
ਉਨ੍ਹਾਂ ਦੀ ਕਲਮ ਨੇ ਸਾਹਿਤ ਦੇ ਹਰ ਰੰਗ ਅਤੇ ਕੋਨੇ ਨੂੰ ਛੋਹਿਆ ਅਤੇ ਉਸ ਵਿਚੋਂ ਨਿਕਲੇ ਗਿਆਨ ਦੇ ਚਾਨਣ ਨੂੰ ਲੋਕਾਂ ਤਕ ਪਹੁੰਚਾਇਆ।
Balwant Gargi: ਬਲਵੰਤ ਗਾਰਗੀ ਨੂੰ ਪੰਜਾਬੀ ਰੰਗਮੰਚ ਦਾ ਬਾਦਸ਼ਾਹ ਕਹਿਣਾ ਕੋਈ ਗ਼ਲਤ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਦੀ ਕਲਮ ਨੇ ਸਾਹਿਤ ਦੇ ਹਰ ਰੰਗ ਅਤੇ ਕੋਨੇ ਨੂੰ ਛੋਹਿਆ ਅਤੇ ਉਸ ਵਿਚੋਂ ਨਿਕਲੇ ਗਿਆਨ ਦੇ ਚਾਨਣ ਨੂੰ ਲੋਕਾਂ ਤਕ ਪਹੁੰਚਾਇਆ। ਭਾਵੇਂ ਕਹਾਣੀ, ਕਵਿਤਾ, ਲੇਖ, ਇਕਾਂਗੀ ਜਾਂ ਫਿਰ ਨਾਟਕ ਹੋਵੇ ਹਮੇਸ਼ਾ ਉਨ੍ਹਾਂ ਦੀ ਕਲਮ ਦੀ ਤਾਕਤ ਸੁਤੰਤਰ ਅਤੇ ਮਜ਼ਬੂਤ ਰਹੀ।
ਇਹੀ ਕਾਰਨ ਸੀ ਕਿ ਉਨ੍ਹਾਂ ਵਲੋਂ 1944 ਵਿਚ ਲਿਖਿਆ ਗਿਆ ਪਹਿਲਾ ਨਾਟਕ ਲੋਹਾ ਕੁੱਟ ਪੰਜਾਬ ਦੇ ਪੇਂਡੂ ਖੇਤਰਾਂ ਦੀ ਸਪਸ਼ਟ ਤਸਵੀਰ ਲਈ ਵਿਵਾਦਗ੍ਰਸਤ ਹੋ ਗਿਆ। ਉਸ ਸਮੇਂ, ਉਸ ਨੇ ਇਸ ਨਾਟਕ ਰਾਹੀਂ ਗ਼ਰੀਬੀ, ਅਨਪੜ੍ਹਤਾ, ਅਗਿਆਨਤਾ ਅਤੇ ਅੰਧਵਿਸ਼ਵਾਸ ’ਤੇ ਧਿਆਨ ਕੇਂਦਰਤ ਕੀਤਾ ਜੋ ਕਿ ਪੇਂਡੂ ਜੀਵਨ ਦੀ ਸੱਚਾਈ ਨੂੰ ਦਰਸਾਉਂਦਾ ਸੀ, ਜੋ 1949 ਵਿਚ ਸੈਲ ਪੱਥਰ, 1950 ਵਿਚ ਨਵਾਂ ਮੋੜ ਅਤੇ ਘੁੱਗੀ ਦੇ ਨਾਂ ਨਾਲ ਵੀ ਜਾਰੀ ਰਿਹਾ।
