ਸੋ ਦਰ ਤੇਰਾ ਕਿਹਾ-ਕਿਸ਼ਤ 94

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਜਦੋਂ ਸ਼ੁਰੂ ਦੀਆਂ ਪਹਿਲੀਆਂ ਪੰਕਤੀਆਂ ਵਿਚ ਅਪਣੀ ਹਸਤੀ ਮਿਟਾ ਕੇ, ਪ੍ਰਮਾਤਮਾ ਵਿਚ ਅਭੇਦ ਹੋ ਜਾਣ ਵਾਲੀ ਪਰਮ ਆਤਮਾ ਦੀ ਗੱਲ ਹੋ ਰਹੀ ਹੈ ਤਾਂ ਫਿਰ ਉਹ...

So Dar Tera Keha-94

ਅੱਗੇ...

ਜਦੋਂ ਸ਼ੁਰੂ ਦੀਆਂ ਪਹਿਲੀਆਂ ਪੰਕਤੀਆਂ ਵਿਚ ਅਪਣੀ ਹਸਤੀ ਮਿਟਾ ਕੇ, ਪ੍ਰਮਾਤਮਾ ਵਿਚ ਅਭੇਦ ਹੋ ਜਾਣ ਵਾਲੀ ਪਰਮ ਆਤਮਾ ਦੀ ਗੱਲ ਹੋ ਰਹੀ ਹੈ ਤਾਂ ਫਿਰ ਉਹ 'ਸੰਤ' ਅਤੇ 'ਸੰਗਤ' ਕਿਹੜੇ ਹਨ ਜੋ ਪ੍ਰਮਾਤਮਾ ਵਿਚ ਅਭੇਦ ਹੋਣ ਵਾਲੀ ਪਰਮ-ਆਤਮਾ ਨਾਲੋਂ ਵਖਰੇ ਤੇ ਉੱਚੇ ਹਨ? ਇਨ੍ਹਾਂ ਹੀ ਅਰਥਾਂ ਦਾ ਲਾਭ ਉਠਾਉਂਦੇ ਹੋਏ ਉਹ ਨਕਲੀ ਸੰਤ (ਬਾਹਰੀ ਲਿਬਾਸ ਦੇ ਆਸਰੇ) ਪਰ ਹਰ ਤਰ੍ਹਾਂ ਦੀ ਮਾਇਆ ਵਿਚ ਲਿਬੜੇ ਹੋਏ ਭੇਖੀ ਆ ਪ੍ਰਗਟ ਹੁੰਦੇ ਹਨ ਜੋ ਕਹਿੰਦੇ ਹਨ ਕਿ ਬਾਬੇ ਨਾਨਕ ਦੇ ਆਖੇ ਅਨੁਸਾਰ ਵੀ, ਪ੍ਰਮਾਤਮਾ ਵਿਚ ਅਭੇਦ ਹੋਣ ਵਾਲੇ ਨੂੰ 'ਸੰਤਾਂ' ਦੇ ਪੈਰਾਂ ਦੀ ਮਿੱਟੀ ਸਿਰ ਨੂੰ ਛੁਹਾਣੀ ਪੈਂਦੀ ਹੈ। ਗੱਲ ਇਸ ਤਰ੍ਹਾਂ ਨਹੀਂ ਹੈ।

