
AAP ਦੇ ਫਰਜ਼ੀ ਇਸ਼ਤਿਹਾਰ ਤੋਂ ਲੈ ਕੇ 800 ਰੁਪਏ ਦੀ ਪਾਣੀ ਦੀ ਬੋਤਲ ਦਾ ਸੱਚ, ਇਸ ਹਫਤੇ ਦੇ Top 5 Fact Check
RSFC (Team Mohali)- ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।
1. Fact Check: ਪੰਜਾਬ CM ਦੇ ਮੁੰਡੇ ਦੇ ਵਿਆਹ 'ਤੇ ਵਰਤੀ ਗਈ ਇੱਕ ਪਾਣੀ ਦੀ ਬੋਤਲ 800 ਰੁਪਏ ਦੀ ਸੀ?
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਜੀਤ ਸਿੰਘ ਦਾ 10 ਅਕਤੂਬਰ 2021 ਨੂੰ ਮੋਹਾਲੀ ਦੇ 3B-1 ਸਥਿਤ ਸਿੰਘ ਸਭਾ ਗੁਰਦੁਆਰੇ ਵਿਚ ਵਿਆਹ ਸਾਦੇ ਤਰੀਕੇ ਨਾਲ ਪੂਰਾ ਹੋਇਆ। ਵਿਆਹ ਦੌਰਾਨ CM ਨੇ ਆਮ ਲੋਕਾਂ ਵਾਂਗ ਲੰਗਰ ਖਾਧਾ ਅਤੇ ਇਸੇ ਵਰਤਾਰੇ ਦੀ ਕਈ ਲੋਕਾਂ ਵੱਲੋਂ ਤਰੀਫ ਕੀਤੀ ਗਈ। ਹੁਣ ਇਸੇ ਵਿਆਹ 'ਤੇ ਨਿਸ਼ਾਨਾ ਸਾਧਦੇ ਹੋਏ ਇੱਕ ਤਸਵੀਰ ਵਾਇਰਲ ਹੋਈ ਜਿਸਦੇ ਵਿਚ CM ਆਪਣੇ ਪਰਿਵਾਰ ਨਾਲ ਲੰਗਰ ਖਾਉਂਦੇ ਦਿੱਸ ਰਹੇ ਹਨ। ਇਸ ਤਸਵੀਰ ਉੱਤੇ ਔਨਲਾਈਨ ਸਾਈਟਾਂ 'ਤੇ ਵਿੱਕ ਰਹੀ ਪਾਣੀ ਦੀ ਬੋਤਲ ਦੀ ਤਸਵੀਰ ਹੈ ਅਤੇ ਕੀਮਤ ਹੈ। ਕੀਮਤ ਅਨੁਸਾਰ ਪਾਣੀ ਦੀ ਬੋਤਲ 800 ਰੁਪਏ ਤੋਂ ਵੱਧ ਦੀ ਕੀਮਤ ਰੱਖਦੀ ਹੈ।
ਹੁਣ ਇਸ ਪੋਸਟ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਗਿਆ ਕਿ CM ਚਰਨਜੀਤ ਚੰਨੀ ਦੇ ਮੁੰਡੇ ਦੇ ਵਿਆਹ 'ਤੇ ਵਰਤਾਈ ਗਈ ਇੱਕ ਪਾਣੀ ਦੀ ਬੋਤਲ ਦੀ ਕੀਮਤ 800 ਰੁਪਏ ਤੋਂ ਵੱਧ ਦੀ ਕੀਮਤ ਰੱਖਦੀ ਹੈ।
"ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਜਿਹੜੀ ਕੀਮਤ ਦਾ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ ਉਸਦਾ ਅਸਲ ਸੱਚ ਕੁਝ ਹੋਰ ਹੀ ਹੈ। ਇਹ ਕੀਮਤ 48 ਬੋਤਲਾਂ ਦੀ ਪੇਟੀ ਦੀ ਕੀਮਤ ਹੈ ਨਾ ਕਿ ਇੱਕ ਬੋਤਲ ਦੀ। ਵਾਇਰਲ ਪੋਸਟ ਜ਼ਰੀਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।"
ਇਹ ਪੂਰੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
2. Fact Check: ਪੰਜਾਬ 2022 ਚੋਣਾਂ ਦੀ ਮਿਤੀ ਹਾਲੇ ਜਾਰੀ ਨਹੀਂ ਹੋਈਆਂ, 27 ਮਾਰਚ ਕਾਰਜਕਾਲ ਦਾ ਅੰਤਿਮ ਦਿਨ
ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋਈ ਜਿਸਦੇ ਨਾਲ ਦਾਅਵਾ ਕੀਤਾ ਗਿਆ ਕਿ ਪੰਜਾਬ 2022 ਆਗਾਮੀ ਚੋਣਾਂ ਦੀਆਂ ਤਰੀਕਾਂ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਹੋ ਗਈਆਂ ਹਨ। ਦਾਅਵੇ ਅਨੁਸਾਰ 27 ਮਾਰਚ 2022 ਨੂੰ ਪੰਜਾਬ 2022 ਚੋਣਾਂ ਦੀ ਮਿਤੀ ਦੱਸੀ ਗਈ ਹੈ ਅਤੇ ਇਸਦੇ ਨਾਲ ਪੋਸਟ ਵਿਚ ਦੱਸਿਆ ਗਿਆ ਹੈ ਕਿ ਯੂਪੀ ਵਿਚ ਮਈ ਅੰਦਰ ਚੋਣਾਂ ਹੋਣਗੀਆਂ।
"ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਲੈਕਸ਼ਨ ਕਮਿਸ਼ਨ ਨੇ ਹਾਲੇ ਪੰਜਾਬ 2022 ਚੋਣਾਂ ਨੂੰ ਲੈ ਕੇ ਕੋਈ ਨਿਰਦੇਸ਼ ਜਾਰੀ ਨਹੀਂ ਕੀਤੇ ਹਨ। 27 ਮਾਰਚ 2022 ਚੋਣਾਂ ਦੀ ਮਿਤੀ ਨਹੀਂ ਬਲਕਿ ਪੰਜਾਬ ਸਰਕਾਰ ਦੇ ਕਾਰਜਕਾਲ ਦੀ ਮਿਆਦ ਦੀ ਅਖੀਰਲੀ ਮਿਤੀ ਹੈ। ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਪੋਸਟ ਫਰਜ਼ੀ ਪਾਇਆ।"
ਇਹ ਪੂਰੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
3. Fact Check: ਇਹ ਤਸਵੀਰ ਭਾਰਤੀ ਅਤੇ ਚੀਨੀ ਸੈਨਾ ਦੇ ਟਕਰਾਅ ਦੀ ਨਹੀਂ ਹੈ, ਇਹ ਫਿਲਮ ਦਾ ਇੱਕ ਸੀਨ ਹੈ
ਅਰੁਣਾਚਲ ਪ੍ਰਦੇਸ਼ ਵਿਚ ਭਾਰਤੀ ਅਤੇ ਚੀਨੀ ਸੈਨਾ ਵਿਚਕਾਰ ਤਣਾਅ ਦਾ ਮਾਹੌਲ ਬਰਕਰਾਰ ਹੈ। ਹੁਣ ਇਸੇ ਤਣਾਅ ਦੇ ਮਾਹੌਲ ਨੂੰ ਲੈ ਕੇ ਇੱਕ ਤਸਵੀਰ ਵਾਇਰਲ ਹੋਈ ਜਿਸਦੇ ਵਿਚ ਇੱਕ ਸਿੱਖ ਸੈਨਿਕ ਨੂੰ ਇੱਕ ਨੀਲੀ ਵਰਦੀ ਪਾਏ ਜਵਾਨ ਨੂੰ ਬੰਧਕ ਬਣਾਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਗਿਆ ਕਿ ਭਾਰਤੀ ਸੈਨਾ ਨੇ ਅਰੁਣਾਚਲ ਪ੍ਰਦੇਸ਼ ਵਿਚ ਚੀਨ ਦੇ 150 ਸੈਨਿਕਾਂ ਨੂੰ ਬੰਧਕ ਬਣਾ ਲਿਆ ਹੈ ਅਤੇ ਇਹ ਤਸਵੀਰ ਓਸੇ ਦ੍ਰਿਸ਼ ਦੀ ਹੈ।
"ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ LAC ਨਾਂਅ ਦੀ ਫਿਲਮ ਦੀ ਸ਼ੂਟਿੰਗ ਦੇ ਇੱਕ ਸੀਨ ਦਾ ਦ੍ਰਿਸ਼ ਹੈ। ਹੁਣ ਸ਼ੂਟਿੰਗ ਦੇ ਸੀਨ ਦੀ ਤਸਵੀਰ ਨੂੰ ਗੁੰਮਰਾਹਕੁਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।"
ਇਹ ਪੂਰੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
4. Fact Check: ਕੀ ਕੇਜਰੀਵਾਲ ਸਰਕਾਰ ਨੇ ਕੋਲੇ ਦਾਨ ਦੀ ਕੀਤੀ ਅਪੀਲ? ਨਹੀਂ, ਇਹ ਇਸ਼ਤਿਹਾਰ ਫਰਜ਼ੀ ਹੈ
