ਸੋ ਦਰ ਤੇਰਾ ਕਿਹਾ-ਕਿਸ਼ਤ 87

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਸਹਿਜ ਅਵੱਸਥਾ ਉਹ ਸੰਤੁਲਨ ਵਾਲੀ ਅਵੱਸਥਾ ਹੈ ਜੋ ਸ੍ਰੀਰ ਨਾਲੋ ਜ਼ਿਆਦਾ ਮਨ ਨੂੰ ਆਰਾਮ, ਸੁੱਖ ਤੇ ਸ਼ਾਂਤੀ ਪ੍ਰਦਾਨ ਕਰਦੀ ਹੈ ਤੇ ਕਿਸੇ ਭਾਗਾਂ ਵਾਲੇ ਨੂੰ ਹੀ ਨਸੀਬ ...

So Dar Tera Keha-87

ਅੱਗੇ...

ਸਹਿਜ ਅਵੱਸਥਾ ਉਹ ਸੰਤੁਲਨ ਵਾਲੀ ਅਵੱਸਥਾ ਹੈ ਜੋ ਸ੍ਰੀਰ ਨਾਲੋ ਜ਼ਿਆਦਾ ਮਨ ਨੂੰ ਆਰਾਮ, ਸੁੱਖ ਤੇ ਸ਼ਾਂਤੀ ਪ੍ਰਦਾਨ ਕਰਦੀ ਹੈ ਤੇ ਕਿਸੇ ਭਾਗਾਂ ਵਾਲੇ ਨੂੰ ਹੀ ਨਸੀਬ ਹੁੰਦੀ ਹੈ। ਇਹ ਪਹਿਲੀ ਅਵੱਸਥਾ ਹੈ ਜਿਸ ਬਾਰੇ ਇਸ ਪਾਵਨ ਸ਼ਬਦ ਵਿਚ ਬਾਬਾ ਜੀ ਨੇ ਫ਼ਰਮਾਨ ਕੀਤਾ ਹੈ। ਸੰਤੋਂਖ ਅਤੇ ਮਿੱਠਾ ਬੋਲਣ ਦੇ ਗੁਣ ਨਾਲ ਰਲ ਜਾਣ ਤਾਂ ਦੁਨੀਆਂ ਜਿੱਤੀ ਜਾ ਸਕਦੀ ਹੈ, ਰੱਬ ਜਿੱਤਿਆ ਜਾ ਸਕਦਾ ਹੈ ਤੇ ਸਾਰੇ ਦੁੱਖ ਜਿੱਤੇ ਜਾ ਸਕਦੇ ਹਨ।

ਸਹਿਜ ਦੀ ਤਰ੍ਹਾਂ ਸੰਤੋਂਖ ਵੀ ਬੜੇ ਭਾਗਾਂ ਵਾਲਿਆਂ ਨੂੰ ਹੀ ਮਿਲਦਾ ਹੈ। ਆਮ ਮਨੁੱਖ ਵੀ ਇਹ ਕਹਿੰਦਾ ਸੁਣਿਆ ਜਾਂਦਾ ਹੈ,''ਮਿੱਠਾ ਖਾਏ ਬਿਨਾ ਮੇਰੀ ਤ੍ਰਿਪਤੀ ਨਹੀਂ ਹੁੰਦੀ। ਭੋਜਨ ਮਗਰੋ ਮਿੱਠਾ ਨਾ ਮਿਲੇ ਤਾਂ ਲਗਦੈ, ਕੁੱਝ ਖਾਣਾ ਬਾਕੀ ਰਹਿ ਗਿਐ।'' ਪਰ ਕਿੰਨਾ ਕੁ ਮਿੱਠਾ ਖਾ ਕੇ ਤ੍ਰਿਪਤੀ ਹੋ ਸਕੇਗੀ? ਅਜਿਹੀ  ਅਵੱਸਥਾ ਕਦੇ ਨਹੀਂ ਆਵੇਗੀ। ਹੋਰ ਮਿੱਠਾ, ਹੋਰ ਮਿੱਠਾ ਖਾਣ ਦੀ ਭੁੱਖ ਵਧਦੀ ਜਾਏਗੀ। ਦੌਲਤ ਬਹੁਤ ਮਿਲ ਜਾਏ, ਬੰਦਾ ਸ਼ਹਿਰ ਦਾ ਸੱਭ ਤੋਂ ਅਮੀਰ ਵਿਅਕਤੀ ਬਣ ਜਾਏ, ਫਿਰ ਤ੍ਰਿਪਤੀ ਹੋ ਜਾਏਗੀ? ਨਹੀਂ ਹੋਵੇਗੀ। ਹੋਰ ਦੌਲਤ, ਹੋਰ ਦੌਲਤ ਪ੍ਰਾਪਤ ਕਰਨ ਦੀ ਭੁੱਖ ਵਧਦੀ ਹੀ ਜਾਏਗੀ।

