
ਐਲੋਨ ਮਸਕ ਨੇ ਵੀ 'ਐਡਿਟ ਬਟਨ' ਬਾਰੇ ਲੋਕਾਂ ਤੋਂ ਉਹਨਾਂ ਦੀ ਰਾਏ ਮੰਗੀ ਸੀ।
ਨਵੀਂ ਦਿੱਲੀ: ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿਟਰ ਇਕ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਯੂਜ਼ਰਸ ਨੂੰ ਜਲਦ ਹੀ 'ਐਡਿਟ ਟਵੀਟ ਬਟਨ' ਦਾ ਫੀਚਰ ਮਿਲੇਗਾ। ਫਿਲਹਾਲ ਇਸ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ। ਟਵਿਟਰ ਨੇ ਆਪਣੇ ਅਧਿਕਾਰਤ ਅਕਾਊਂਟ 'ਤੇ ਇਹ ਜਾਣਕਾਰੀ ਦਿੱਤੀ ਹੈ। ਕੁਝ ਮਹੀਨੇ ਪਹਿਲਾਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਵੀ 'ਐਡਿਟ ਬਟਨ' ਬਾਰੇ ਲੋਕਾਂ ਤੋਂ ਉਹਨਾਂ ਦੀ ਰਾਏ ਮੰਗੀ ਸੀ।
ਆਉਣ ਵਾਲੇ ਹਫ਼ਤਿਆਂ ਵਿਚ 'ਐਡਿਟ ਬਟਨ' ਵਿਸ਼ੇਸ਼ਤਾ ਪਹਿਲਾਂ ਬਲੂ ਸਬਸਕ੍ਰਾਈਬਰਸ ਯਾਨੀ ਪੇਡ ਸਬਸਕ੍ਰਾਈਬਰਸ ਲਈ ਰੋਲਆਊਟ ਕੀਤਾ ਜਾਵੇਗਾ। ਵਰਤਮਾਨ ਵਿਚ ਟਵੀਟ ਕੀਤੀ ਸਮੱਗਰੀ ਨੂੰ ਐਡਿਟ ਨਹੀਂ ਕੀਤਾ ਜਾ ਸਕਦਾ ਹੈ। ਜੇਕਰ ਟਵੀਟ 'ਚ ਕੁਝ ਐਡਿਟ ਕਰਨਾ ਹੈ ਤਾਂ ਉਸ ਨੂੰ ਡਿਲੀਟ ਕਰਕੇ ਨਵਾਂ ਟਵੀਟ ਕਰਨਾ ਪੈਂਦਾ ਹੈ। ਪੇਡ ਸਬਸਕ੍ਰਾਈਬਰਸ ਤੋਂ ਬਾਅਦ ਇਸ ਫੀਚਰ ਨੂੰ ਆਮ ਯੂਜ਼ਰਸ ਲਈ ਵੀ ਲਿਆਂਦਾ ਜਾ ਸਕਦਾ ਹੈ।
ਟਵਿਟਰ ਨੇ ਕਿਹਾ ਕਿ ਇਹ ਹੁਣ ਤੱਕ ਸਭ ਤੋਂ ਵੱਧ ਇਸ ਫੀਚਰ ਦੀ ਮੰਗ ਕੀਤੀ ਗਈ ਹੈ। ਟਵਿਟਰ ਨੇ ਅੱਗੇ ਕਿਹਾ ਕਿ ਫਿਲਹਾਲ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ, ਨਾਲ ਹੀ ਅਸੀਂ ਇਹ ਵੀ ਜਾਂਚ ਕਰ ਰਹੇ ਹਾਂ ਕਿ ਉਪਭੋਗਤਾ ਇਸ ਫੀਚਰ ਦੀ ਦੁਰਵਰਤੋਂ ਕਿਵੇਂ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ 'ਚ ਯੂਜ਼ਰਸ ਨੂੰ ਐਡਿਟ ਟਵੀਟ ਫੀਚਰ ਲਈ ਹਰ ਮਹੀਨੇ ਲਗਭਗ 400 ਰੁਪਏ ($4.99) ਦੇਣੇ ਪੈ ਸਕਦੇ ਹਨ।
'ਐਡਿਟ ਬਟਨ' ਫੀਚਰ ਦੇ ਜ਼ਰੀਏ ਯੂਜ਼ਰਸ ਸਿਰਫ 30 ਮਿੰਟ ਲਈ ਟਵੀਟ ਨੂੰ ਐਡਿਟ ਕਰ ਸਕਣਗੇ। 30 ਮਿੰਟ ਬਾਅਦ ਟਵੀਟ ਨੂੰ ਐਡਿਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪ੍ਰਕਾਸ਼ਿਤ ਟਵੀਟਸ ’ਤੇ ਆਈਕਨ ਇਹ ਦਰਸਾਉਣਗੇ ਕਿ ਟਵੀਟ ਨੂੰ ਐਡਿਟ ਕੀਤਾ ਗਿਆ ਹੈ। ਟਵਿਟਰ ਯੂਜ਼ਰਸ ਟਵੀਟ 'ਤੇ ਕਲਿਕ ਕਰਕੇ ਇਹ ਵੀ ਦੇਖ ਸਕਣਗੇ ਕਿ ਮੂਲ ਸਮੱਗਰੀ 'ਚ ਕੀ ਬਦਲਾਅ ਕੀਤੇ ਗਏ ਹਨ।