ਸੋ ਦਰ ਤੇਰਾ ਕਿਹਾ-ਕਿਸ਼ਤ 90

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਅਧਿਆਏ - 31

So dar Tera Keha-90

ਸਿਰੀ ਰਾਗੁ ਮਹਲਾ ੧
ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ।।
ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ।।
ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ ।।੧।।

ਮਨ ਰੇ ਸਚੁ ਮਿਲੈ ਭਉ ਜਾਇ£ ਭੈ ਬਿਨੁ ਨਿਰਭਉ ਕਿਉ ਥੀਐ
ਗੁਰਮੁਖਿ ਸਬਦਿ ਸਮਾਇ ।।੧।। ਰਹਾਉ।।
ਕੇਤਾ ਆਖਣੁ ਆਖੀਐ ਆਖਣਿ ਤੋਟਿ ਨ ਹੋਇ।।
ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ।।
ਜਿਸ ਕੇ ਜੀਅ ਪਰਾਣ ਹਹਿ, ਮਨਿ ਵਸਿਐ ਸੁਖੁ ਹੋਇ।।੨।।

ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ।।
ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ।।
ਜੋ ਤਿਸੁ ਭਾਣਾ ਸੋ ਥੀਐ ਅਵਰੁ ਨ ਕਰਣਾ ਜਾਇ ।।੩।।

ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ।।
ਜਿਨੀ ਸਚੁ ਵਣੰਜਿਆ ਗੁਰ ਪੂਰੇ ਸਾਬਾਸਿ।।
ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ ।।੪।।੧੧।।

ਉਪ੍ਰੋਕਤ ਪਾਵਨ ਸ਼ਬਦ ਵਿਚ, ਬਾਬਾ ਨਾਨਕ, ਮਨੁੱਖ ਦੀ ਉਸ ਮਨੋਦਸ਼ਾ ਦਾ ਵਰਨਣ ਕਰਦੇ ਹਨ ਜਦੋਂ ਉਹ ''ਮੈਂ ਮੇਰੀ'' ਦੇ ਚੱਕਰ ਵਿਚੋਂ ਬਾਹਰ ਨਿਕਲ ਕੇ ਅਤੇ ਮਨ ਅੰਦਰਲੀ ਹਉਮੈ ਦਾ ਤਿਆਗ ਕਰ ਕੇ, ਹੌਲਾ ਫੁੱਲ ਹੋਇਆ ਮਹਿਸੂਸ ਕਰਦਾ ਹੈ ਤੇ ਇਸ ਅਵੱਸਥਾ ਵਿਚ ਆਉਣ ਤੋਂ ਪਹਿਲਾਂ ਵਾਲੀ ਅਪਣੀ ਹਾਲਤ ਦਾ ਟਾਕਰਾ, ਅੱਜ ਦੀ ਅਵੱਸਥਾ ਨਾਲ, ਸਹਿਜ ਸੁਭਾਅ ਹੀ ਕਰਨ ਲੱਗ ਜਾਂਦਾ ਹੈ।

ਉਹ ਮਹਿਸੂਸ ਕਰਦਾ ਹੈ ਕਿ ਪ੍ਰਭੂ ਦਾ ਭਰੋਸਾ ਪ੍ਰਾਪਤ ਕਰਨ ਮਗਰੋਂ ਤਾਂ ਉਸ ਨੂੰ ਉਹ ਮੰਗਾਂ ਨਿਰਰਥਕ ਤੇ ਫ਼ਜ਼ੂਲ ਲੱਗਣ ਲੱਗ ਗਈਆਂ ਹਨ ਜਿਨ੍ਹਾਂ ਨੂੰ ਉਹ ਬੜੀਆਂ ਮਹੱਤਵਪੂਰਨ ਸਮਝ ਕੇ, ਹਰ ਵੇਲੇ ਹੱਥ ਅੱਡੀ ਹੀ ਰਖਦਾ ਸੀ ਤੇ ਕਦੇ ਉਸ ਦਾ ਰੱਜ ਹੁੰਦਾ ਹੀ ਨਹੀਂ ਸੀ। ਉਦੋਂ ਉਹ ਸੋਚਦਾ ਸੀ ਕਿ ਜੇ ਇਹ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਪਤਾ ਨਹੀਂ ਉਹ ਜੀਵੇਗਾ ਕਿਵੇਂ। ਪਰ ਹੁਣ ਜਦ ਪ੍ਰਭੂ ਦਾ ਵਿਸ਼ਵਾਸ ਉਸ ਨੂੰ ਹਾਸਲ ਹੋ ਗਿਆ ਹੈ ਤਾਂ ਕੁੱਝ ਮੰਗਣਾ ਚੰਗਾ ਹੀ ਨਹੀਂ ਲਗਦਾ।

