ਸੋ ਦਰ ਤੇਰਾ ਕਿਹਾ-ਕਿਸ਼ਤ 95

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਅਧਿਆਏ -33

So Dar Tera Keha-95

ਸਿਰੀ ਰਾਗੁ ਮਹਲਾ ੧
ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ
ਕਲਰ ਕੇਰੀ ਕੰਧ ਜਿਉ
ਅਹਿਨਿਸਿ ਕਿਰਿ ਢਹਿ ਪਾਇ।।

ਬਿਨੁ ਸਬਦੈ ਸੁਖੁ ਨਾ ਥੀਐ
ਪਿਰ ਬਿਨੁ ਦੂਖੁ ਨ ਜਾਇ।।੧।।
ਮੁੰਧੈ ਪਿਰ ਬਿਨੁ ਕਿਆ ਸੀਗਾਰੁ।।
ਦਰਿ ਘਰਿ ਢੋਈ ਨਾ ਲਹੈ
ਦਰਗਹ ਝੂਠ ਖੁਆਰੁ।।੧।। ਰਹਾਉ।।

ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ।।
ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ।।
ਨਉ ਨਿਧਿ ਉਪਜੈ ਨਾਮੁ ਏਕੁ
ਕਰਮਿ ਪਵੈ ਨੀਸਾਣੁ।।੨।।

ਗੁਰ ਕਉ ਜਾਣਿ ਨ ਜਾਣਈ
ਕਿਆ ਤਿਸੁ ਚਜੁ ਅਚਾਰੁ।।
ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧੁ ਗੁਬਾਰੁ।।
ਆਵਣੁ ਜਾਣੁ ਨ ਚੁਕਈ
ਮਰਿ ਜਨਮੈ ਹੋਇ ਖੁਆਰੁ ।।੩।।

ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ।।
ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ।।
ਜੇ ਧਨ ਕੰਤ ਨ ਭਾਵਈ ਤ ਸਭਿ ਅਡੰਬਰ ਕੂੜੁ ।।੪।।
ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ।।

ਜਬ ਲਗੁ ਸਬਦਿ ਨ ਭੇਦੀਐ
ਕਿਉ ਸੋਹੈ ਗੁਰ ਦੁਆਰਿ।।
ਨਾਨਕ ਧੰਨੁ ਸੁਹਾਗਣੀ
ਜਿਨ ਸਹਿ ਨਾਲਿ ਪਿਆਰੁ ।।੫।।੧੩।।

ਬਾਬਾ ਨਾਨਕ ਨੇ ਪਿਛਲੇ ਕੁੱਝ ਸ਼ਬਦਾਂ ਵਿਚ 'ਸੋਹਾਗਣ', 'ਗੁਣਵੰਤੀ' ਅਥਵਾ ਚੰਗੇ ਗੁਣਾਂ ਵਾਲੀ ਜੀਵ-ਆਤਮਾ ਦਾ ਜ਼ਿਕਰ ਕੀਤਾ ਹੈ ਤੇ ਉਸ ਨੂੰ ਸਲਾਹਿਆ ਹੈ। ਉਸੇ ਲੜੀ ਵਿਚ, ਇਸ ਪਾਵਨ ਸ਼ਬਦ ਵਿਚ ਆਪ 'ਦੋਹਾਗਣ' ਅਤੇ ਉਸ ਜੀਵ-ਆਤਮਾ ਦੀ ਗੱਲ ਕਰਦੇ ਹਨ ਜੋ ਅਪਣੇ 'ਪਤੀ' ਅਥਵਾ ਅਕਾਲ ਪੁਰਖ ਤੋਂ ਬਿਨਾਂ, ਹੋਰ ਹੋਰ ਪਾਸਿਆਂ ਵਲ ਧਿਆਨ ਰਖਦੀ ਹੈ ਤੇ ਪਤੀ ਅਕਾਲ ਪੁਰਖ ਨਾਲੋਂ ਹੋਰਨਾਂ ਨੂੰ ਚੰਗੇ ਸਮਝਣ ਲੱਗ ਪੈਂਦੀ ਹੈ। ਉਹ ਪਤੀ ਪ੍ਰਤੀ ਫ਼ਰਮਾਬਰਦਾਰ ਹੋਣ ਦਾ ਨਾਟਕ ਤਾਂ ਕਰਦੀ ਰਹਿੰਦੀ ਹੈ ਪਰ ਧਿਆਨ ਉਸ ਦਾ ਕਿਸੇ ਹੋਰ ਪਾਸੇ ਲੱਗਾ ਹੋਇਆ ਹੁੰਦਾ ਹੈ।