ਅੱਖਰੀ ਅਰਥ ਕਰਨ ਦੀ ਬਜਾਏ ਇਹ ਸਮਝਣਾ ਲਾਭਦਾਇਕ ਹੋਵੇਗਾ ਕਿ ਬਾਬਾ ਨਾਨਕ ਦੋ ਪ੍ਰਕਾਰ ਦੇ ਮਨੁੱਖਾਂ ਦੀ ਨਹੀਂ, ਸਾਰੇ ਸ਼ਬਦ ਵਿਚ ਇਕੋ ਪ੍ਰਕਾਰ ਦੇ ਜਗਿਆਸੂਆਂ ਦੀ ਗੱਲ ਕਰ ਰਹੇ ਹਨ ਅਰਥਾਤ ਉੁਨ੍ਹਾਂ ਦੀ ਜੋ ਪ੍ਰਮਾਤਮਾ ਵਿਚ ਅਭੇਦ ਹੋ ਜਾਣਾ ਲੋਚਦੇ ਹਨ। ਇਹੀ ਸੰਤ ਹਨ, ਇਹੀ ਮਹਾਂਪੁਰਰਸ਼ ਹਨ ਤੇ 'ਭਾਈ ਰੇ ਸੰਤ ਜਨਾ ਕੀ ਰੇਣੁ' ਦੇ ਸਹੀ ਅਰਥ ਇਹ ਬਣਦੇ ਹਨ :-

''ਹੇ ਭਾਈ! ਪ੍ਰਮਾਤਮਾ ਵਿਚ ਅਭੇਦ ਹੋ ਕੇ ਆਪਾ ਪਰਕਾ ਦਾ ਫ਼ਰਕ ਮਿਟਾ ਦੇਣ ਦਾ ਨਿਸ਼ਚਾ ਧਾਰ ਚੁੱਕੇ ਮਹਾਂਪੁਰਸ਼ ਹੀ ਉਹ ਸੰਤ ਹਨ ਜਿਨ੍ਹਾਂ ਦੇ ਚਰਨਾਂ ਦੀ ਧੂੜ ਵੀ ਮੁਬਾਰਕ ਹੈ (ਕਿਉਂਕਿ ਇਹ ਅਖ਼ਬਾਰਾਂ ਵਿਚ ਅਪਣੀ ਮਸ਼ਹੂਰੀ ਦੇ ਇਸ਼ਤਿਹਾਰ ਨਹੀਂ ਦੇਂਦੇ, ਹਉਮੈ ਨਾਲ ਭਰੇ ਨਹੀਂ ਹੁੰਦੇ, ਅਪਣੀਆਂ ਤਸਵੀਰਾਂ ਨਹੀਂ ਛਪਵਾਉਂਦੇ, ਮਹਿੰਗੀਆਂ ਕਾਰਾਂ ਤੇ ਨਹੀਂ ਘੁੰਮਦੇ, ਜਾਇਦਾਦਾਂ ਦੇ ਮਾਲਕ ਨਹੀਂ ਬਣਦੇ, ਬਰਸੀਆਂ ਤੇ ਜਨਮ ਦਿਨ ਨਹੀਂ ਮਨਾਉਂਦੇ।

 ਅਪਣੇ ਆਪ ਨੂੰ ਆਪ ਹੀ ਸੰਤ ਜਾਂ ਬ੍ਰਹਮ-ਗਿਆਨੀ ਨਹੀਂ ਕਹਿੰਦੇ, ਪਬਲਿਸਟੀ (ਮਸ਼ਹੂਰੀ) ਦੇ ਭੁੱਖੇ ਨਹੀਂ ਹੁੰਦੇ ਸਗੋਂ ਅਪਣਾ ਆਪਾ ਮਿਟਾ ਕੇ, ਜੱਗ ਨੂੰ ਸੁਪਨਾ ਜਾਣ ਕੇ, ਪ੍ਰਭੂ ਵਿਚ ਅਭੇਦ ਹੋਣ ਲਈ ਬਿਹਬਲ ਹੋਏ ਰਹਿੰਦੇ ਹਨ)। ਪ੍ਰਭੂ ਵਿਚ ਅਭੇਦ ਹੋ ਜਾਣ ਦੀ ਤਾਂਘ ਰੱਖਣ ਵਾਲੇ ਇਨ੍ਹਾਂ 'ਸੰਤਾਂ' ਦੀ ਜੇ ਸਭਾ (ਸੰਗਤ) ਮਿਲ ਸਕੇ ਤਾਂ ਮੁਕਤੀ ਦਾ ਉਹ ਪਦਾਰਥ ਵੀ ਮਿਲ ਸਕਦਾ ਹੈ ਜੋ ਕਥਿਤ ਤੌਰ 'ਤੇ ਕਹੀ ਜਾਂਦੀ 'ਕਾਮਧੇਨ' (ਸਾਰੇ ਫੱਲ ਦੇਣ ਵਾਲੀ ਸ਼ਕਤੀ) ਤੋਂ ਵੀ ਬਹੁਤ ਉੱਚੀ ਅਵੱਸਥਾ ਹੈ।''

