ਸੋ ਦਰ ਤੇਰਾ ਕਿਹਾ- ਕਿਸਤ 46

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਅਧਿਆਏ - 20

so dar tera keha

ਰਾਗੁ ਧਨਾਸਰੀ ਮਹਲਾ ੧
ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ,
ਤਾਰਿਕਾ ਮੰਡਲ ਜਨਕ ਮੋਤੀ ।।
ਧੂਪੁ ਮਲਆਨਲੋ ਪਵਣੁ ਚਵਰੋ ਕਰੇ,
ਸਗਲ ਬਨਰਾਇ ਫੁਲੰਤ ਜੋਤੀ ।।੧।।

ਕੈਸੀ ਆਰਤੀ ਹੋਇ, ਭਵਖੰਡਨਾ ਤੇਰੀ ਆਰਤੀ ।।
ਅਨਹਤਾ ਸਬਦ ਵਾਜੰਤ ਭੇਰੀ ।।੧।। ਰਹਿਓ ।।
ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ,
ਸਹਸ ਮੂਰਤਿ, ਨਨਾ ਏਕ ਤੁਹੀ।।

ਸਹਸ ਪਦ ਬਿਮਲ ਨਨ ਏਕ ਪਦ, ਗੰਧ ਬਿਨੁ,
ਸਹਸ ਤਵ ਗੰਧ, ਇਵ ਚਲਤ ਮੋਹੀ ।।੨।।
ਸਭ ਮਹਿ ਜੋਤਿ ਜੋਤਿ ਹੈ ਸੋਇ,
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ।।

ਗੁਰਸਾਖੀ ਜੋਤਿ ਪਰਗਟੁ ਹੋਇ,
ਜੋ ਤਿਸੁ ਭਾਵੈ ਸੁ ਆਰਤੀ ਹੋਇ ।।੩।।
ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ,
ਅਨਦਿਨੋ ਮੋਹਿ ਆਹੀ ਪਿਆਸਾ ।।

ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ,
ਹੋਇ ਜਾ ਤੇ ਤੇਰੈ ਨਾਇ ਵਾਸਾ ।।੪।।

ਬਾਬੇ ਨਾਨਕ ਦਾ ਪ੍ਰਚਾਰ ਢੰਗ ਇਹ ਸੀ ਕਿ ਧਰਮ ਦੇ ਨਾਂ 'ਤੇ ਜਿਥੇ ਵੀ ਕਰਮ-ਕਾਂਡ ਹੋ ਰਿਹਾ ਹੁੰਦਾ, ਉਥੇ ਆਪ ਪਹੁੰਚ ਜਾਂਦੇ ਤੇ ਉਥੋਂ ਦੇ ਪੁਜਾਰੀਆਂ ਤੇ ਲੋਕਾਂ ਨੂੰ ਦਸਦੇ ਕਿ ਕਰਮ-ਕਾਂਡ ਧਰਮ ਨਹੀਂ, ਪਖੰਡ ਹੁੰਦਾ ਹੈ। ਹਰਿਦੁਆਰ ਜਾ ਕੇ ਉਨ੍ਹਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਚੰਨ, ਸੂਰਜ ਵਲ ਪਾਣੀ ਸੁੱਟਣ ਦਾ ਕਰਮਕਾਂਡ, ਤੁਹਾਡੇ ਪਿਤਰਾਂ ਤਕ ਪਾਣੀ ਕਦੇ ਨਹੀਂ ਪਹੁੰਚਾ ਸਕੇਗਾ ਕਿਉਂਕਿ ਤੁਹਾਡੇ ਹੱਥ ਨਾਲ ਸੁਟਿਆ ਪਾਣੀ ਤਾਂ ਕੁੱਝ ਗਜ਼ਾਂ ਤਕ ਜਾ ਕੇ ਹੀ, ਹੇਠਾਂ ਵਾਪਸ ਆ ਡਿੱਗੇਗਾ।

ਮੱਕੇ ਵਿਚ ਬਾਬਾ ਜੀ ਨੇ ਮੁਸਲਿਮ ਪੁਜਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਰੱਬ ਕਿਸੇ ਇਕ ਦਿਸ਼ਾ ਵਿਚ ਨਹੀਂ ਰਹਿੰਦਾ ਸਗੋਂ ਹਰ ਦਿਸ਼ਾ ਵਿਚ ਹੀ ਹੈ ਤੇ ਕਣ ਕਣ ਵਿਚ ਹੀ ਉਸ ਦਾ ਨਿਵਾਸ ਹੈ। ਬਾਬੇ ਨਾਨਕ ਦੀ ਦਲੀਲ ਦਾ ਜਵਾਬ ਤਾਂ ਕਿਸ ਕੋਲ ਨਹੀਂ ਸੀ ਪਰ ਪੁਜਾਰੀ ਸ਼੍ਰੇਣੀ ਬਾਬਾ ਜੀ ਦੇ ਸੱਚ ਨੂੰ ਮੰਨ ਲਏ ਤਾਂ ਉਸ ਦੀ ਰੋਟੀ ਰੋਜ਼ੀ ਦਾ ਪ੍ਰਬੰਧ ਕੀ ਹੋਵੇ?

ਉਸ ਨੇ ਬਾਬੇ ਨਾਨਕ ਦੀ ਦਲੀਲ ਅੱਗੇ ਨਿਰੁੱਤਰ ਹੋਣ ਮਗਰੋਂ ਵੀ ਲੋਕਾਂ ਨੂੰ ਇਹੀ ਆਖਿਆ ਕਿ ਇਨ੍ਹਾਂ ਗੱਲਾਂ ਵਲ ਧਿਆਨ ਦੇਣ ਦੀ ਲੋੜ ਨਹੀਂ, ਇਹੋ ਜਹੇ ਕਮਲੇ ਰਮਲੇ ਫ਼ਕੀਰ, ਬੇ-ਸਿਰ ਦੀਆਂ ਮਾਰਦੇ ਹੀ ਰਹਿੰਦੇ ਹਨ।ਹਿੰਦੂਆਂ ਦੇ ਤੀਰਥ, ਜਗਨ ਨਾਥ ਪੁਰੀ ਵਿਚ ਵੀ ਬਾਬਾ ਜੀ ਦੇ ਆਗਮਨ ਦਾ ਇਕੋ ਉਦੇਸ਼ ਇਹ ਸੀ ਕਿ ਪੁਜਾਰੀਆਂ ਤੇ ਲੋਕਾਂ ਨੂੰ ਸਮਝਾਉਣ ਕਿ ਕਰਮਕਾਂਡ, ਧਰਮ ਨੂੰ ਮਲੀਨ ਕਰਦੇ ਹਨ, ਇਸ ਲਈ ਕਰਮਕਾਂਡ ਦਾ ਰਾਹ ਛੱਡ ਕੇ, ਅਸਲੀ ਧਰਮ ਵਲ ਮੁੜੋ ਤੇ ਲੋਕਾਂ ਨੂੰ ਵੀ ਸੱਚੇ ਮਾਰਗ ਦੀ ਜਾਣਕਾਰੀ ਦਿਉ।

ਚਲਦਾ...