ਦੇਸ਼ ਵਿਚ ਕੋਲੇ ਦੀ ਘਾਟ ਕਰਕੇ ਪਾਵਰ ਕਟ ਆਦਿ ਦੀਆਂ ਸਮੱਸਿਆਵਾਂ ਵੇਖਣ ਨੂੰ ਮਿਲ ਰਹੀਆਂ ਹਨ। ਹੁਣ ਇਸੇ ਘਾਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹਿੰਦੀ ਅਖਬਾਰ ਦੇ ਫਰੰਟ ਪੇਜ 'ਤੇ ਕੇਜਰੀਵਾਲ ਸਰਕਾਰ ਦਾ ਛਪਿਆ ਇਸ਼ਤਿਹਾਰ ਵਾਇਰਲ ਹੋਇਆ। ਇਸ ਇਸ਼ਤਿਹਾਰ ਵਿਚ ਕੇਜਰੀਵਾਲ ਸਰਕਾਰ ਲੋਕਾਂ ਤੋਂ ਅਪੀਲ ਕਰ ਰਹੇ ਹਨ ਕਿ ਉਹ ਸਰਕਾਰ ਨੂੰ ਕੋਲੇ ਦਾਨ ਕਰਨ। ਇਸ ਇਸ਼ਤਿਹਾਰ ਨੂੰ ਵਾਇਰਲ ਕਰਦੇ ਹੋਏ ਕੇਜਰੀਵਾਲ ਸਰਕਾਰ 'ਤੇ ਤੰਜ ਕੱਸਿਆ ਗਿਆ।
"ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਕੇਜਰੀਵਾਲ ਸਰਕਾਰ ਦੁਆਰਾ ਅਜਿਹਾ ਕੋਈ ਵੀ ਇਸ਼ਤਿਹਾਰ ਨਹੀਂ ਛਪਵਾਇਆ ਗਿਆ ਹੈ। ਕਿਸੇ ਸ਼ਰਾਰਤੀ ਅਨਸਰ ਦੇ ਇਸ਼ਤਿਹਾਰ ਨੂੰ ਐਡਿਟ ਕਰਕੇ ਬਣਾਇਆ ਹੈ।"
ਇਹ ਪੂਰੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
5. Fact Check: ਭਾਜਪਾ ਬੁਲਾਰੇ ਨੇ ਕਾਂਗਰੇਸ ਦੀ ਰੈਲੀ ਦਾ ਅਧੂਰਾ ਕਲਿਪ ਫਿਰਕੂ ਰੰਗਤ ਦੇ ਕੀਤਾ ਵਾਇਰਲ
ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ 14 ਅਕਤੂਬਰ 2021 ਨੂੰ ਇੱਕ ਵੀਡੀਓਜ਼ ਦਾ ਕੋਲਾਜ ਸ਼ੇਅਰ ਕੀਤਾ। ਇੱਕ ਵੀਡੀਓ ਵਿਚ ਕਾਂਗਰੇਸ ਆਗੂ ਪ੍ਰਿਯੰਕਾ ਗਾਂਧੀ ਅਤੇ ਕਾਂਗਰੇਸ ਵਰਕਰਾਂ ਨੂੰ ਅਜ਼ਾਨ ਦੀ ਆਵਾਜ਼ 'ਤੇ ਖੜਾ ਵੇਖਿਆ ਜਾ ਸਕਦਾ ਹੈ ਅਤੇ ਦੂਜੇ ਵੀਡੀਓ ਵਿਚ ਇੱਕ ਵਿਅਕਤੀ ਰਿਪੋਰਟਰ ਨਾਲ ਗੱਲ ਕਰਦਿਆਂ ਕਾਂਗਰੇਸ ਦੇ ਹਿੰਦੂ ਵਿਰੋਧੀ ਹੋਣ ਦੀ ਗੱਲ ਕਰ ਰਿਹਾ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਬੁਲਾਰੇ ਨੇ ਦਾਅਵਾ ਕੀਤਾ ਕਿ ਕਾਂਗਰੇਸ ਨੇ ਵਾਰਾਣਸੀ ਰੈਲੀ ਵਿਚ ਅਜਿਹਾ ਇੱਕ ਖਾਸ ਧਰਮ ਨੂੰ ਲੁਭਾਉਣ ਲਈ ਕੀਤਾ ਹੈ। ਇਸ ਵੀਡੀਓ ਨੂੰ ਯੂਜ਼ਰਜ਼ ਨੇ ਸੋਸ਼ਲ ਮੀਡੀਆ 'ਤੇ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ।
"ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਰੈਲੀ ਦੇ ਅਸਲ ਵੀਡੀਓ ਵਿਚ ਕਾਂਗਰੇਸ ਨੇ ਹਿੰਦੂ, ਸਿੱਖ ਤੇ ਈਸਾਈ ਧਰਮ ਦੇ ਵਾਕਾਂ ਨੂੰ ਵੀ ਆਪਣੇ ਸੰਬੋਧਨ ਵਿਚ ਸ਼ਾਮਲ ਕੀਤਾ ਸੀ ਨਾ ਕਿ ਸਿਰਫ ਮੁਸਲਿਮ ਧਰਮ ਦੀ ਅਜ਼ਾਨ ਨੂੰ। ਹੁਣ ਰੈਲੀ ਦੇ ਇੱਕ ਕਲਿਪ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।"
ਇਹ ਪੂਰੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
Fact Check Section
ਇਹ ਰਹੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ "ਸੱਚ/ਝੂਠ" 'ਤੇ ਵਿਜ਼ਿਟ ਕਰੋ।