ਸੋ ਦਰ ਤੇਰਾ ਕਿਹਾ-ਕਿਸ਼ਤ 89
ਬਾਬੇ ਨਾਨਕ ਦੀ ਬਾਣੀ ਨੂੰ ਸਮਝਣ ਲਈ, ਸੱਭ ਤੋਂ ਪਹਿਲਾਂ ਦੋ ਅੱਖਰਾਂ ਦੇ ਸਹੀ ਅਰਥ ਸਮਝਣੇ ਬਹੁਤ ਜ਼ਰੂਰੀ ਹਨ। ਇਹ ਅੱਖਰ ਹਨ ...
ਅੱਗੇ...
ਬਾਬੇ ਨਾਨਕ ਦੀ ਬਾਣੀ ਨੂੰ ਸਮਝਣ ਲਈ, ਸੱਭ ਤੋਂ ਪਹਿਲਾਂ ਦੋ ਅੱਖਰਾਂ ਦੇ ਸਹੀ ਅਰਥ ਸਮਝਣੇ ਬਹੁਤ ਜ਼ਰੂਰੀ ਹਨ। ਇਹ ਅੱਖਰ ਹਨ - ਗੁਰੂ ਅਤੇ ਸ਼ਬਦ। ਬਾਬੇ ਨੇ ਬੜੇ ਜ਼ੋਰ ਨਾਲ ਸਪੱਸ਼ਟ ਕੀਤਾ ਸੀ ਕਿ ਗੁਰੂ ਕੋਈ ਵਿਅਕਤੀ ਨਹੀਂ ਹੋ ਸਕਦਾ। ਇਸ ਤੋਂ ਵੀ ਅੱਗੇ ਜਾ ਕੇ ਆਪ ਨੇ ਫ਼ਰਮਾਇਆ ਕਿ ਕੋਈ ਵਿਅਕਤੀ ਚੇਲਾ ਵੀ ਨਹੀਂ ਹੋ ਸਕਦਾ।
ਸਿੱਧਾਂ ਦੇ ਤਿੱਖੇ ਸਵਾਲ ਦੇ ਜਵਾਬ ਵਿਚ ਆਪ ਨੇ ਫ਼ਰਮਾਇਆ ਕਿ ਸ਼ਬਦ ਹੀ ਗੁਰੂ ਹੈ (ਕੋਈ ਮਨੁੱਖ ਨਹੀਂ) ਅਤੇ 'ਸੁਰਤ ਧੁਨਿ' ਹੀ ਚੇਲਾ ਹੈ (ਕੋਈ ਮਨੁੱਖ ਨਹੀਂ)। ਸ਼ਬਦ-ਗੁਰੂ 'ਨਿਰਾਕਾਰ' ਹੈ ਤਾਂ 'ਸੁਰਤ ਧੁਨਿ' ਵੀ ਨਿਰਾਕਾਰ ਹੈ। ਇਸ ਤਰ੍ਹਾਂ ਧਰਮ ਦੀ ਦੁਨੀਆਂ ਹੈ ਹੀ ਸ੍ਰੀਰਾਂ ਤੋਂ ਪਰੇ ਦੀ ਦੁਨੀਆਂ। ਸ੍ਰੀਰ ਤਾਂ ਅਪਣਾ ਸਮਾਂ ਪੁੱਗ ਜਾਣ ਤੇ, ਜਾਂ ਤਾਂ ਸਾੜ ਦਿਤਾ ਜਾਏਗਾ ਜਾਂ ਦਫ਼ਨਾ ਦਿਤਾ ਜਾਏਗਾ। ਦੋਹਾਂ ਹੀ ਹਾਲਤਾਂ ਵਿਚ ਮਿੱਟੀ ਵਿਚ ਮਿੱਟੀ ਮਿਲ ਜਾਏਗੀ। ਸ੍ਰੀਰ ਵਿਚੋਂ ਜਿਹੜੀ ਚੀਜ਼ ਨਿਕਲ ਜਾਏਗੀ (ਆਤਮਾ), ਉਹੀ ਧਰਮ ਦਾ ਵਿਸ਼ਾ ਹੈ।
ਸ੍ਰੀਰ ਉਤੇ ਜਿੰਨੇ ਮਰਜ਼ੀ ਟਿੱਕੇ ਲਾ ਲਉ, ਇਸ ਨੂੰ ਜਿੰਨੇ ਮਰਜ਼ੀ ਇਸ਼ਨਾਨ ਕਰਾ ਲਉ, ਇਸ ਨੂੰ ਜਿੰਨੇ ਮਰਜ਼ੀ ਧਾਰਮਕ ਆਖੇ ਜਾਂਦੇ ਲਿਬਾਸਾਂ ਨਾਲ ਸਜਾ ਲਉ, ਉਸ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ ਕਿਉਂਕਿ ਪ੍ਰਭੂ ਦੇ ਦਰਬਾਰ ਵਿਚ ਤਾਂ ਕੇਵਲ ਇਹ ਵੇਖਿਆ ਜਾਣਾ ਹੈ ਕਿ ਸ੍ਰੀਰ ਅੰਦਰਲੀ ਆਤਮਾ ਨੇ, ਸੰਸਾਰ ਵਿਚ ਰਹਿ ਕੇ, ਕੀ ਕਰਮ ਕੀਤੇ ਤੇ ਕੀ ਖੱਟੀ ਕੀਤੀ। ਸ੍ਰੀਰ ਤਾਂ ਆਤਮਾ ਦੀ ਸਵਾਰੀ ਮਾਤਰ ਹਨ।