ਇਸ ਤਰ੍ਹਾਂ ਜੇ ਸ਼ਬਦ ਦੀਆਂ ਪਹਿਲੀਆਂ ਤਿੰਨ ਪੰਕਤੀਆਂ ਨੂੰ ਵਿਸ਼ਾ ਮੰਨ ਕੇ, ਬਾਕੀ ਸਾਰੇ ਸ਼ਬਦ ਨੂੰ ਉਸ ਦੀ ਵਿਆਖਿਆ ਵਜੋਂ ਲਿਆ ਜਾਏ ਤਾਂ ਅਰਥ ਬੜੇ ਉੱਚੇ ਨਿਕਲਦੇ ਹਨ ਪਰ ਜੇ ਇਕ ਇਕ ਪੰਕਤੀ ਦੇ ਅਰਥ ਵੱਖ ਵੱਖ ਕਰ ਕੇ ਕੀਤੇ ਜਾਣ ਤਾਂ ਪ੍ਰਭੂ ਵਿਚ ਅਭੇਦ ਹੋਣ ਵਾਲੀ ਮਹਾਂ-ਆਤਮਾ ਵਖਰੀ ਮਹਿਸੂਸ ਹੁੰਦੀ ਹੈ ਤੇ 'ਸੰਤ ਸਭਾ' ਕੋਈ ਵਖਰੀ ਹਸਤੀ। ਹੁਣ ਅਸੀ ਸ਼ਬਦ ਦੇ ਤੁਕ-ਵਾਰ ਅਰਥ ਕਰਦੇ ਹਾਂ :-ਪ੍ਰਭੂ ਨੂੰ ਪਿਆਰ ਕਰਨ ਵਾਲੇ (ਸਿਫ਼ਤੀ) ਉਸ ਵਿਚ ਇਉਂ ਮਿਲ ਜਾਣ ਤੇ ਅਪਣਾ ਆਪਾ ਮਿਟਾ ਕੇ ਅਭੇਦ ਹੋਣ ਦੀ ਤਾਂਘ ਰਖਦੇ ਹਨ ਜਿਵੇਂ ਇਕ ਧਾਤ ਦੂਜੀ ਧਾਤ ਵਿਚ ਮਿਲ ਕੇ ਤੇ ਕੁਠਾਲੀ ਵਿਚ ਢਲ ਕੇ, ਅਭੇਦ ਬਣ ਜਾਂਦੀ ਹੈ।

