ਸੋ ਦਰ ਤੇਰਾ ਕਿਹਾ- ਕਿਸਤ 50

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਗੁਰੂ ਨਾਨਕ ਸਾਹਿਬ ਫ਼ੁਰਮਾਉਂਦੇ ਹਨ ਕਿ ਮੈਂ ਅਪਣੇ 'ਗੁਰੂ' ਨੂੰ ਪੁਛ ਕੇ ਜਾਣ ਲਿਆ ਹੈ....

So Dar Tera Keha - 50

ਮੈਂ ਆਪਣਾ ਗੁਰੁ ਪੂਛਿ ਦੇਖਿਆ...
ਗੁਰੂ ਨਾਨਕ ਸਾਹਿਬ ਫ਼ੁਰਮਾਉਂਦੇ ਹਨ ਕਿ ਮੈਂ ਅਪਣੇ 'ਗੁਰੂ' ਨੂੰ ਪੁਛ ਕੇ ਜਾਣ ਲਿਆ ਹੈ ਤੇ ਹੀਰੇ ਮੋਤੀਆਂ ਜੜੇ ਮਹਿਲਾਂ ਵਿਚ ਰਹਿਣ ਦੀ ਕਾਮਨਾ ਕਰਨ ਵਾਲੇ ਪ੍ਰਾਣੀ ਦੀ ਜਿੰਦੜੀ ਦੀ ਹਾਲਤ ਇਸ ਤਰ੍ਹਾਂ ਹੋ ਜਾਂਦੀ ਹੈ ਜਿਵੇਂ ਅੱਗ ਵਿਚ ਸੜ ਬਲ ਰਹੀ ਹੋਵੇ ਤੇ ਸੱਚ ਮੰਨੀਂ, ਮੇਰਾ ਗੁਰੂ ਮੈਨੂੰ ਦਸਦਾ ਹੈ, ਉਸ ਅਕਾਲ ਪੁਰਖ ਤੋਂ ਬਿਨਾਂ, ਮਨੁੱਖ ਜਾਂ ਪ੍ਰਾਣੀ ਦਾ ਹੋਰ ਕੋਈ ਟਿਕਾਣਾ ਹੀ ਨਹੀਂ ਹੈ। ਇਥੇ ਉਹ ਗੁਰੂ ਕਿਹੜਾ ਹੈ, ਜਿਸ ਨੂੰ ਬਾਬਾ ਨਾਨਕ ਨੇ ਪੁਛ ਲਿਆ ਸੀ? ਇਹ ਗੁਰੂ ਅਜੂਨੀ ਤੇ ਨਿਰਾਕਾਰ (ਆਕਾਰ-ਰਹਿਤ) ਹੈ, ਜਿਵੇਂ ਕਿ ਜਪੁ ਜੀ ਸਾਹਿਬ ਵਿਚ ਦਸ ਦਿਤਾ ਗਿਆ ਹੈ।