ਪਹਿਲਾਂ ਉਹ ਹਰ ਵੇਲੇ ਡਰਦਾ ਹੀ ਰਹਿੰਦਾ ਸੀ ਪਰ ਹੁਣ ਜਦ ਇਕ ਪ੍ਰਮਾਤਮਾ ਨੂੰ ਅਪਣੇ ਤੋਂ ਦੂਰ ਜਾਣ ਦਾ ਡਰ ਹੀ ਉਸ ਦੇ ਮਨ ਵਿਚ ਵੱਸ ਗਿਆ ਹੈ ਤਾਂ ਬਾਕੀ ਸਾਰੇ ਡਰਾਂ ਦਾ ਤਾਂ ਪਤਾ ਹੀ ਨਹੀਂ ਲੱਗਾ ਕਿ ਕਿਥੇ ਚਲੇ ਗਏ ਹਨ। ਵਿਕਾਰਾਂ ਦੇ ਉਹ ਦੂਤ ਜੋ ਹਮੇਸ਼ਾ ਤੰਗ ਕਰਦੇ ਰਹਿੰਦੇ ਸਨ, ਉਹ ਤਾਂ ਇਉਂ ਲਗਦੈ ਜਿਵੇਂ ਹੁਣ ਸਗੋਂ ਮੇਰੀ ਚਾਕਰੀ ਕਰਨ ਲੱਗ ਪਏ ਹਨ। ਸੰਸਾਰ ਦੇ ਸਾਰੇ ਭੈ (ਡਰ) ਉਦੋਂ ਵਿਅਰਥ ਲੱਗਣ ਲੱਗ ਜਾਂਦੇ ਹਨ ਜਦੋਂ 'ਗੁਰਮੁਖਿ ਸ਼ਬਦ' ਮਨ ਵਿਚ ਸਮਾਅ ਜਾਂਦਾ ਹੈ। ਬਾਬਾ ਨਾਨਕ ਦੇ ਫ਼ਲਸਫ਼ੇ ਦਾ ਇਹ ਕੇਂਦਰੀ ਨੁਕਤਾ ਹੈ ਜੋ ਸੋਝੀ ਦੇਂਦਾ ਹੈ ਕਿ 'ਸ਼ਬਦ' ਦਾ ਮਨ ਵਿਚ ਸਮਾਅ ਜਾਣਾ ਹੀ ਸੱਭ ਡਰ, ਭੈ ਤੋਂ ਮੁਕਤ ਹੋਣ ਦਾ ਇਕੋ ਇਕ ਰਾਹ ਹੈ।

ਭੁਲੇਖਾ ਉਦੋਂ ਲਗਦਾ ਹੈ ਜਦੋਂ 'ਗੁਰਮੁਖ' ਦੇ ਅਰਥ ਕਰਨ ਲਗਿਆਂ ਕਿਸੇ ਮਨੁੱਖੀ ਸ੍ਰੀਰ ਨੂੰ ਸਾਹਮਣੇ ਰੱਖ ਲੈਂਦੇ ਹਾਂ ਤੇ ਕਹਿ ਦੇਂਦੇ ਹਾਂ ਕਿ 'ਗੁਰਮੁਖ' ਦਾ ਸ਼ਬਦ ਜਾਂ ਗੁਰੂ ਦਾ ਸ਼ਬਦ ਹਿਰਦੇ ਵਿਚ ਸਮਾਅ ਗਿਆ ਹੈ। ਬਾਬੇ ਨਾਨਕ ਦੇ ਮੱਤ ਵਿਚ 'ਗੁਰੂ' ਤਾਂ ਕੇਵਲ ਤੇ ਕੇਵਲ ਪ੍ਰਮਾਤਮਾ ਹੀ ਹੋ ਸਕਦਾ ਹੈ (ਕੋਈ ਮਨੁੱਖੀ ਸ੍ਰੀਰ ਨਹੀਂ) ਤੇ ਗੁਰਮੁਖ ਉਹੀ ਹੈ ਜੋ ਪ੍ਰਮਾਤਮਾ ਦੇ ਇਸ ਸ਼ਬਦ ਦੀ ਸੋਝੀ ਵੰਡਦਾ ਹੈ। ਇਹ ਸੋਝੀ ਵੰਡ ਉਹੀ ਸਕਦਾ ਹੈ ਜੋ ਆਪ ਹਰ ਪ੍ਰਕਾਰ ਦੀ 'ਮਾਇਆ' ਤੋਂ ਨਿਰਲੇਪ ਹੋ ਚੁੱਕਾ ਹੈ ਤੇ ਉੁਨ੍ਹਾਂ ਅੱਖਾਂ ਨੂੰ ਪ੍ਰਾਪਤ ਕਰ ਚੁੱਕਾ ਹੈ ਜਿਨ੍ਹਾਂ ਅੱਖਾਂ ਰਾਹੀਂ ਪ੍ਰਮਾਤਮਾ, ਅਕਾਲ ਪੁਰਖ ਦੇ 'ਸ਼ਬਦ' ਦੀ ਸੋਝੀ ਹੋ ਜਾਂਦੀ ਹੈ।