ਪੰਜਾਬੀ ਸਾਹਿਤ ਦੀ ਗੱਲ ਕਰਦਿਆਂ ਜਦ ਵੀ ਨਾਟਕ ਤੇ ਰੰਗ-ਮੰਚ ਦਾ ਜ਼ਿਕਰ ਹੋਵੇ ਅਤੇ ਬਲਵੰਤ ਗਾਰਗੀ ਦੀ ਗੱਲ ਨਾ ਹੋਵੇ ਇਹ ਕਦੇ ਹੋ ਹੀ ਨਹੀਂ ਸਕਦਾ। ਪੰਜਾਬੀ ਨਾਟਕ ਤੇ ਰੰਗਮੰਚ ਨਾਲ ਰੂਹ ਤੋਂ ਜੁੜਿਆ ਇਨਸਾਨ ਰੇਤਲੇ ਟਿੱਬਿਆਂ ਤੋਂ ਸੱਤ ਸਮੁੰਦਰੋਂ ਪਾਰ ਤਕ ਪੰਜਾਬੀ ਨਾਟਕ ਤੇ ਰੰਗਮੰਚ ਦੀ ਪਹਿਚਾਣ ਲੈ ਕੇ ਜਾਣ ਵਾਲਾ ਬਲਵੰਤ ਗਾਰਗੀ ਹੀ ਸੀ। ਬਲਵੰਤ ਗਾਰਗੀ ਦਾ ਜਨਮ 4 ਦਸੰਬਰ 1916 ਨੂੰ ਸਹਿਣਾ (ਜ਼ਿਲ੍ਹਾ ਬਠਿੰਡਾ) ਵਿਖੇ ਲਾਲਾ ਸ਼ਿਵ ਚੰਦ ਅਤੇ ਪੁੰਨੀ ਦੇ ਘਰ ਹੋਇਆ। ਬਲਵੰਤ ਗਾਰਗੀ ਅਪਣੇ ਬਚਪਨ ਦੀਆਂ ਗੱਲਾਂ ਕਰਦਿਆਂ ਲਿਖਦਾ ਹੈ ਕਿ ਮਾਂ ਨੇ ਦੋਹਾਂ ਭਰਾਵਾਂ ਵਿਚੋਂ ਮੈਨੂੰ ਚੁਣ ਪਿੰਡ ਦੇ ਗੁਰਦੁਆਰਾ ਸਾਹਿਬ ਪੜ੍ਹਨ ਭੇਜ ਦਿਤਾ। ਅਸੀਂ ਦੋ ਦਿਨ ਖੇਡਦੇ ਰਹੇ।
ਕੋਈ ਮਾਸਟਰ ਨਹੀਂ ਆਇਆ। ਇਕ ਦਿਨ ਰੌਲਾ ਪੈ ਗਿਆ ਬਾਬਾ ਜੀ ਆ ਗਏ। ਨੀਲਾ ਬਾਣਾ ਪਾਈ ਘੋੜੇ ’ਤੇ ਚੜ੍ਹੇ ਬਾਬਾ ਜੀ ਨੇ ਮੈਨੂੰ ਪੁਛਿਆ, ਇਥੇ ਖੇਡਣ ਆਇਆਂ? ਆਖਿਆ, ਨਹੀਂ ਜੀ! ਇਥੇ ਪੜ੍ਹਦਾ ਹਾਂ। ਆਖਣ ਲੱਗੇ, ਜੇ ਪੜ੍ਹਦਾ ਏਂ ਤਾਂ ਫੇਰ ਸਬਕ ਸੁਣਾ। ਅੱਗੋਂ ਆਖਿਆ, ਸਬਕ ਤਾਂ ਤੁਸੀਂ ਅਜੇ ਪੜ੍ਹਾਇਆ ਹੀ ਨਹੀਂ। ਘੋੜੇ ’ਤੇ ਚੜ੍ਹੇ ਚੜ੍ਹਾਇਆ ਹੱਥ ਫੜੇ ਨੇਜ਼ੇ ਨਾਲ ਭੋਇੰ ’ਤੇ ਪਹਿਲੋਂ ਏਕਾ ਵਾਹਿਆ ਫੇਰ ਉੱਚੀ ਛਤਰੀ ਵਾਲਾ ਊੜਾ ਤੇ ਆਖਣ ਲੱਗੇ, ਆਖ ‘ਇਕ ਓ ਅੰਕਾਰ’ ਇਹ ਤੇਰਾ ਪਹਿਲਾ ਸਬਕ ਏ।