ਘੜਾ ਸਾਫ਼ ਸੁਥਰਾ ਤੇ ਪੱਕਾ ਹੋਣਾ ਚਾਹੀਦਾ ਹੈ ਪਰ ਅਸਲ ਗੱਲ ਤਾਂ ਉਸ ਅੰਦਰ ਪਏ ਪਾਣੀ ਦੀ ਹੈ ਜਿਸ ਵਿਚੋਂ ਹਰ ਆਉਂਦੇ ਜਾਂਦੇ ਰਾਹੀ ਨੂੰ ਜੀਵਨ-ਦਾਨ ਮਿਲਦਾ ਹੈ। ਬਾਬਾ ਨਾਨਕ ਜੀ ਨੇ ਫ਼ਰਮਾਇਆ ਕਿ ਸ੍ਰੀਰ ਧਰਮ ਦਾ ਵਿਸ਼ਾ ਹੀ ਨਹੀਂ ਹੈ, ਧਰਮ ਦਾ ਵਿਸ਼ਾ ਮਨ, ਆਤਮਾ ਤੇ ਪ੍ਰਮਾਤਮਾ ਹੈ। ਹਾਂ, ਜਿਸ ਦਾ ਮਨ, ਆਤਮਾ ਸੁਧਰ ਗਿਆ ਤੇ ਮਾਇਆ ਤੋਂ ਨਿਰਲੇਪ ਹੋ ਗਿਆ, ਉਸ ਦਾ ਸ੍ਰੀਰ ਵੀ ਆਪੇ ਹੀ ਗ਼ਲਤ ਰਾਹ 'ਤੇ ਨਹੀਂ ਪਵੇਗਾ ਤੇ ਸੱਭ ਕੋਲੋਂ ਮਾਣ, ਸਤਿਕਾਰ ਹੀ ਪ੍ਰਾਪਤ ਕਰੇਗਾ। ਸੋ ਆਤਮਾ, ਮਨ ਦਾ ਇਕੋ ਇਕ ਗੁਰੂ, ਖ਼ੁਦ ਪ੍ਰਮਾਤਮਾ ਹੈ ਜਾਂ ਉਸ ਦਾ ਸ਼ਬਦ।
ਕੋਈ ਮਨੁੱਖ, ਭਾਵੇਂ ਉਹ ਅਪਣੇ ਆਪ ਨੂੰ ਕਿੰਨਾ ਵੱਡਾ ਪਿਆ ਆਖੇ ਤੇ ਕਿੰਨੇ ਵੱਡੇ ਦਾਅਵੇ ਪਿਆ ਕਰੇ ਜਾਂ ਕਿੰਨੀ 'ਧਾਰਮਕਤਾ' ਦਾ ਵਿਖਾਵਾ ਪਿਆ ਕਰੇ, ਉਹ 'ਗੁਰੂ' ਨਹੀਂ ਹੋ ਸਕਦਾ। ਹੁਣ ਅਗਲੀ ਗੱਲ ਆਉਂਦੀ ਹੈ 'ਸ਼ਬਦ' ਦੀ। ਜਦ ਗੁਰੂ ਖ਼ੁਦ ਪ੍ਰਮਾਤਮਾ ਹੀ ਹੈ ਤਾਂ 'ਸ਼ਬਦ' ਕੀ ਹੈ ਤੇ 'ਸ਼ਬਦ ਗੁਰੂ' ਕੀ ਹੈ? ਸ਼ਬਦ ਮਨੁੱਖੀ ਭਾਸ਼ਾ ਦੇ ਉੁਨ੍ਹਾਂ ਅੱਖਰਾਂ ਨੂੰ ਕਿਹਾ ਜਾ ਸਕਦਾ ਹੈ ਜੋ ਕੇਵਲ ਤੇ ਕੇਵਲ ਪ੍ਰਮਾਤਮਾ ਦੀ ਸੋਝੀ ਦੇਣ ਤੇ ਉਸ ਨਾਲ ਮਿਲਾਪ ਕਰਨ ਵਿਚ ਸਹਾਈ ਹੋ ਸਕਣ। ਮਹਾਂਪੁਰਸ਼ਾਂ ਦਾ ਹਰ ਬਚਨ 'ਸ਼ਬਦ' ਨਹੀਂ ਹੋ ਸਕਦਾ। ਪਰ ਬਾਬੇ ਨਾਨਕ ਦੇ ਸਿੱਖ ਵੀ ਇਹੀ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਹਰ ਮਹਾਂਪੁਰਸ਼ ਦਾ ਹਰ ਬਚਨ ਹੀ 'ਸ਼ਬਦ' ਹੈ।
ਨਹੀਂ, ਮਹਾਂਪੁਰਸ਼ਾਂ ਨੇ ਪ੍ਰਮਾਤਮਾ ਤੋਂ ਬਿਨਾਂ, ਕਈ ਹੋਰ ਵਿਸ਼ਿਆਂ ਬਾਰੇ ਵੀ, ਅਪਣੀ ਰਚਨਾ ਵਿਚ ਗਿਆਨ ਦਿਤਾ ਹੁੰਦਾ ਹੈ ਜਿਸ ਨੂੰ 'ਸ਼ਬਦ' ਨਹੀਂ ਕਿਹਾ ਜਾ ਸਕਦਾ। ਬਾਬਾ ਨਾਨਕ ਜੀ ਦੇ ਵੇਲੇ 'ਪੋਥੀ ਸਾਹਿਬ' ਹੋਂਦ ਵਿਚ ਆ ਚੁੱਕੀ ਸੀ ਪਰ ਉਨ੍ਹਾਂ ਨੇ ਸ਼ਬਦ ਨੂੰ ਹੀ 'ਗੁਰੂ' (ਸ਼ਬਦ ਗੁਰੂ ਸੁਰਤਿ ਧੁਨ ਚੇਲਾ) ਕਿਹਾ। ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਸਮਝਣ ਲਈ ਇਸ ਨੁਕਤੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੀ ਸੋਝੀ ਪ੍ਰਾਪਤ ਕੀਤੇ ਬਿਨਾਂ, ਕਈ ਲੋਕ 'ਰਾਗਮਾਲਾ' ਨੂੰ ਵੀ 'ਸ਼ਬਦ' ਹੀ ਕਹੀ ਜਾਂਦੇ ਹਨ ਹਾਲਾਂਕਿ ਉਹ 'ਸ਼ਬਦ' ਦੀ ਕਿਸੇ ਵੀ ਪ੍ਰੀਭਾਸ਼ਾ ਉਤੇ ਖਰੀ ਨਹੀਂ ਤੁਰਦੀ।
ਇਸੇ ਤਰ੍ਹਾਂ 'ਦਸਮ ਗ੍ਰੰਥ' ਦੀਆਂ ਅਸ਼ਲੀਲ, ਦੇਵੀ ਦੇਵਤਿਆਂ ਦੀ ਅਰਾਧਨਾ ਕਰਨ ਵਾਲੀਆਂ ਜਾਂ ਮਿਥਿਹਾਸਕ ਕਥਾ ਕਹਾਣੀਆਂ ਜਾਂ 'ਬਚਿੱਤਰ ਨਾਟਕ' ਨੂੰ ਵੀ ਉਹ 'ਸ਼ਬਦ' ਕਹਿ ਕੇ ਇਸ ਦਾ ਅਖੰਡ ਪਾਠ ਕਰਦੇ ਹਨ ਹਾਲਾਂਕਿ ਇਨ੍ਹਾਂ ਵਿਚ ਕੁੱਝ ਵੀ ਅਜਿਹਾ ਨਹੀਂ ਜਿਸ ਨੂੰ 'ਸ਼ਬਦ' ਦੀ ਕਿਸੇ ਵੀ ਪ੍ਰੀਭਾਸ਼ਾ ਅਨੁਸਾਰ 'ਸ਼ਬਦ' ਕਿਹਾ ਜਾ ਸਕੇ। ਗੱਲ ਸਾਡੇ ਜਾਂ ਕਿਸੇ ਦੇ ਵਿਚਾਰਾਂ ਦੀ ਨਹੀਂ, ਬਾਬੇ ਨਾਨਕ ਦੇ ਫ਼ਲਸਫ਼ੇ ਦੀ ਹੈ।
ਇਨ੍ਹਾਂ ਦੋ ਅੱਖਰਾਂ ਦੇ ਸਹੀ ਅਰਥ ਨਾ ਪਤਾ ਹੋਣ ਕਰ ਕੇ ਹੀ, ਬਾਣੀ ਦੀ 70 ਪ੍ਰਤੀਸ਼ਤ ਵਿਆਖਿਆ, ਬਾਬੇ ਨਾਨਕ ਦੇ ਸਿਧਾਂਤ ਤੋਂ ਦੂਰ ਲਿਜਾਣ ਦਾ ਕਾਰਨ ਬਣ ਰਹੀ ਹੈ। ਇਸੇ ਲਈ ਇਥੇ ਵਿਸ਼ੇਸ਼ ਜ਼ੋਰ ਦੇ ਕੇ ਗੱਲ ਸਪੱਸ਼ਟ ਕਰਨ ਦਾ ਯਤਨ ਕੀਤਾ ਗਿਆ ਹੈ।