ਇਸ ਨੂੰ ਬਾਬਾ ਨਾਨਕ ਨੇ, ਸਿਧਾਂ ਨਾਲ ਗੋਸ਼ਟੀ ਕਰਦਿਆਂ, ਆਪ ਪ੍ਰਗਟ ਕੀਤਾ ਸੀ ਤੇ ਕਿਹਾ ਸੀ ਕਿ ਉਨ੍ਹਾਂ ਦਾ ਗੁਰੁ, ਹੋਰ ਕੋਈ ਨਹੀਂ, ਸ਼ਬਦ ਗੁਰੂ ਹੀ ਹੈ। ਉਪ੍ਰੋਕਤ ਅਨੁਸਾਰ ਹੀ, ਇਕ ਹੋਰ ਉਦਾਹਰਣ ਦੇਂਦੇ ਹੋਏ, ਬਾਬਾ ਨਾਨਕ ਕਹਿੰਦੇ ਹਨ ਕਿ ਹੇ ਪ੍ਰਾਣੀ, ਜੇ ਤੇਰੇ ਰਹਿਣ ਵਾਸਤੇ ਧਰਤੀ ਹੀਰਿਆਂ ਤੇ ਲਾਲਾਂ ਨਾਲ ਜੜੀ ਜਾਵੇ, ਇਸ
ਧਰਤੀ ਉਤੇ ਵਿਛਾਏ ਗਏ ਤੇਰੇ ਪਲੰਘ ਲਾਲਾਂ ਨਾਲ ਜੜੇ ਹੋਏ ਹੋਣ ਤੇ ਤੈਨੂੰ ਇਕ ਸੰਦੁਰ ਮਨਮੋਹਣੀ ਇਸਤਰੀ ਦਾ ਸਾਥ ਪ੍ਰਾਪਤ ਹੋਵੇ, ਜਿਸ ਦੇ ਮੱਥੇ ਉਤੇ ਮਣੀ ਸੋਭ ਰਹੀ ਹੋਵੇ, ਤਾਂ ਵੀ ਧਿਆਨ ਰੱਖੀਂ ਕਿ ਇਨ੍ਹਾਂ ਮਨ-ਲੁਭਾਉਣੀਆਂ ਸੁਗਾਤਾਂ ਦਾ ਸਵਾਮੀ ਬਣ ਕੇ ਵੀ ਕਿਤੇ ਇਹ ਨਾ ਹੋਵੇ।

ਕਿ ਤੂੰ ਉਸ ਮਾਲਕ ਨੂੰ ਵਿਸਾਰ ਦੇਵੇਂ ਤੇ ਉਹ ਮਾਲਕ, ਤੇਰੇ ਚਿਤ ਨੂੰ ਪਸੰਦ ਆਉਣਾ ਬੰਦ ਹੋ ਜਾਵੇ। ਤੀਜੀ ਮਿਸਾਲ ਇਕ ਕਥਿਤ ਤੌਰ 'ਤੇ ਸਿੱਧੀਆਂ ਪ੍ਰਾਪਤ ਜੋਗੀ ਦੀ ਦੇਂਦੇ ਹਨ ਕਿ ਹੇ ਪ੍ਰਾਣੀ, ਕਲ ਨੂੰ ਜੇ ਤੂੰ ਜੋਗੀਆਂ ਵਲੋਂ ਪ੍ਰਚਾਰੀਆਂ ਜਾਂਦੀਆਂ ਰਿਧੀਆਂ ਸਿਧੀਆਂ ਵਾਲੀਆਂ ਤਾਕਤਾਂ ਨਾਲ ਲੈਸ ਹੋ ਜਾਵੇਂ, ਤੂੰ ਅਪਣੀ ਮਰਜ਼ੀ ਨਾਲ ਪ੍ਰਗਟ ਹੋਵੇਂ ਤੇ ਮਰਜ਼ੀ ਨਾਲ ਹੀ ਨਜ਼ਰ ਆਉਣੋਂ ਹੱਟ ਜਾਵੇਂ (ਜਿਵੇਂ ਕਿ ਕਈ ਜੋਗੀ ਦਾਅਵਾ ਕਰਦੇ ਹਨ) ਤੇ ਸਾਰੀ ਦੁਨੀਆਂ ਤੇਰੇ ਤੋਂ ਡਰੇ, ਤੇਰਾ ਭੈਅ ਖਾਵੇ, ਤਾਂ ਵੀ ਧਿਆਨ ਰੱਖੀਂ, ਉਸ ਪ੍ਰਭੂ ਨੂੰ ਕਦੇ ਨਾ ਵਿਸਾਰੀਂ ਤੇ ਸਦਾ ਅਪਣੇ ਚਿੱਤ ਵਿਚ ਰੱਖੀਂ ਕਿਉਂਕਿ ਉਸ ਦੇ ਸਾਹਮਣੇ ਇਹ ਸਾਰੀਆਂ ਸ਼ਕਤੀਆਂ ਵੀ ਤੁਛ ਹਨ।