ਗਾਰਗੀ ਦਸਦਾ ਹੈ ਕਿ ਇਹ ਸਬਕ ਮੇਰੀ ਜ਼ਿੰਦਗੀ ਦਾ ਪਹਿਲਾ ਤੇ ਆਖ਼ਰੀ ਸਬਕ ਹੋ ਨਿਬੜਿਆ। ਬਾਕੀ ਦਾ ਸਾਰਾ ਕੁੱਝ ਮੈਂ ਇਨ੍ਹਾਂ ਦੋ ਸ਼ਬਦਾਂ ਦੇ ਵਿਚ ਰਹਿ ਕੇ ਹੀ ਕੀਤਾ। ਗਾਰਗੀ ਨੇ ਮੁਢਲੀ ਵਿਦਿਆ ਪਿੰਡੋਂ ਹਾਸਲ ਕਰ ਕੇ ਦਸਵੀਂ ਤਕ ਦੀ ਪੜ੍ਹਾਈ ਬਠਿੰਡੇ ਦੇ ਹਾਈ ਸਕੂਲ ਤੋਂ ਕੀਤੀ। ਬੀ. ਏ. ਦਾ ਇਮਤਿਹਾਨ 1936 ਵਿਚ ਲਾਹੌਰ ਤੋਂ ਪਾਸ ਕੀਤਾ। ਫ਼ੋਰਮੈਨ ਕ੍ਰਿਸ਼ਚੀਅਨ ਕਾਲਜ ਲਾਹੌਰ ਤੋਂ 1938 ਵਿਚ ਪੋਲੀਟੀਕਲ ਸਾਇੰਸ ਦੀ ਐਮ. ਏ. ਅਤੇ ਡੀ. ਏ. ਵੀ. ਕਾਲਜ ਤੋਂ 1941 ਵਿਚ ਅੰਗਰੇਜ਼ੀ ਦੀ ਐਮ.ਏ. ਪਾਸ ਕੀਤੀ। ਗਾਰਗੀ ਨੇ ਪਹਿਲਾਂ ਪਹਿਲ ਲਾਹੌਰ ਦੇ ਰੇਲਵੇ ਸਟੇਸ਼ਨ ਤੇ ਨੌਕਰੀ ਕੀਤੀ। ਸਿਆਟਲ (ਅਮਰੀਕਾ) ਦੀ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਵਿਖੇ 2 ਕੁ ਸਾਲ ਗਾਰਗੀ ਨੇ ਪ੍ਰੋਫ਼ੈਸਰ ਆਫ਼ ਡਰਾਮਾ ਵਜੋਂ ਕੰਮ ਕੀਤਾ, ਉੱਥੇ ਭਾਰਤੀ ਨਾਟਕ ਪੜ੍ਹਾਏ ਤੇ ਉਨ੍ਹਾਂ ਦਾ ਵੀ ਨਿਰਦੇਸ਼ਨ ਕੀਤਾ। ਕੁੱਝ ਸਮਾਂ ਦੂਰਦਰਸ਼ਨ ਤੇ ਆਕਾਸ਼ਵਾਣੀ ’ਤੇ ਪ੍ਰੋਫ਼ੈਸਰ ਅਮੈਰਿਟਸ ਵਜੋਂ ਵੀ ਯੋਗਦਾਨ ਦਿਤਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਡੀਅਨ ਥੀਏਟਰ ਵਿਭਾਗ ਦੇ ਸੰਸਥਾਪਕ ਦਾ ਕਾਰਜ ਵੀ ਨਿਭਾਇਆ।
ਸਾਹਿਤਕ ਸਫ਼ਰ ਦੀ ਗੱਲ ਕਰਦਿਆਂ ਬਲਵੰਤ ਗਾਰਗੀ ਦਾ ਇਹ ਪੱਖ ਵੀ ਆਉਂਦਾ ਹੈ ਕਿ ਉਨ੍ਹਾਂ ਨੇ ਸ਼ੁਰੂ ਸ਼ੁਰੂ ਵਿਚ ਕਵਿਤਾ ’ਤੇ ਵੀ ਕਲਮ ਚਲਾਈ ਸੀ ਪਰ ਉਹ ਰਚਨਾਵਾਂ ਪੰਜਾਬੀ ਵਿਚ ਨਹੀਂ ਸਨ। ਇਕ ਵਾਰ ਗਾਰਗੀ ਅਪਣੀਆਂ ਕਵਿਤਾਵਾਂ ਲੈ ਕੇ ਰਬਿੰਦਰ ਨਾਥ ਟੈਗੋਰ ਕੋਲ ਚਲਾ ਗਿਆ। ਮਿਲਣੀ ਦੌਰਾਨ ਟੈਗੋਰ ਨੇ ਗਾਰਗੀ ਨੂੰ ਦੋ ਗੱਲਾਂ ਕਹੀਆਂ ਇਕ ਤਾਂ ਇਹ ਕਿ ਕਵਿਤਾ ਦੀ ਥਾਂ ਗਲਪ ਲਿਖੋ, ਦੂਜਾ ਅਪਣੀ ਮਾਂ-ਬੋਲੀ ਵਿਚ ਹੀ ਲਿਖੋ। ਟੈਗੋਰ ਨੇ ਕਿਹਾ ਕਿ ਲੇਖਕ ਦੇ ਅੰਦਰ ਸੁਹਿਰਦਤਾ ਉਦੋਂ ਹੀ ਰਹਿੰਦੀ ਹੈ ਅਤੇ ਪ੍ਰਫੁੱਲਤ ਹੁੰਦੀ ਹੈ ਜਦੋਂ ਉਹ ਅਪਣੇ ਬਚਪਨ ਦੀ ਬੋਲੀ ਵਿਚ ਲਿਖਦਾ ਤੇ ਸੋਚਦਾ ਹੈ। ਟੈਗੋਰ ਨਾਲ ਇਸ ਮਿਲਣੀ ਤੋਂ ਬਾਅਦ ਗਾਰਗੀ ਪੂਰੀ ਤਰ੍ਹਾਂ ਆਣੀ ਮਾਂ-ਬੋਲੀ ਨੂੰ ਸਮਰਪਿਤ ਹੋ ਗਿਆ। ਗਾਰਗੀ ਨੇ ਅਪਣਾ ਸਾਹਿਤਕ ਸਫ਼ਰ ਇਕ ਸੁਤੰਤਰ ਲੇਖਕ, ਨਾਟਕਕਾਰ, ਨਿਰਦੇਸ਼ਕ ਅਤੇ ਪੱਤਰਕਾਰ ਦੇ ਤੌਰ ’ਤੇ ਅਰੰਭ ਕਰਦਿਆਂ ਅਖ਼ੀਰ ਤਕ ਰੰਗਮੰਚ ਨਾਲ ਵਿਚਰਦਿਆਂ ਬਾਖੂਬ ਨਿਭਾਇਆ। ਮੁਢਲੇ ਦੌਰ ਵਿਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤ ਨਗਰ ਰਹਿੰਦਿਆਂ (ਜਿਸ ਨੂੰ ਗਾਰਗੀ ਦੇ ਨਾਟਕਾਂ ਦੀ ਜਨਮਦਾਤੀ ਧਰਤੀ ਮੰਨਿਆ ਗਿਆ) ਬਲਵੰਤ ਗਾਰਗੀ ਦੀ ਨਾਟਕੀ ਪ੍ਰਤਿਭਾ ਪ੍ਰਫੁੱਲਤ ਹੋਣੀ ਸ਼ੁਰੂ ਹੋਈ। ਉਸ ਨੇ ਰੇਡੀਉ ਅਤੇ ਰੰਗਮੰਚ ਲਈ ਨਾਟਕ ਲਿਖੇ। ਬਾਅਦ ਵਿਚ ਅਮਰੀਕਾ ਜਾ ਕੇ ਸੀ ਐਟਲ ਵਿਚ ਥੀਏਟਰ ਦੇ ਅਧਿਆਪਕ ਰਹੇ।