ਇਹੀ ਤਾਂ ਮਨੁੱਖ ਅੰਦਰ ਕਮਜ਼ ̄ਰੀਆਂ ਹਨ ਜਿਨ੍ਹਾਂ ਉਤੇ ਮਨੁੱਖ ਨੇ ਫ਼ਤਹਿ ਪ੍ਰਾਪਤ ਕਰਨੀ ਹੈ। ਜੇ ਫ਼ਤਹਿ ਪ੍ਰਾਪਤ ਹੋ ਗਈ ਤਾਂ 'ਸੰਤ ̄ਖ' ਦੀ ਪ੍ਰਾਪਤੀਹੋ ਗਈ। ਜੇ ਫ਼ਤਹਿ ਨਾ ਪ੍ਰਾਪਤ ਹੋ ਸਕੀ ਤਾਂ ਸੰਤੋਂਖ ਨਹੀਂ ਆਵੇਗਾ। ਪਰ ਜੇ ਸੰਤੋਂਖ ਆ ਜਾਵੇ ਤੇ ਜੋ ਮਿਲੇ, ਉਸ ਨਾਲ ਮਨ ਸ਼ਾਂਤ ਹੋ ਜਾਏ ਤਾਂ ਤ੍ਰਿਪਤੀ ਹੋ ਜਾਏਗੀ ਤੇ ਮਨ ਸੰਤੋਂਖਿਆ ਜਾਵੇਗਾ। 'ਸੰਤ ̄ਖਣਾ' ਕੀ ਹੁੰਦਾ ਹੈ? 'ਸੰਤੋਂਖਣਾ' ਸਮਾਪਤੀ ਦਾ ਹੀ ਦੂਜਾ ਨਾਂ ਹੈ। ਗੁਰੂ ਗ੍ਰੰਥ ਸਾਹਿਬ ਨੂੰ ਸੰਤ ̄ਖਣ ਦਾ ਕੀ ਅਰਥ ਹੈ? ਬੀੜ ਨੂੰ ਵਿਧੀ ਅਨੁਸਾਰ ਬੰਦ ਕਰ ਕੇ ਰੱਖ ਦੇਣਾ ਤੇ ਪ੍ਰਕਾਸ਼ ਕਰਨ ਤਕ ਹੋਰ ਬਾਣੀ ਨਹੀਂ ਪੜ੍ਹਨੀ।

ਮਨ ਵਿਚ ਸੰਤੋਂਖ ਆ ਜਾਣ ਦਾ ਵੀ ਅਰਥ ਇਹੀ ਹੁੰਦਾ ਹੈ ਕਿ ਲੋੜਾਂ ਨੂੰ ਇਕ ਹੱਦ ਤੋਂ ਬਾਅਦ, ਠੱਪ ਕੇ ਰੱਖ ਦੇਣਾ ਤੇ ਹੋਰ ਕਿਸੇ ਚੀਜ਼ ਦੀ ਇੱਛਾ ਨਾ ਰਖਣਾ। ਜਦ ਤਕ ਹੋਰ ਹੋਰ ਪ੍ਰਾਪਤੀ ਦੀ ਇੱਛਾ ਬਾਕੀ ਰਹੇਗੀ, ਸੰਤੋਂਖ ਆਵੇਗਾ ਹੀ ਨਹੀਂ। ਸੰਤੋਂਖ 'ਰੱਜ' ਦਾ ਵੀ ਦੂਜਾ ਨਾਂ ਹੈ। ਸੰਤੋਂਖਿਆ ਬੰਦਾ ਛੇਤੀ ਰੱਜ ਜਾਂਦਾ ਹੈ। ਰੱਜ ਦਾ ਉਲਟ ਹਾਬੜਾ ਹੈ। ਸਾਡਾ ਇਕ ਮਿੱਤਰ, ਬਹੁਤ ਸਾਰੀ ਰੋਟੀ ਖਾ ਕੇ ਵੀ ਕਹਿੰਦਾ ਸੀ, ''ਪੇਟ ਵਿਚ ਥਾਂ ਨਹੀਂ ਰਹੀ ਪਰ ਅੱਖਾਂ ਨਹੀਂ ਰੱਜੀਆਂ। ਅੱਖਾਂ ਜਦ ਪਰੌਂਠਿਆਂ ਵਲ ਵੇਖਦੀਆਂ ਹਨ ਤਾਂ ਕਹਿੰਦੀਆਂ ਹਨ, ਹੋਰ ਖਾ ਲਵਾਂ।

