ਸੋ ਦਰ ਤੇਰਾ ਕਿਹਾ- ਕਿਸਤ 49

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਅਧਿਆਏ - 21

So Dar Tera Keha - 49

ੴ ਸਤਿਗੁਰ ਪ੍ਰਸਾਦਿ ।।
ਰਾਗੁ ਸਿਰੀ ਰਾਗੁ ਮਹਿਲਾ ਪਹਿਲਾ ੧ ਘਰੁ ੧
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ।।
ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ।।

ਮਤੁ ਦੇਖਿ ਭੂਲਾ ਵੀਸਰੈ
ਤੇਰਾ ਚਿਤਿ ਨ ਆਵੈ ਨਾਉ ।।੧।।
ਹਰਿ ਬਿਨੁ ਜੀਉ ਜਲਿ ਬਲਿ ਜਾਉ ।।
ਮੈ ਆਪਣਾ ਗੁਰੁ ਪੂਛਿ ਦੇਖਿਆ
ਅਵਰੁ ਨਾਹੀ ਥਾਉ  ।।੧।। ਰਹਾਉ ।।

ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ।।
ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ।।
ਮਤੁ ਦੇਖਿ ਭੂਲਾ ਵੀਸਰੈ
ਤੇਰਾ ਚਿਤਿ ਨ ਆਵੈ ਨਾਉ ।।੨।।

ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ।।
ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ।।
ਮਤੁ ਦੇਖਿ ਭੂਲਾ ਵੀਸਰੈ
ਤੇਰਾ ਚਿਤਿ ਨ ਆਵੈ ਨਾਉ ।।੩।।

ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ।।
ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ।।
ਮਤੁ ਦੇਖਿ ਭੂਲਾ ਵੀਸਰੈ
ਤੇਰਾ ਚਿਤਿ ਨ ਆਵੈ ਨਾਉ ।।੪।।

ਬਾਬਾ ਨਾਨਕ ਮਨੁੱਖ ਨੂੰ ਸੁਚੇਤ ਕਰਦੇ ਹਨ ਕਿ ਹੇ ਭਾਈ, ਧਿਆਨ ਰੱਖੀਂ ਕਿ ਕਲ ਨੂੰ ਜੇ ਤੇਰੇ ਰਹਿਣ ਲਈ, ਹੀਰੇ ਮੋਤੀਆਂ ਤੇ ਰਤਨਾਂ ਨਾਲ ਜੜਿਆ ਹੋਇਆ ਮਹਿਲ ਤੈਨੂੰ ਮਿਲ ਜਾਵੇ ਜਿਸ ਉਤੇ ਕਸਤੂਰੀ, ਕੇਸਰ ਅਤੇ ਚੰਦਨ ਦਾ ਲੇਪ ਕਰ ਕੇ, ਉਸ ਨੂੰ ਅਜਿਹਾ ਰੂਪ ਦੇ ਦਿਤਾ ਜਾਏ ਕਿ ਉਥੋਂ ਹਰ ਸਮੇਂ ਖ਼ੁਸ਼ਬੂ ਦੀਆਂ ਲਪਟਾਂ ਨਿਕਲਦੀਆਂ ਰਹਿਣ ਤਾਂ ਧਿਆਨ ਰੱਖੀਂ, ਅਜਿਹੀ ਹਾਲਤ ਵਿਚ ਵੀ ਇਹ ਨਾ ਹੋਣ ਦੇਵੀਂ ਕਿ ਤੂੰ ਇਨ੍ਹਾਂ ਦਾਤਾਂ ਨੂੰ ਦੇਣ ਵਾਲੇ ਦਾਤਾ ਨੂੰ ਹੀ ਭੁਲਾ ਬੈਠੇਂਤੇ ਉਸ ਅਕਾਲ ਪੁਰਖ ਦਾ ਨਾਮ ਤੇਰੇ ਚਿਤ ਨੂੰ ਚੰਗਾ ਲਗਣਾ ਹੀ ਬੰਦ ਹੋ ਜਾਵੇ।

'ਤੇਰਾ' ਅੱਖਰ ਦਾ ਅਰਥ ਧਾਰਮਕ ਕਾਵਿ-ਰਚਨਾ ਵਿਚ ਹਮੇਸ਼ਾ 'ਉਸ ਦਾ' ਹੀ ਹੁੰਦਾ ਹੈ ਪਰ ਸਾਡੇ ਉਲਥਾਕਾਰ ਇਸ ਸੁਨਹਿਰੀ ਅਸੂਲ ਨੂੰ ਅੱਖੋਂ ਪਰੋਖੇ ਕਰ ਕੇ, ਵਿਆਖਿਆ ਵਿਚ ਇਸ ਦਾ ਅਰਥ ਇਹੀ ਕਰਦੇ ਹਨ ਕਿ ਬਾਬਾ ਨਾਨਕ, ਅਕਾਲ ਪੁਰਖ ਨੂੰ ਸੰਬੋਧਨ ਕਰ ਕੇ ਕਹਿ ਰਹੇ ਹਨ। ਇਸ ਸ਼ਬਦ ਵਿਚ ਵੀ, 'ਤੇਰਾ' ਨੂੰ ਬਹੁਤੇ ਜਾਂ ਸ਼ਾਇਦ ਸਾਰੇ ਹੀ ਟੀਕਿਆਂ ਵਿਚ ਇਸੇ ਤਰ੍ਹਾਂ ਲਿਆ ਗਿਆ ਹੈ, ਜਿਸ ਨਾਲ ਸਹੀ ਅਰਥ ਕਰਨ ਵਿਚ ਰੁਕਾਵਟ ਖੜੀ ਹੋ ਜਾਂਦੀ ਹੈ।

ਬਾਬਾ ਨਾਨਕ ਵਲੋਂ ਜਿਹੜੇ ਉਪਦੇਸ਼ ਪ੍ਰਾਣੀ ਮਾਤਰ ਨੂੰ ਦਿਤੇ ਜਾ ਰਹੇ ਹੁੰਦੇ ਹਨ, ਉਨ੍ਹਾਂ ਬਾਰੇ ਕਹਿ ਦਿਤਾ ਜਾਂਦਾ ਹੈ ਕਿ ਇਹ ਗੁਰੂ ਸਾਹਿਬ ਵਾਹਿਗੁਰੂ ਨੂੰ ਸੰਬੋਧਨ ਕਰ ਕੇ ਅਪਣੇ ਬਾਰੇ ਕਹਿ ਰਹੇ ਹਨ।

ਚਲਦਾ ...