ਉੱਥੇ ਹੀ ਉਨ੍ਹਾਂ ਨੇ ਅਮਰੀਕਨ ਕੁੜੀ ਜੀਨੀ ਨਾਲ ਵਿਆਹ ਕਰਵਾ ਲਿਆ ਜੋ ਜ਼ਿਆਦਾ ਦੇਰ ਤਕ ਨਹੀਂ ਨਿਭ ਸਕਿਆ। ਲੋਹਾ ਕੁੱਟ, ਸੈਲ ਪੱਥਰ, ਕੇਸਰੋ, ਨਵਾਂ ਮੁੱਢ, ਕਣਕ ਦੀ ਬੱਲੀ, ਘੁੱਗੀ, ਧੂਣੀ ਦੀ ਅੱਗ, ਸੌਂਕਣ, ਬਲਦੇ ਟਿਬੇ, ਸੋਹਣੀ ਮਹੀਂਵਾਲ ਆਦਿ ਗਾਰਗੀ ਦੇ ਪ੍ਰਮੁੱਖ ਨਾਟਕ ਹਨ। ਬੇਬੇ, ਪੱਤਣ ਦੀ ਬੇੜੀ, ਦੁੱਧ ਦੀਆਂ ਧਾਰਾਂ, ਚਾਕੂ, ਕੌਡੀਆਂ ਵਾਲਾ ਸੱਪ ਅਦਿ ਇਕਾਂਗੀ ਸੰਗ੍ਰਹਿ ਹਨ। ਇਨ੍ਹਾਂ ਤੋਂ ਇਲਾਵਾ ਗਾਰਗੀ ਨੇ ਕੱਕਾ ਰੇਤਾ (ਨਾਵਲ), ਡੁਲ੍ਹੇ ਬੇਰ (ਕਹਾਣੀ) ਅਤੇ ਵਾਰਤਕ ਦੇ ਖੇਤਰ ਵਿਚ ਰੰਗ-ਮੰਚ, ਨਿੰਮ ਦੇ ਪੱਤੇ, ਸੁਰਮੇ ਵਾਲੀ ਅੱਖ, ਕਾਸ਼ਨੀ ਵਿਹੜਾ ਵਰਗੇ ਸੰਗ੍ਰਹਿ ਸਾਹਿਤ ਦੀ ਝੋਲੀ ਵਿਚ ਪਾਏ।
ਪੰਜਾਬੀ ਵਾਰਤਕ ਵਿਚ ਰੇਖਾ-ਚਿੱਤਰਾਂ ਦਾ ਮੁੱਢ ਬੰਨ੍ਹਣ ਦਾ ਸਿਹਰਾ ਵੀ ਗਾਰਗੀ ਦੀ ਕਲਮ ਹਿੱਸੇ ਹੀ ਆਇਆ। ‘ਨਿੰਮ ਦੇ ਪੱਤੇ’ ਰੇਖਾ-ਚਿੱਤਰ ਨਾਲ ਗਾਰਗੀ ਨੇ ਅਪਣੇ ਵਾਰਤਕ ਜੀਵਨ ਦੀ ਸ਼ੁਰੂਆਤ ਕੀਤੀ ਜਿਥੇ ਉਸ ਨੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਅਤੇ ਬਾਹਰਲੀਆਂ ਯੂਨੀਵਰਸਟੀਆਂ ’ਚ ਰੰਗ-ਮੰਚ ਦਾ ਅਧਿਆਪਨ ਕੀਤਾ, ਉੱਥੇ ਉਸ ਨੇ ਬਾਹਰਲੇ ਦੇਸ਼ਾਂ ਪੋਲੈਂਡ, ਫ਼ਰਾਂਸ, ਅਮਰੀਕਾ ਅਤੇ ਇੰਗਲੈਂਡ ਆਦਿ ਵਿਚ ਜਾ ਕੇ ਉੱਥੋਂ ਦੀਆਂ ਨਾਟਕ ਸੈਲੀਆ ਅਤੇ ਰੰਗ-ਮੰਚ ਕਲਾ ਦਾ ਵਿਸ਼ੇਸ਼ ਅਧਿਐਨ ਵੀ ਕੀਤਾ। ਬਲਵੰਤ ਗਾਰਗੀ ਦਾ ਪਿਛੋਕੜ ਪੇਂਡੂ ਹੋਣ ਕਰ ਕੇ ਉਹ ਪੇਂਡੂ ਜੀਵਨ ਦੀਆਂ ਸਮੱਸਿਆਵਾਂ ਦਾ ਚੰਗਾ ਜਾਣਕਾਰ ਸੀ। ਉਸ ਨੇ ਪੇਂਡੂ ਜਨ-ਜੀਵਨ ਅਤੇ ਇਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਪਣੇ ਨਾਟਕਾਂ ਦਾ ਵਿਸ਼ਾ ਬਣਾਇਆ। ਬਲਵੰਤ ਗਾਰਗੀ ਨੇ ਪ੍ਰਗਤੀਵਾਦੀ, ਸੁਧਾਰਵਾਦੀ, ਰੋਮਾਂਟਿਕ, ਯਥਾਰਥਕ, ਦੁਖਾਂਤਕ, ਮਨੋਵਿਗਿਆਨਕ, ਇਤਿਹਾਸਕ, ਸਮਾਜਿਕ ਆਦਿ ਹਰ ਤਰ੍ਹਾਂ ਦੇ ਨਾਟਕਾਂ ਦੀ ਸਿਰਜਣਾ ਕਰ ਕੇ ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਅਮੀਰ ਕੀਤਾ।
ਰੰਗਮੰਚ ਉੱਤੇ ਸਫ਼ਲਤਾ ਨਾਲ ਨਾਟਕ ਨੂੰ ਨਿਭਾਉਣ ਦੀ ਕਲਾ ਗਾਰਗੀ ਦੇ ਹਿੱਸੇ ਹੀ ਆਈ। ਆਲ ਇੰਡੀਆ ਰੇਡੀਉ ਦੇ ਨਾਟ-ਮੁਕਾਬਲੇ ਵਿਚ ਗਾਰਗੀ ਦੇ ਇਕਾਂਗੀ ‘ਪੱਤਣ ਦੀ ਬੇੜੀ’ ਨੂੰ ਪਹਿਲਾ ਇਨਾਮ ਪ੍ਰਾਪਤ ਕਰਨ ਦਾ ਮਾਣ ਵੀ ਮਿਲਿਆ। ਨਾਟਕ ਦੇ ਖੇਤਰ ਵਿਚ ਉਸ ਦੀਆਂ ਪ੍ਰਾਪਤੀਆਂ ਸਦਕਾ ਭਾਸ਼ਾ ਵਿਭਾਗ, ਪੰਜਾਬ ਵਲੋਂ ਬਲਵੰਤ ਗਾਰਗੀ ਨੂੰ ਸਨਮਾਨਤ ਕੀਤਾ ਗਿਆ ਅਤੇ 1962 ਵਿਚ ਭਾਰਤੀ ਸਾਹਿਤ ਅਕਾਦਮੀ ਵਲੋਂ ਬਲਵੰਤ ਗਾਰਗੀ ਨੂੰ ਰੰਗਮੰਚ ਪੁਸਤਕ ਲਿਖਣ ’ਤੇ ਪੁਰਸਕਾਰ ਪ੍ਰਦਾਨ ਕੀਤਾ ਗਿਆ। 22 ਅਪਰੈਲ 2003 ਨੂੰ ਬਲਵੰਤ ਗਾਰਗੀ ਹਮੇਸ਼ਾ ਲਈ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਪੰਜਾਬੀ ਸਾਹਿਤ ਦੇ ਪ੍ਰੇਮੀਆਂ ਵਲੋਂ ਅੱਜ 22 ਅਪ੍ਰੈਲ ਨੂੰ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ।
-ਕੁਲਦੀਪ ਸਿੰਘ ਸਾਹਿਲ, ਰਾਜਪੁਰਾ। 9417990040