਂਗੇ ਤਾਂ ਕੋਈ ਭੁਲੇਖਾ ਬਾਕੀ ਨਹੀਂ ਰਹਿ ਜਾਏਗਾ।ਪੁਰਾਤਨ ਟੀਕਿਆਂ ਵਾਲਿਆਂ ਨੇ ਕਿਉਂਕਿ ਹਰ ਸੱਤਰ ਦੇ ਵਖਰੇ ਵਖਰੇ ਅੱਖਰੀ ਅਰਥ ਟੀਕਿਆਂ ਵਿਚ ਕੀਤੇ ਹੋਏ ਹਨ, ਇਸ ਲਈ, ਇਹ ਅਰਥ ਭੇਖੀ ਲੋਕਾਂ ਨੂੰ ਮਾਫ਼ਕ ਆ ਜਾਂਦੇ ਹਨ ਤੇ ਉਹ ਬਾਬੇ ਨਾਨਕ ਦਾ ਅਸਲ ਸੰਦੇਸ਼ ਉਲਟਾ ਕਰ ਕੇ, ਲੋਕਾਂ ਨੂੰ ਅਪਣੇ ਮਗਰ ਲਾਉਣ ਦਾ ਧੰਦਾ ਸ਼ੁਰੂ ਕਰ ਲੈਂਦੇ ਹਨ। 

'ਏਕਤਾ' ਵਾਲੇ ਮਿਲਾਪ ਦੀ ਪਹਿਲੀ ਸ਼ਰਤ ਹੀ ਇਹ ਹੈ ਕਿ ਭਗਤ ਅਪਣੀ 'ਮੇਰੀ ਮੇਰੀ' ਦੀ ਰੱਟ ਛੱਡ ਕੇ, ਪ੍ਰਭੂ ਵਿਚ ਅਭੇਦ ਹੋਣ ਦਾ ਮਨ ਬਣਾ ਚੁੱਕਾ ਹੋਵੇ ਤੇ ਸੰਸਾਰ ਦੀ ਹਰ ਪ੍ਰਕਾਰ ਦੀ ਮਾਇਆ (ਧਨ ਦੌਲਤ ਤੇ ਪਦਾਰਥਾਂ ਦੀ ਮਾਇਆ, ਕੁਟੁੰਬ ਦੀ ਮਾਇਆ ਤੇ ਜੀਵਨ ਦੀ ਮਾਇਆ) ਦਾ ਤਿਆਗ ਕਰ ਕੇ ਇਹ ਸੋਚਣਾ ਵੀ ਬੰਦ ਕਰ ਦੇਵੇ ਕਿ ਮਰ ਜਾਣ ਮਗਰੋਂ ਮੇਰਾ ਨਾਂ ਸੰਸਾਰ ਵਿਚ ਕਿਵੇਂ ਕਾਇਮ ਰਹਿ ਸਕੇਗਾ?

ਇਥੋਂ ਤਕ ਤਾਂ ਸਾਰੇ ਟੀਕੇ ਇਕੋ ਜਹੇ ਅਰਥ ਕਰਦੇ ਹਨ ਪਰ ਜਿਉਂ ਹੀ ਹੇਠਲੀ 'ਪੰਕਤੀ' ਸ਼ੁਰੂ ਹੁੰਦੀ ਹੈ : 'ਭਾਈ ਰੇ ਸੰਤ ਜਨਾ ਕੀ ਰੇਣੁ' ਤਾਂ ਅਰਥ ਇਸ ਤਰ੍ਹਾਂ ਕੀਤੇ ਮਿਲਦੇ ਹਨ : ''ਹੇ ਭਾਈ (ਪ੍ਰਭੂ ਦਾ ਦਰਸ਼ਨ ਕਰਨਾ ਹੈ ਤਾਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ। ਸੰਤ ਜਨਾਂ ਦੀ ਸਭਾ ਵਿਚ (ਸਤਸੰਗ) ਵਿਚ ਗੁਰੂ ਮਿਲਦਾ ਹੈ ਜੋ ਮਾਨੋ ਕਾਮਧੇਨ ਹੈ......।''

ਚਲਦਾ...