
ਫਿਲਮ 'ਸਾਡੇ ਆਲੇ’ ਦੇ ਟ੍ਰੇਲਰ ਦੀ ਸਫਲਤਾ ਤੋਂ ਬਾਅਦ ਸਾਗਾ ਸਟੂਡੀਓ ਵੱਲ਼ੋਂ ਅੱਜ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ ਕੀਤਾ ਗਿਆ।
ਚੰਡੀਗੜ੍ਹ: ਫਿਲਮ 'ਸਾਡੇ ਆਲੇ’ ਦੇ ਟ੍ਰੇਲਰ ਦੀ ਸਫਲਤਾ ਤੋਂ ਬਾਅਦ ਸਾਗਾ ਸਟੂਡੀਓ ਵੱਲ਼ੋਂ ਅੱਜ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ ਕੀਤਾ ਗਿਆ। ਇਸ ਸ਼ਾਨਦਾਰ ਗੀਤ ਨੂੰ ਮਸ਼ਹੂਰ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਸਾਈਂ ਸੁਲਤਾਨ ਵੱਲੋਂ ਲਿਖੇ ਗਏ। ‘ਸਾਡੇ ਆਲੇ’ ਦਾ ਟਾਈਟਲ ਟਰੈਕ ਮਰਹੂਮ ਅਦਾਕਾਰ ਦੀਪ ਸਿੱਧੂ ਲਈ ਸ਼ਰਧਾਂਜਲੀ ਹੈ। ਇਹ ਫ਼ਿਲਮ 29 ਅਪ੍ਰੈਲ 2022 ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਵੇਗੀ।
ਫਿਲਮ ਦਾ ਨਿਰਦੇਸ਼ਨ ਜਤਿੰਦਰ ਮੌਹਰ ਦੁਆਰਾ ਕੀਤਾ ਗਿਆ ਹੈ ਅਤੇ ਮਰਹੂਮ ਦੀਪ ਸਿੱਧੂ , ਗੁੱਗੂ ਗਿੱਲ, ਮਹਾਬੀਰ ਭੁੱਲਰ, ਸੁਖਦੀਪ ਸੁੱਖ ਅਤੇ ਅੰਮ੍ਰਿਤ ਔਲਖ ਵਰਗੇ ਸਿਤਾਰੇ ਇਸ ਫਿਲਮ ਨੂੰ ਚਾਰ ਚੰਨ ਲਗਾਉਂਦੇ ਨਜ਼ਰ ਆਉਣਗੇ। ਫਿਲਮ ਦੇ ਪ੍ਰੋਡਿਊਸਰ ਸੁਮੀਤ ਸਿੰਘ ਨੇ ਦੱਸਿਆ ਕਿ ਅਸੀਂ ਦਿਨ ਰਾਤ ਮਿਹਨਤ ਕਰਕੇ ਬਹੁਤ ਰੀਝ ਨਾਲ ਇਹ ਫ਼ਿਲਮ ਤਿਆਰ ਕੀਤੀ ਹੈ। ਉਹਨਾਂ ਕਿਹਾ ਕਿ ਦੀਪ ਸਿੱਧੂ ਚਾਹੇ ਅੱਜ ਸਾਡੇ ਵਿਚ ਮੌਜੂਦ ਨਹੀਂ ਹਨ ਪਰ ਇਹ ਫਿਲਮ ਉਹਨਾਂ ਦੇ ਦਿਲ ਦੇ ਬਹੁਤ ਕਰੀਬ ਸੀ।
ਸੋਸ਼ਲ ਮੀਡੀਆ ਪਲੇਟਫਾਰਮ ’ਤੇ ਫ਼ਿਲਮ ਨੂੰ ਬਹੁਤ ਪਿਆਰ ਮਿਲ ਰਿਹਾ ਹੈ। ਹਾਲ ਹੀ ਵਿਚ ਗਾਇਕ ਦਿਲਰਾਜ ਗਰੇਵਾਲ ਫਿਲਮ ਨੂੰ ਪ੍ਰਮੋਟ ਕਰਦੇ ਦਿਖਾਈ ਦਿੱਤੇ। ਦੀਪ ਸਿੱਧੂ ਦਾ ਆਖ਼ਰੀ ਮਿਊਜ਼ਿਕ ਟਰੈਕ ਲਾਹੌਰ ਕੁਝ ਦਿਨ ਪਹਿਲੇ ਰਿਲੀਜ਼ ਹੋਇਆ ਸੀ। ਇਸ ਟਰੈਕ ਵਿਚ ਦਿਲਰਾਜ ਗਰੇਵਾਲ ਵੀ ਮੁੱਖ ਭੂਮਿਕਾ ਵਿਚ ਨਜ਼ਰ ਆਏ ਸਨ।
ਦਿਲਰਾਜ ਗਰੇਵਾਲ ਨੇ ਇੰਸਟਾਗ੍ਰਾਮ ’ਤੇ ‘ਸਾਡੇ ਆਲੇ’ ਨੂੰ ਪ੍ਰਮੋਟ ਕਰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਅਤੇ ਉਸ ਨੂੰ #aaovekhiyesaadeaale ਹੈਸ਼ਟੈਗ ਦਿੱਤਾ। ਸਾਗਾ ਸਟੂਡੀਓ ਦਾ ਪੰਜਾਬੀ ਸਿਨੇਮਾ ਅਤੇ ਮਿਊਜ਼ਿਕ ਜਗਤ ਵਿਚ ਸ਼ਾਨਦਾਰ ਯੋਗਦਾਨ ਰਿਹਾ ਹੈ। ਸਾਗਾ ਮਿਊਜ਼ਿਕ ਅਤੇ ਸੁਮਿਤ ਸਿੰਘ ਹਮੇਸ਼ਾ ਤੋਂ ਹੀ ਨਵੇਂ ਹੁਨਰ ਅਤੇ ਸ਼ਾਨਦਾਰ ਮਿਊਜ਼ਿਕ ਦਰਸ਼ਕਾਂ ਦੀ ਕਚਹਿਰੀ ਵਿਚ ਲਿਆਉਂਦੇ ਆ ਰਹੇ ਹਨ। ਸਾਗਾ ਸਟੂਡੀਓ ਨੇ ਹਮੇਸ਼ਾ ਦਰਸ਼ਕਾਂ ਸਾਹਮਣੇ ਕੁਝ ਨਵਾਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਚਾਹੇ ਉਹ ਸੰਗੀਤ ਹੋਵੇਂ ਜਾ ਫ਼ਿਲਮ।