''ਸੰਤੋਂਖ ਮਾਇਆ ਅਤੇ ਖਾਣ ਪੀਣ ਤਕ ਹੀ ਸੀਮਤ ਨਹੀਂ, ਜੀਵਨ ਦੇ ਹਰ ਖੇਤਰ ਵਿਚ ਹੀ ਹੱਦ ਦੇ ਅੰਦਰ ਰਹਿ ਕੇ, ਰੱਜ ਦੀ ਅਵੱਸਥਾ ਹਾਸਲ ਕਰਨੀ ਸੰਤੋਂਖ ਹੀ ਹੈ। 'ਬਿਨ ਸੰਤੋਂਖ ਨਾ ਕੋਈ ਰਾਜੈ'। ਸੰਤੋਂਖ ਬਿਨਾਂ ਕਿਸੇ ਵੀ ਖੇਤਰ ਵਿਚ ਕੋਈ ਰੱਜ ਨਹੀਂ ਸਕਦਾ ਤੇ ਇਸ ਹਾਬੜੇ (ਦੌਲਤ ਦੇ, ਨਸ਼ੇ ਦੇ, ਸੱਤਾ ਦੇ, ਖਾਣ ਪੀਣ ਦੇ) ਕਾਰਨ ਹੀ ਸ੍ਰੀਰ ਬੀਮਾਰੀਆਂ ਵਿਚ ਗ੍ਰਸਿਆ ਜਾਂਦਾ ਹੈ ਤੇ ਮਨ ਭਟਕਣਾ ਵਿਚ ਪਿਆ ਰਹਿੰਦਾ ਹੈ। ਤੀਜਾ ਗੁਣ ਮਿੱਠਾ ਬੋਲਣ ਦਾ  ਦਸਿਆ ਹੈ। ਮਿੱਠਾ ਬੋਲਣ ਨਾਲ ਦੁਨੀਆਂ ਦੀਆਂ ਅੱਧੀਆਂ ਔਕੜਾਂ ਖ਼ਤਮ ਹੋ ਜਾਂਦੀਆਂ ਹਨ।

ਪਰ ਮਿੱਠਾ ਬੋਲਣਾ ਵੀ ਕੁਦਰਤੀ ਹੋਣਾ ਚਾਹੀਦਾ ਹੈ ਅਰਥਾਤ ਤੁਹਾਡੇ ਅੰਦਰੋ ਨਿਕਲਿਆ ਤੇ ਤੁਹਾਡੀ ਰਹਿਣੀ ਸਹਿਣੀ ਦਾ ਅੰਗ ਪ੍ਰਤੀਤ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਕਿਤਾਬਾਂ ਪੜ੍ਹ ਕੇ ਜਬਰੀ ਮਿੱਠਾ ਬੋਲਣ ਦੀ ਕੋਸ਼ਿਸ਼ ਵਿਖਾਵੇ ਵਜੋ ਕਰੋ। ਪ੍ਰਸਿੱਧ ਹਾਸ-ਰਸ ਲੇਖਕ ਪਿਆਰਾ ਸਿੰਘ 'ਦਾਤਾ' ਦਸਦੇ ਹੁੰਦੇ ਸਨ ਕਿ 'ਪ੍ਰੀਤ ਨਗਰ' ਵਿਚ ਮਿੱਠਾ ਬੋਲਣ ਦੀ ਸਿਖਿਆ ਤਾਂ ਦਿਤੀ ਜਾਂਦੀ ਸੀ ਅਤੇ ਦੂਜਿਆਂ ਨੂੰ ਵੇਖ ਕੇ ਤਾਂ ਸਾਰੇ ਹੀ, 'ਆਉ ਜੀ, ਖਾਉ ਜੀ' ਕਰਨ ਲੱਗ ਜਾਂਦੇ ਸਨ ਪਰ ਪਿਛੋ ਗਾਲਾਂ ਕੱਢਣ ਲੱਗ ਜਾਂਦੇ ਸਨ।

