
ਦਿੱਲੀ ਟੈਕਨੀਕਲ ਯੂਨੀਵਰਸਟੀ ਦੇ ਇਕ ਸਮਾਗਮ ਵਿਚ ਸ਼ਾਮਲ ਹੁੰਦਿਆਂ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ...............
ਨਵੀਂ ਦਿੱਲੀ : ਦਿੱਲੀ ਟੈਕਨੀਕਲ ਯੂਨੀਵਰਸਟੀ ਦੇ ਇਕ ਸਮਾਗਮ ਵਿਚ ਸ਼ਾਮਲ ਹੁੰਦਿਆਂ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, “ਮੈਨੂੰ ਉਮੀਦ ਹੈ ਕਿ ਤੁਸੀਂ ਸਿਰਫ਼ ਨੌਕਰੀਆਂ ਹਾਸਲ ਕਰਨ ਵਾਲੇ ਨਾ ਬਣ ਕੇ, ਦੂਜਿਆਂ ਨੂੰ ਵੀ ਨੌਕਰੀਆਂ ਦੇਣ ਵਾਲੇ ਬਣੋਗੇ।'' ਉਨ੍ਹਾਂ ਨਾਲ ਉਪ ਮੁਖ ਮੰਤਰੀ ਤੇ ਸਿਖਿਆ ਮੰਤਰੀ ਮਨੀਸ਼ ਸਿਸੋਦੀਆ ਵੀ ਪੁੱਜੇ ਹੋਏ ਸਨ। ਕੇਜਰੀਵਾਲ ਨੇ ਵਿਦਿਆਰਥੀਆਂ ਨੂੰ ਦੇਸ਼ ਲਈ ਸਮਰਪਤ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਅਹੁਦੇ ਤੇ ਸ਼ਹੁਰਤ ਪਿਛੇ ਨਾ ਭੱਜਣਾ, ਨਹੀਂ ਤਾਂ ਰੱਬ ਤੁਹਾਡੇ ਕੋਲੋਂ ਦੂਰ ਹੋ ਜਾਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਜੋ ਚਾਰ ਸਾਲਾਂ ਦਾ ਕੋਰਸ ਤੁਸੀਂ ਕਰ ਰਹੇ ਹੋ,
ਇਨ੍ਹਾਂ ਚਾਰ ਸਾਲਾਂ 'ਚ ਹੀ ਤੁਹਾਡੀ ਸ਼ਖ਼ਸੀਅਤ ਘੜੀ ਜਾਵੇਗੀ, ਜੋ ਅੱਗੇ ਤੁਹਾਡੇ ਕੰਮ ਆਵੇਗੀ। ਉਨ੍ਹਾਂ ਨੌਜਵਾਨਾਂ ਨੂੰ ਸਿਆਸਤ ਨੂੰ ਸਮਝਣ ਤੇ ਪਰਖਣ ਦੀ ਨਸੀਹਤ ਵੀ ਦਿਤੀ। ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਪਰਵਾਰਾਂ ਦੀ ਮਾਲੀ ਹਾਲਤ ਚੰਗੀ ਨਹੀਂ ਹੈ, ਉੁਨ੍ਹਾਂ ਲਈ ਸਰਕਾਰ ਨੇ 25 ਫ਼ੀ ਸਦੀ ਤੋਂ 100 ਫ਼ੀ ਸਦੀ ਤੱਕ ਦੇ ਵਜ਼ੀਫ਼ੇ ਦਾ ਪ੍ਰਬੰਧ ਕੀਤਾ ਹੋਇਆ ਹੈ। ਵਿਦਿਆਰਥੀਆਂ ਲਈ ਕਰਜ਼ੇ ਦਾ ਇੰਤਜ਼ਾਮ ਵੀ ਸਰਕਾਰ ਨੇ ਕੀਤਾ ਹੋਇਆ ਹੈ। ਸਰਕਾਰ 10 ਲੱਖ ਤੱਕ ਦਾ ਕਰਜ਼ਾ ਬਿਨਾਂ ਕਿਸੇ ਗਰੰਟੀ ਦੇ ਦੇਵੇਗੀ ਜਿਸ ਨੂੰ ਨੌਕਰੀ ਮਿਲਣ ਦੇ 15 ਸਾਲ ਦੇ ਅੰਦਰ ਵਿਦਿਆਰਥੀ ਮੋੜ ਸਕਦੇ ਹਨ।