
ਪਿਛਲੀ ਸੀਟ 'ਤੇ ਬੈਠਣ ਵਾਲਿਆਂ ਲਈ ਸੀਟ ਬੈਲਟ ਲਾਜ਼ਮੀ; ਚੰਡੀਗੜ੍ਹ ਪੁਲਿਸ ਦੀ ਨਵੀਂ ਮੁਹਿੰਮ
Chandigarh News: ਚੰਡੀਗੜ੍ਹ ਸ਼ਹਿਰ 'ਚ ਹੁਣ ਕਾਰ ਜਾਂ ਵਾਹਨ 'ਚ ਪਿਛਲੀ ਸੀਟ 'ਤੇ ਸਵਾਰ ਯਾਤਰੀ ਨੂੰ ਵੀ ਸੀਟ ਬੈਲਟ ਪਹਿਨਣੀ ਹੋਵੇਗੀ। ਇਹ ਮੁਹਿੰਮ ਚੰਡੀਗੜ੍ਹ ਪੁਲਿਸ ਵਲੋਂ ਹਾਦਸਿਆਂ ਵਿਚ ਜਾਣ ਵਾਲੇ ਲੋਕਾਂ ਦੀ ਜਾਨ ਬਚਾਉਣ ਲਈ ਸ਼ੁਰੂ ਕੀਤੀ ਗਈ ਸੀ।
ਲੋਕਾਂ ਨੂੰ ਸੀਟ ਬੈਲਟ ਦੀ ਮਹੱਤਤਾ ਸਮਝਾਉਣ ਲਈ ਪੁਲਿਸ ਮਸ਼ਹੂਰ ਉਦਯੋਗਪਤੀ ਸਾਇਰਸ ਮਿਸਤਰੀ ਅਤੇ ਕਾਮੇਡੀਅਨ ਜਸਪਾਲ ਭੱਟੀ ਦੀ ਸੜਕ ਹਾਦਸੇ ਵਿਚ ਹੋਈ ਮੌਤ ਦੀਆਂ ਉਦਾਹਰਣਾਂ ਦੇ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤਕ ਸਿਰਫ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਕਾਨੂੰਨ ਦੇ ਤਹਿਤ ਕਾਰਵਾਈ ਵੀ ਕੀਤੀ ਜਾਵੇਗੀ।
ਚੰਡੀਗੜ੍ਹ 'ਚ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਹੁਣ ਸਾਰੀਆਂ ਸੜਕਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਸ ਦੇ ਨਾਲ ਹੀ ਹਰ ਸੜਕ 'ਤੇ ਸਪੀਡ ਲਿਮਟ ਤੈਅ ਕੀਤੀ ਗਈ ਪਰ ਇਸ ਤੋਂ ਬਾਅਦ ਵੀ ਕਈ ਵਾਰ ਹਾਦਸਿਆਂ ਵਿਚ ਲੋਕ ਅਪਣੀਆਂ ਜਾਨਾਂ ਗੁਆ ਰਹੇ ਹਨ, ਜੋ ਪੁਲਿਸ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਪਿਛਲੀ ਸੀਟ 'ਤੇ ਬੈਠੇ ਲੋਕਾਂ ਦੀ ਵੀ ਮੌਤ ਹੋਈ ਹੈ। ਇਸੇ ਚੀਜ਼ ਲਈ ਪਹਿਲਾਂ ਸਾਰੀਆਂ ਪ੍ਰਮੁੱਖ ਸੜਕਾਂ 'ਤੇ ਚੌਂਕ ਬਣਾਏ ਗਏ ਸਨ। ਇਸ ਦੇ ਨਾਲ ਹੀ ਹੁਣ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਡਾ ਟੀਚਾ ਸਿਰਫ ਲੋਕਾਂ ਦਾ ਚਲਾਨ ਕਰਨਾ ਨਹੀਂ ਹੈ।
ਪੁਲਿਸ ਰਿਕਾਰਡ ਮੁਤਾਬਕ 2023 'ਚ ਸੜਕ ਹਾਦਸਿਆਂ 'ਚ 67 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚ 19 ਔਰਤਾਂ ਅਤੇ 7 ਬੱਚੇ ਸ਼ਾਮਲ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਕੈਮਰੇ ਲਗਾਉਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿਚ ਕਮੀ ਆਈ ਹੈ। 2022 ਦੇ ਮੁਕਾਬਲੇ 2023 ਵਿਚ 16 ਘੱਟ ਮੌਤਾਂ ਹੋਈਆਂ।
ਸਾਲ 2022 'ਚ ਸੜਕ ਹਾਦਸਿਆਂ 'ਚ 83 ਲੋਕਾਂ ਦੀ ਮੌਤ ਹੋਈ ਸੀ, ਜਦਕਿ 203 ਲੋਕ ਜ਼ਖਮੀ ਵੀ ਹੋਏ ਸਨ। ਇਸੇ ਤਰ੍ਹਾਂ 2021 'ਚ ਸੜਕ ਹਾਦਸਿਆਂ 'ਚ ਮਰਨ ਵਾਲਿਆਂ ਦੀ ਗਿਣਤੀ 96 ਸੀ। ਸਾਲ 2022 'ਚ ਸੜਕ ਪਾਰ ਕਰ ਰਹੇ 28 ਅਜਿਹੇ ਲੋਕਾਂ ਦੀ ਮੌਤ ਹੋ ਗਈ। ਹਾਦਸੇ 'ਚ 6 ਔਰਤਾਂ ਸਮੇਤ 21 ਦੋਪਹੀਆ ਵਾਹਨ ਚਾਲਕਾਂ ਦੀ ਮੌਤ ਹੋਈ ਸੀ।
(For more Punjabi news apart from Seat Belts Are Mandatory For Rear Seat Passengers in Chandigarh , stay tuned to Rozana Spokesman)