ਅਭੇਦ ਹੋ ਜਾਣ ਵਾਲੇ ਸਿਫ਼ਤੀਆਂ ਉਤੇ ਪ੍ਰਭੂ ਦਾ ਏਨਾ ਗੂੜ੍ਹਾ ਲਾਲ ਰੰਗ ਚੜ੍ਹ ਜਾਂਦਾ ਹੈ ਕਿ ਫਿਰ ਦੁਹਾਂ ਵਿਚ ਭੇਦ ਕਰਨਾ ਹੀ ਸੰਭਵ ਨਹੀਂ ਰਹਿੰਦਾ। ਉਨ੍ਹਾਂ ਨੂੰ ਆਪਾ ਮਿਟ ਜਾਣ ਦੀ ਚਿੰਤਾ ਨਹੀਂ ਰਹਿੰਦੀ ਤੇ ਇਹ ਸੰਤੋਖ ਆ ਜਾਂਦਾ ਹੈ ਕਿ ਆਪਾ ਪਰਕਾ ਦਾ ਫ਼ਰਕ ਮਿਟਾ ਕੇ ਉਹ ਸਗੋਂ ਸੱਭ ਤੋਂ ਉੱਚੀ ਅਵੱਸਥਾ ਨੂੰ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਨੂੰ ਹਰੀ ਵਿਚ ਅਭੇਦ ਹੋਣਾ (ਜਪਣਾ) ਦੁਨੀਆਂ ਦੇ ਸੱਭ ਤੋਂ ਵੱਡੇ ਅਨੰਦ ਅਤੇ ਰਸ ਨੂੰ ਪ੍ਰਾਪਤ ਕਰਨ ਵਾਂਗ ਹੀ ਲਗਦਾ ਹੈ। ਹੇ ਭਾਈ, ਇਹ ਆਪਾ ਮਿਟਾ ਚੁਕੇ ਜੀਵ ਹੀ ਉਹ ਸੰਤ ਹਨ ਜੋ ਪ੍ਰਭੂ ਨਾਲ ਅਭੇਦ ਹੋਣ ਲਈ ਤਿਆਰ ਬਰ ਤਿਆਰ ਹੋ ਚੁੱਕੇ ਹਨ।

ਇਨ੍ਹਾਂ ਦੇ ਤਾਂ ਪੈਰਾਂ ਦੀ ਮਿੱਟੀ ਵੀ ਮੱਥੇ ਲਾਉਣ ਯੋਗ ਹੈ। ਕਿਉਂਕਿ ਪ੍ਰਭੂ ਵਿਚ ਅਭੇਦ ਹੋਣ ਜਾ ਰਹੀਆਂ ਇਨ੍ਹਾਂ ਮਹਾਨ ਆਤਮਾਵਾਂ (ਸੰਤਾਂ) ਦੀ ਸੰਗਤ ਵਿਚ ਰਹਿ ਕੇ ਹੀ ਉਹ ਗੁਰੂ (ਸ਼ਬਦ) ਮਿਲਦਾ ਹੈ ਜੋ ਸਾਰੇ ਸੁੱਖਾਂ ਦੀ ਦਾਤੀ ਕਹੀ ਜਾਂਦੀ ਕਾਮਧੇਨ ਸ਼ਕਤੀ ਨਾਲੋਂ ਵੀ ਜ਼ਿਆਦਾ ਉੱਚੀ ਅਵੱਸਥਾ ਅਥਵਾ ਮੁਕਤੀ ਦਿਵਾ ਦੇਂਦਾ ਹੈ। ਉਸ ਪ੍ਰਮਾਤਮਾ ਦਾ ਦਰ ਘਰ ਅਤੇ ਮਹਿਲ ਬਹੁਤ ਸੁੰਦਰ ਤੇ ਬਹੁਤ ਉੱਚਾ ਹੈ। ਉਸ ਦੇ ਦਰ 'ਤੇ ਸੱਚੀ ਕਰਣੀ ਤੇ ਸੱਚੇ ਪਿਆਰ ਨਾਲ ਹੀ ਪਹੁੰਚਿਆ ਜਾ ਸਕਦਾ ਹੈ।ਮਨ ਨੂੰ ਸ਼ਬਦ-ਗੁਰੂ ਨਾਲ ਸਮਝਾ ਕੇ (ਗੁਰੂ-ਮੁਖੀ ਬਣਾ ਕੇ) ਉਸ ਪਾਸੇ ਵਲ ਮੋੜਨਾ ਪੈਂਦਾ ਹੈ ਤੇ ਆਤਮਾ ਨੂੰ ਪ੍ਰਭੂ ਦੀ ਵਿਚਾਰ ਵਲ ਰੁਚਿਤ ਕਰਨਾ ਪੈਂਦਾ ਹੈ।

