
ਕੋਰੀਆ ਦੀ ਕੰਪਨੀ ਸੈਮਸੰਗ ਪਹਿਲੇ ਨੰਬਰ 'ਤੇ ਕਾਇਮ
ਨਵੀਂ ਦਿੱਲੀ : ਚੀਨੀ ਕੰਪਨੀ Huawei ਸਾਲ 2019 ਦੀ ਪਹਿਲੀ ਤਿਮਾਹੀ 'ਚ ਆਈਫ਼ੋਨ ਨਿਰਮਾਤਾ ਕੰਪਨੀ ਐਪਲ ਨੂੰ ਪਿੱਛੇ ਛੱਡ ਕੇ ਦੂਜੀ ਸੱਭ ਤੋਂ ਵੱਡੀ ਸਮਾਰਟਫ਼ੋਨ ਨਿਰਮਾਤਾ ਕੰਪਨੀ ਬਣ ਗਈ ਹੈ। ਰਿਸਰਚ ਫ਼ਰਮ ਕਾਊਂਟਰਪੁਆਇੰਟ ਮੁਤਾਬਕ ਇਹ ਦੂਜੀ ਵਾਰ ਹੈ ਜਦੋਂ ਐਪਲ ਮਾਰਕੀਟ ਸ਼ੇਅਰ ਦੇ ਮਾਮਲੇ 'ਚ ਦੂਜਾ ਸਥਾਨ ਬਣਾਏ ਰੱਖਣ 'ਚ ਨਾਕਾਮ ਰਹੀ। Huawei ਦੇ ਕੈਮਰਾ ਫ਼ੋਨ ਨੇ ਅਮਰੀਕਾ 'ਚ ਵੀ ਵੱਡਾ ਯੂਜ਼ਰ ਬੇਸ ਤਿਆਰ ਕਰ ਲਿਆ ਹੈ। ਕੋਰੀਆ ਦੀ ਕੰਪਨੀ ਸੈਮਸੰਗ ਪਹਿਲੇ ਨੰਬਰ 'ਤੇ ਹੈ।
Huawei
ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ (ਆਈਡੀਸੀ) ਦੇ ਅੰਕੜੇ ਮੁਤਾਬਕ ਇਸ ਸਾਲ ਦੇ ਪਹਿਲੇ ਤਿੰਨ ਮਹੀਨੇ 'ਚ ਦੁਨੀਆਂ ਭਰ 'ਚ 31.08 ਕਰੋੜ ਸਮਾਰਟਫ਼ੋਨ ਵੇਚੇ ਗਏ। ਇਹ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੇ ਮੁਕਾਬਲੇ 6.60 ਫ਼ੀਸਦੀ ਘੱਟ ਹੈ। ਇਹ ਲਗਾਤਾਰ 6ਵੀਂ ਤਿਮਾਹੀ ਹੈ, ਜਦੋਂ ਸਮਾਰਟਫ਼ੋਨ ਦੀ ਵਿਸ਼ਵ ਪੱਧਰੀ ਵਿਕਰੀ 'ਚ ਗਿਰਾਵਟ ਵੇਖਣ ਨੂੰ ਮਿਲੀ ਹੈ। ਸੰਗਠਨ ਦਾ ਕਹਿਣਾ ਹੈ ਕਿ Huawei ਦੇ ਮਜ਼ਬੂਤ ਵਾਧੇ ਤੋਂ ਬਾਅਦ ਵੀ 2019 ਸਮਾਰਟਫ਼ੋਨ ਵਿਕਰੀ ਦੇ ਮਾਮਲੇ 'ਚ ਗਿਰਾਵਟ ਵਾਲਾ ਸਾਲ ਹੋਣ ਵਾਲਾ ਹੈ।
Apple
ਇਸ ਦੌਰਾਨ ਸੈਮਸੰਗ ਦੀ ਵਿਕਰੀ 8.10 ਫ਼ੀਸਦੀ ਘੱਟ ਕੇ 7.19 ਕਰੋੜ 'ਤੇ ਆ ਗਈ। ਹਾਲਾਂਕਿ ਸੈਮਸੰਗ ਹਾਲੇ ਵੀ ਸੱਭ ਤੋਂ ਵੱਧ ਸਮਾਰਟਫ਼ੋਨ ਵੇਚਣ ਵਾਲੀ ਕੰਪਨੀ ਬਣੀ ਹੋਈ ਹੈ। Huawei ਦੀ ਵਿਕਰੀ 50.30 ਫ਼ੀਸਦੀ ਦੇ ਸ਼ਾਨਦਾਰ ਵਾਧੇ ਨਾਲ 5.91 ਕਰੋੜ ਸਮਾਰਟਫ਼ੋਨ 'ਤੇ ਪਹੁੰਚ ਗਈ। ਕੰਪਨੀ ਨੇ ਇਸ ਪ੍ਰਦਰਸ਼ਨ ਨਾਲ ਐਪਲ ਨੂੰ ਪਛਾੜ ਦਿੱਤਾ ਹੈ। ਹਾਲਾਂਕਿ ਐਪਲ ਦੀ ਵਿਕਰੀ 30.20 ਫ਼ੀਸਦੀ ਘੱਟ ਕੇ 3.64 ਕਰੋੜ 'ਤੇ ਆ ਗਈ।