ਇਸ ਪਾਵਨ ਸ਼ਬਦ ਵਿਚ ਪਤੀ ਪਤਨੀ ਦੇ ਰਿਸ਼ਤੇ ਨੂੰ ਪ੍ਰਤੀਕ ਵਜੋਂ ਵਰਤਿਆ ਗਿਆ ਹੈ ਤਾਕਿ ਗੱਲ ਸਾਨੂੰ ਛੇਤੀ ਸਮਝ ਆ ਸਕੇ ਪਰ ਅਸਲ ਸੁਨੇਹਾ ਇਹੀ ਹੈ ਕਿ ਜਿਹੜੀ ਸ੍ਰੀਰ ਆਤਮਾ, ਅਪਣੇ ਮਾਲਕ ਤੋਂ ਬਿਨਾਂ, ਹੋਰ ਪਾਸਿਆਂ ਵਲ ਝਾਕਦੀ ਹੈ, ਉਹ ਦੁਹਾਗਣ ਇਸਤਰੀ ਵਰਗੀ ਹੈ ਜਿਸ ਨੂੰ ਅੰਤ ਖੱਜਲ ਖੁਆਰੀ, ਬਦਨਾਮੀ ਤੇ ਖੇਹ ਉਡਣ ਤੋਂ ਵੱਧ ਕੁੱਝ ਨਹੀਂ ਮਿਲਣਾ। ਜਦੋਂ ਸ੍ਰੀਰ ਪੱਧਰ ਉਤੇ ਗੱਲ ਕੀਤੀ ਜਾਏ ਤਾਂ ਕੋਈ ਇਸਤਰੀ 'ਦੁਹਾਗਣ' ਕਦੋਂ ਬਣਦੀ ਹੈ?

ਉਦੋਂ ਜਦੋਂ ਉਹ ਫੇਰੇ ਤਾਂ ਪਤੀ ਨਾਲ ਲੈਂਦੀ ਹੈ ਤੇ ਸਮਾਜ ਅੱਗੇ ਪ੍ਰਤਿਗਿਆ ਇਹ ਕਰਦੀ ਹੈ ਕਿ ਹਮੇਸ਼ਾ ਲਈ (ਅਰਥਾਤ ਜੀਵਨ ਭਰ) ਇਸੇ ਦੀ ਹੋ ਕੇ ਰਹੇਗੀ ਪਰ ਫਿਰ ਛੇਤੀ ਹੀ :ਕੋਈ ਧਨੀ ਆਦਮੀ ਉਸ ਨੂੰ ਨਜ਼ਰ ਆ ਜਾਂਦਾ ਹੈ ਜਿਸ ਦੇ ਧਨ ਨੂੰ ਵੇਖ ਕੇ ਉਹ, ਅਪਣੇ ਪਤੀ ਨਾਲੋਂ ਵੀ ਜ਼ਿਆਦਾ, ਉਸ ਧਨੀ ਦੇ ਨੇੜੇ ਹੋਣਾ ਲੋਚਣ ਲੱਗ ਜਾਂਦੀ ਹੈ ਤਾਕਿ ਉਸ ਦੇ ਧਨ ਰਾਹੀਂ ਵਧੇਰੇ ਸੁੱਖ ਪ੍ਰਾਪਤ ਕਰ ਲਵੇ ਤੇ ਪਤੀ ਨੂੰ ਧੋਖਾ ਦੇ ਕੇ, ਧਨੀ ਦੀਆਂ ਬਾਹਾਂ ਵਿਚ ਜਾ ਟਿਕੇ।

ਬਹੁਤ ਛੇਤੀ ਹੀ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਧਨੀ ਆਦਮੀ ਤਾਂ ਇਕ ਛਲਾਵਾ ਸੀ ਜੋ 'ਪਿਆਰ' ਦਾ ਨਾਟਕ ਕੇਵਲ ਉਸ ਨਾਲ ਹੀ ਨਹੀਂ ਸੀ ਕਰਦਾ ਸਗੋਂ ਹਰ ਔਰਤ ਨਾਲ ਹੀ ਕਰਦਾ ਸੀ ਤੇ ਉਸ ਨੂੰ ਫਸਾ ਲੈਂਦਾ ਸੀ ਪਰ ਬਾਅਦ ਵਿਚ ਉਸ ਦੀ ਬੁਰੀ ਹਾਲਤ ਵੀ ਕਰ ਦੇਂਦਾ ਸੀ। 

ਚਲਦਾ...