ਬਾਬਾ ਨਾਨਕ ਦੇ ਮੱਤ ਵਿਚ ਸ਼ਬਦ ਹਮੇਸ਼ਾ 'ਪ੍ਰਮਾਤਮਾ' ਦਾ ਹੀ ਹੁੰਦਾ ਹੈ ਤੇ 'ਗੁਰਮੁਖ' ਦੀ ਅਪਣੀ ਹਸਤੀ ਕੋਈ ਨਹੀਂ ਹੁੰਦੀ। ਉਹ ਤਾਂ ਕੇਵਲ ਸ਼ਬਦ ਰਾਹੀਂ ਅਕਾਲ ਪੁਰਖ ਦਾ ਰਾਹ-ਦਸੇਰਾ ਹੁੰਦਾ ਹੈ। ਸਾਡੇ 'ਸੰਤ ਬਾਬੇ' ਅਤੇ 'ਦੇਹਧਾਰੀ ਗੁਰੂ' ਵੀ ਕਹਿੰਦੇ ਤਾਂ ਇਹੀ ਹਨ ਕਿ ਉਹ ਵੀ ਸ਼ਬਦ ਰਾਹੀਂ ਅਕਾਲ ਪੁਰਖ ਬਾਰੇ ਸੋਝੀ ਪੈਦਾ ਕਰਨ ਲਈ ਹੀ ਕੰਮ ਕਰਦੇ ਹਨ ਪਰ ਅਸਲ ਵਿਚ ਉਹ ਅਪਣੇ ਆਪ ਨੂੰ ਹੀ ਪ੍ਰਚਾਰਤ ਕਰਨ ਵਿਚ ਲੱਗੇ ਹੁੰਦੇ ਹਨ ਤੇ ਪ੍ਰਭੂ ਦਾ ਨਾਂ ਵਰਤ ਕੇ ਅਪਣੇ ਆਪ ਨੂੰ ਕਦੇ 'ਬ੍ਰਹਮ ਗਿਆਨੀ' ਦਸਦੇ ਹਨ, ਕਦੇ 'ਮਹਾਂਪੁਰਸ਼' ਤੇ ਕਦੇ 'ਜਾਣੀ ਜਾਣ'।

ਪਰ ਇਹ ਸਾਰੇ ਝੂਠੇ ਲੋਕਾਂ ਦੇ ਪ੍ਰਪੰਚ ਹਨ ਕਿਉਂਕਿ ਸੱਚਾ 'ਗੁਰਮੁਖ' (ਅਕਾਲ ਪੁਰਖ ਵਲ ਧਿਆਨ ਧਰ ਕੇ ਚਲਣ ਵਾਲਾ) ਤਾਂ ਹੁੰਦਾ ਹੀ ਉਹ ਹੈ ਜੋ ਅਪਣੇ ਆਪ ਨੂੰ ਪਹਿਲਾਂ ਮਾਰ ਚੁੱਕਾ ਹੋਵੇ ਤੇ ਹਰ ਪ੍ਰਕਾਰ ਦੀ 'ਮਾਇਆ' ਦਾ ਤਿਆਗ ਕਰ ਚੁੱਕਾ ਹੋਵੇ। ਸਾਡੇ 'ਬ੍ਰਹਮਗਿਆਨੀ ਸੰਤ', ਇਸ ਦੇ ਉਲਟ, ਹਰ ਪ੍ਰਕਾਰ ਦੀ ਕਮਜ਼ੋਰੀ ਦਾ ਸ਼ਿਕਾਰ ਹੋਏ ਨਜ਼ਰ ਆਉਂਦੇ ਹਨ, ਭਾਵੇਂ ਬਾਹਰੀ ਭੇਖ ਰਾਹੀਂ, 'ਮਹਾਂਪੁਰਸ਼' ਹੋਣ ਦਾ ਭੁਲੇਖਾ ਰਚਦੇ ਹਨ ਤੇ ਅਕਾਲ ਪੁਰਖ ਜਾਂ ਉਸ ਦੇ ਸ਼ਬਦ ਤਕ ਪਹੁੰਚਣੋਂ ਰੋਕਦੇ ਹਨ।