ਇਕ ਰੋਦੇ ਬੱਚੇ ਨੂੰ ਚੁੱਪ ਕਰਾਉਣ ਦੀ ਵਾਰਤਾ ਬਿਆਨ ਕਰਦੇ ਹੋਏ ਉਹ ਦਸਦੇ ਸਨ ਕਿ ਦੋ ਮਿੰਟ ਲਈ ਤਾਂ 'ਚੁਪ ਕਰ ਬੱਚਾ ਜੀ, ਨਾ ਰੋਵੋ  ਬੱਚਾ ਜੀ' ਕਰਦੇ ਹੁੰਦੇ ਸਨ ਪਰ ਛੇਤੀ ਹੀ ਅਪਣੀ ਅਸਲ ਬਿਰਤੀ ਵਿਚ ਆ ਕੇ ਚੀਕਣ ਲਗਦੇ ਸਨ, ''ਮਰ ਪਰੇ ਓਇ! ਚੁੱਪ ਕਰਦੈਂ ਹਰਾਮੀਆ ਕਿ ਥੱਪੜ ਮਾਰਾਂ ਤੇ ਪੁੱਠਾ ਲਟਕਾ ਦੇਵਾਂ?'' ਕਰਨ ਲੱਗ ਜਾਂਦੇ ਸਨ। ਇਹ ਨਕਲੀ 'ਮਿਠਾਸ' ਕੌੜੇਪਨ ਨਾਲੋ ਵੀ ਮਾੜੀ ਹੁੰਦੀ ਹੈ ਕਿਉਂਕਿ ਇਹ ਅੰਦਰੋ ਨਹੀਂ ਨਿਕਲੀ ਹੁੰਦੀ ਤੇ ਮਨ ਵਿਚ ਭਿੱਜੀ ਨਹੀਂ ਹੁੰਦੀ।

ਬਾਣੀ ਚੰਗੇ ਗੁਣਾਂ ਨੂੰ ਅਪਨਾਉਣ ਦੇ ਨਾਲ ਨਾਲ ਇਹ ਗਿਆਨ ਵੀ ਦੇਂਦੀ ਹੈ ਕਿ ਚੰਗੇ ਗੁਣ ਤੁਹਾਡੇ ਅੰਦਰ ਇਸ ਤਰ੍ਹਾਂ ਧੱਸ ਜਾਣੇ ਚਾਹੀਦੇ ਹਨ ਕਿ ਜਿਵੇਂ ਨਹੁੰਆਂ ਨਾਲੋ ਮਾਸ ਵਖਰਾ ਨਹੀਂ ਹੁੰਦਾ, ਇਸ ਤਰ੍ਹਾਂ ਔਖੀ ਹਾਲਤ ਵਿਚ ਵੀ, ਇਹ ਗੁਣ ਤੁਹਾਨੂੰ ਛੱਡ ਨਾ ਸਕਣ। ਸਟੇਜਾਂ ਉਤੇ ਕਈ ਰਾਗੀ, ਗ੍ਰੰਥੀ, ਪ੍ਰਚਾਰਕ, ਜਿੰਨਾ ਮਿੱਠਾ ਬੋਲਦੇ ਹਨ, ਉਸ ਦੇ ਮੁਕਾਬਲੇ ਉਨ੍ਹਾਂ ਦਾ, ਅਪਣੇ ਘਰ ਵਿਚ ਜਾਂ  ਰੋਜ਼ਾਨਾ ਜੀਵਨ ਵਿਚ ਬੋਲਣਾ ਵੇਖੋ ਤਾਂ ਨਿਰਾ ਕੜਵਾਹਟ ਭਰਿਆ ਤੇ ਹੰਕਾਰ, ਹਉਮੈ ਤੇ ਲਾਲਚ ਨਾਲ ਭਰਿਆ ਹੋਵੇਗਾ ਜਿਸ ਦੇ ਹੁੰਦਿਆਂ, ਜੀਵਨ ਵਿਚ ਅਸਲ ਮਿਠਾਸ ਆ ਹੀ ਨਹੀਂ ਸਕਦੀ।

ਚਲਦਾ...