ਚੌਥੀ ਉਦਾਹਰਣ ਬਾਬਾ ਨਾਨਕ ਇਕ ਫ਼ੌਜੀ ਜਰਨੈਲ ਦੀ ਦੇਂਦੇ ਹਨ ਜੋ ਫ਼ੌਜਾਂ ਇਕੱਤਰ ਕਰ ਕੇ ਬਾਦਸ਼ਾਹ ਬਣ ਬੈਠਦਾ ਹੈ ਤੇ ਪਰਜਾ ਉਤੇ ਹੁਕਮ ਚਲਾਉਣ ਲਗਦਾ ਹੈ ਤੇ ਉਪਦੇਸ਼ ਦੇਂਦੇ ਹਨ ਕਿ ਭਾਈ, ਇਹਨਾਂ ਸਾਰੀਆਂ ਸ਼ਕਤੀਆਂ ਦਾ ਮਾਲਕ ਵੀ ਜੇ ਤੂੰ ਬਣ ਜਾਏਂ ਤੇ ਸੰਸਾਰ ਦੇ ਲੋਕਾਂ ਉਤੇ ਤੇਰਾ ਹੁਕਮ ਚਲਣਾ ਸ਼ੁਰੂ ਹੋ ਜਾਵੇ, ਤਾਂ ਵੀ ਉਸ ਮਾਲਕ ਨੂੰ ਨਾ ਭੁੱਲੀਂ ਕਿਉਂਕਿ ਇਹ ਸਾਰੀਆਂ ਸ਼ਕਤੀਆਂ ਉਸ ਦੇ ਸਾਹਮਣੇ ਤੁੱਛ ਹਨ, ਇਨ੍ਹਾਂ ਦੀ ਕੋਈ ਮਹੱਤਤਾ ਨਹੀਂ ਹੈ।

ਇਸ ਸ਼ਬਦ ਵਿਚ ਬਾਬਾ ਨਾਨਕ ਉਨ੍ਹਾਂ ਸਾਰੀਆਂ ਸ਼ਕਤੀਆਂ ਦਾ ਜ਼ਿਕਰ ਕਰਦੇ ਹਨ ਜਿਨ੍ਹਾਂ ਦੀ ਕਾਮਨਾ ਮਨੁੱਖ ਵਲੋਂ ਕੀਤੀ ਜਾਂਦੀ ਹੈ ਤੇ ਨਾਲ ਇਹ ਦਾਅਵੇ ਵੀ ਕੀਤੇ ਜਾਂਦੇ ਹਨ ਕਿ ''ਜੇ ਇਹ ਤਾਕਤਾਂ ਮੇਰੇ ਕੋਲ ਆ ਜਾਣ ਤਾਂ ਮੈਂ ਅਹਿ ਕਰ ਦਿਆਂਗਾ, ਮੈਂ ਔਹ ਕਰ ਦਿਆਂਗਾ।'' ਇਹ ਸ਼ਕਤੀਆਂ ਅਸਲ ਵੀ ਹਨ ਤੇ ਮਨੋ-ਕਲਪਿਤ ਵੀ ਹਨ ਪਰ ਬਹੁਤੇ ਅਭਿਲਾਸ਼ੀ ਮਨੁੱਖ ਇਨ੍ਹਾਂ ਦੀ ਕਾਮਨਾ ਜ਼ਰੂਰ ਕਰਦੇ ਹਨ। ਬਾਬਾ ਨਾਨਕ ਫ਼ੁਰਮਾਉਂਦੇ ਹਨ ਕਿ ਫ਼ਰਜ਼ ਕਰ ਲੈ, ਇਹ ਅਸਲ ਜਾਂ ਮਨੋ-ਕਲਪਿਤ ਸ਼ਕਤੀਆਂ ਤੈਨੂੰ ਮਿਲ ਵੀ ਜਾਂਦੀਆਂ ਹਨ  ਤਾਂ ਧਿਆਨ ਰੱਖੀਂ, ਉੁਸ ਅਕਾਲ ਪੁਰਖ ਨੂੰ ਫਿਰ ਵੀ ਨਾ ਭੁੱਲੀਂ ਕਿਉਂਕਿ ਉਸ ਦੇ ਸਾਹਮਣੇ ਇਹ ਸ਼ਕਤੀਆਂ ਕੁੱਝ ਵੀ ਨਹੀਂ।