ਬਾਬਾ ਨਾਨਕ ਇਸ ਪਾਵਨ ਸ਼ਬਦ ਵਿਚ ਫ਼ਰਮਾਉਂਦੇ ਹਨ ਕਿ ਉਪ੍ਰੋਕਤ ਲੋਕ ਜੋ ਵੀ ਕਰਦੇ ਹਨ, ਉਹ ਝੂਠਾ ਸੌਦਾ ਹੈ ਤੇ ਗੁਰੂ (ਅਕਾਲ ਪੁਰਖ) ਦੀ 'ਸ਼ਾਬਾਸ਼' ਉਸ ਨੂੰ ਹੀ ਮਿਲਦੀ ਹੈ ਜੋ ਇਸ ਜੱਗ ਵਿਚ 'ਸੱਚਾ ਸੌਦਾ' ਕਰਨ ਦੀ ਜਾਚ ਸਿੱਖ ਲਵੇ। 'ਸੱਚੇ ਸੌਦੇ' ਦੇ ਨਾਂ ਤੇ ਵੀ ਝੂਠਾ ਵਣਜ ਕਰਨ ਵਾਲੇ ਇਸ ਦੁਨੀਆਂ ਵਿਚ ਬਹੁਤ ਹਨ ਤੇ ਉਹ ਮੋਹ, ਮਾਇਆ, ਕਾਮ ਤੇ ਕ੍ਰੋਧ ਵਿਚ ਲਿਪਟੇ ਹੋਏ ਵੀ, ਕਾਫ਼ੀ ਸਾਰੇ ਮਨੁੱਖਾਂ ਨੂੰ ਭੁਲੇਖੇ ਵਿਚ ਪਾ ਲੈਂਦੇ ਹਨ ਤੇ ਸਮਝਦੇ ਹਨ ਕਿ ਪ੍ਰਮਾਤਮਾ, ਅਕਾਲ ਪੁਰਖ ਨੂੰ ਵੀ ਭੁਲੇਖੇ ਵਿਚ ਪਾ ਲੈਣਗੇ।

ਬਾਬਾ ਨਾਨਕ ਕਹਿੰਦੇ ਹਨ ਕਿ ਬੰਦੇ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸੰਸਾਰ ਵਿਚ ਜੋ ਵੀ ਖੇਡ ਖੇਡੀ ਜਾ ਰਹੀ ਹੈ, ਉਸ ਪ੍ਰਮਾਤਮਾ ਦੇ ਹੁਕਮ ਅੰਦਰ ਹੀ ਹੋ ਰਹੀ ਹੈ ਤੇ ਉਸ ਪ੍ਰਮਾਤਮਾ ਨੂੰ ਇਸ ਬਾਰੇ ਨਿੱਕੀ ਤੋਂ ਨਿੱਕੀ, ਹਰ ਗੱਲ ਦਾ ਪਤਾ ਹੁੰਦਾ ਹੈ। ਜਿਸ ਦੇ ਹੱਕ ਵਿਚ 'ਸੰਜੋਗਾਂ' ਦਾ ਮਿਲਣਾ ਲਿਖਿਆ ਹੁੰਦਾ ਹੈ, ਉਹ ਦੂਜੇ ਪ੍ਰਾਣੀਆਂ ਨੂੰ ਮਿਲ ਪੈਂਦਾ ਹੈ ਤੇ ਉਹ ਇਕੱਠੇ ਹੋ ਜਾਂਦੇ ਹਨ ਪਰ ਜਿਸ ਨੂੰ 'ਵਿਜੋਗ' ਮਿਲਦਾ ਹੈ, ਉਹ ਦੂਜਿਆਂ ਤੋਂ ਵਿਛੜ ਜਾਂਦਾ ਹੈ ਤੇ ਸੰਸਾਰ ਛੱਡ ਕੇ, ਚਲਾ ਜਾਂਦਾ ਹੈ।

ਪਰ ਪ੍ਰਭੂ ਦੇ ਦਰਬਾਰ ਵਿਚ ਪੁੱਜਣ ਤਕ ਉਸ ਨੂੰ ਵੀ ਸਾਰਾ ਗਿਆਨ ਹੋ ਜਾਂਦਾ ਹੈ ਕਿ ਜਗਤ ਦੀ ਖੇਡ ਇਕ ਸੁਪਨੇ ਵਰਗੀ ਹੀ ਸੀ। ਫਿਰ ਜਗਤ ਦੀ ਖੇਡ ਵਿਚ ਉਸ ਵਲੋਂ ਕੀਤੀ ਸੱਚੀ ਕਮਾਈ ਹੀ ਉਸ ਨੂੰ ਪ੍ਰਭੂ ਦੇ ਦਰਬਾਰ ਵਿਚ ਸ਼ਾਬਾਸ਼ ਦਿਵਾਉਂਦੀ ਹੈ।

ਚਲਦਾ...