ਜੇ ਅਜਿਹਾ ਨਾ ਕਰੀਏ ਤਾਂ ਮਾਇਆ ਦੇ ਤਿੰਨ ਰੂਪਾਂ (ਰਜੋ, ਤਮੋ, ਸਤੋ) ਦੀ ਘੁੰਮਣਘੇਰੀ ਵਿਚ ਹੀ ਫਸੇ ਰਹੀਦਾ ਹੈ ਤੇ ਚਿੰਤਾ, ਆਸਾ ਦੇ ਚੱਕਰ ਖਾਂਦਿਆਂ ਜੀਵਨ ਬਤੀਤ ਹੋ ਜਾਂਦਾ ਹੈ। ਮਾਇਆ ਦੀ ਇਸ ਤ੍ਰਿਕੁਟੀ (ਤਿੰਨ ਰੂਪਾਂ) ਤੋਂ ਛੁਟਕਾਰਾ ਗੁਰੂ (ਪ੍ਰਮਾਤਮਾ ਜਾਂ ਉਸ ਦੇ ਸ਼ਬਦ) ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ ਤੇ ਸ਼ਬਦ ਗੁਰੂ ਹੀ ਉਹ ਸਹਿਜ ਅਵੱਸਥਾ ਪੈਦਾ ਕਰ ਦੇਂਦਾ ਹੈ ਜਿਸ ਮਗਰੋਂ ਹਰ ਪਾਸੇ ਸੁੱਖ ਹੀ ਸੁੱਖ ਨਜ਼ਰ ਆਉਂਦਾ ਹੈ। ਸ਼ਬਦ ਗੁਰੂ ਅੰਦਰ ਦੀ ਮੈਲ ਧੋ ਦੇਂਦਾ ਹੈ ਤੇ ਅਪਣਾ ਅਸਲ ਟਿਕਾਣਾ ਅਰਥਾਤ ਉਪਰ ਵਰਣਤ ਉੱਚੇ ਮਹਲ ਦੀ ਸੋਝੀ ਹੋ ਜਾਂਦੀ ਹੈ।

ਪਰ ਸ਼ਬਦ ਗੁਰੂ ਬਿਨਾ ਮਨ ਦੀ ਮੈਲ ਉਤਰਦੀ ਹੀ ਨਹੀਂ ਤਾਂ ਫਿਰ ਇਸ ਦੇ ਉਤਾਰੇ ਬਿਨਾ ਪ੍ਰਭੂ ਦੇ ਦਰ ਵਿਚ ਰਹਿਣ ਦਾ ਅਵਸਰ ਕਿਵੇਂ ਮਿਲੇਗਾ? ਇਸ ਲਈ ਹੋਰ ਕਿਸੇ ਪਾਸੇ ਝਾਕਣ ਤੇ ਹੋਰ ਪਾਸੇ ਆਸ ਲਗਾਉਣ ਦੀ ਬਜਾਏ ਚੰਗਾ ਇਹੀ ਰਹੇਗਾ ਕਿ ਬਸ ਸ਼ਬਦ ਦੀ ਵਿਚਾਰ ਕਰੀਏ ਤੇ ਸਾਰਾ ਧਿਆਨ ਉਸੇ ਪਾਸੇ ਲਾ ਦਈਏ। ਨਾਨਕ ਉਸ ਮਹਾਂ ਆਤਮਾ ਤੋਂ ਕੁਰਬਾਨ ਜਾਂਦਾ ਹੈ ਜੋ ਪ੍ਰਭੂ ਨਾਲ ਅਭੇਦ ਹੋਣ ਲਈ ਤਿਆਰ ਬਰ ਤਿਆਰ ਹੈ ਤੇ ਜਿਸ ਨੇ ਆਪ ਵੀ ਪ੍ਰਭੂ ਨੂੰ ਜਾਣ ਲਿਆ ਹੈ ਤੇ ਇਸ ਅਵੱਸਥਾ ਵਿਚ ਵੀ ਆ ਗਈ ਹੈ ਕਿ ਦੂਜਿਆਂ ਨੂੰ ਵੀ ਉਸ ਦੇ ਦਰਸ਼ਨ ਕਰਵਾ ਸਕੇ।