
ਜਲੰਧਰ ਦੇ ਸ਼ਾਹਪੁਰ ਸਥਿਤ ਇਕ ਇੰਜੀਨੀਅਰ ਕਾਲਜ ਦੇ ਹੋਸਟਲ ਤੋਂ 3 ਕਸ਼ਮੀਰੀ ਵਿਦਿਆਰਥੀਆਂ ਨੂੰ ਇੰਟੈਲੀਜੈਂਸ....
ਮੋਹਾਲੀ (ਭਾਸ਼ਾ) : ਜਲੰਧਰ ਦੇ ਸ਼ਾਹਪੁਰ ਸਥਿਤ ਇਕ ਇੰਜੀਨੀਅਰ ਕਾਲਜ ਦੇ ਹੋਸਟਲ ਤੋਂ 3 ਕਸ਼ਮੀਰੀ ਵਿਦਿਆਰਥੀਆਂ ਨੂੰ ਇੰਟੈਲੀਜੈਂਸ, ਸੀ.ਆਈ.ਏ ਸਟਾਫ਼ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਜੁਆਇੰਟ ਅਪ੍ਰੇਸ਼ਨ ਕਰਕੇ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਜਾਹਿਦ ਗੁਲਜ਼ਾਰ ਨਿਵਾਸੀ ਅਵੰਤੀਪੋਰਾ ਸ਼੍ਰੀਨਗਰ, ਉਸ ਦੇ ਦੋ ਸਾਥੀ ਮੁਹੰਮਦ ਇਦਰੀਸ਼ ਸ਼ਾਹ ਅਤੇ ਯੂਸਫ਼ ਰਫ਼ੀਕ ਭੱਟ ਦੇ ਰੂਪ ਵਿਚ ਹੋਈ ਸੀ, ਜਿਹੜਾ ਕਿ ਪੁਲਵਾਮਾ ਦੇ ਨੂਰਪੁਰਾ ਦੇ ਰਹਿਣ ਵਾਲੇ ਹਨ। ਯੂਸਫ਼ 15 ਲੱਖ ਰੁਪਏ ਦੇ ਇਨਾਮੀ ਕੁਖ਼ਯਾਤ ਅਤਿਵਾਦੀ ਜ਼ਾਕਿਰ ਮੂਸਾ ਦਾ ਚਚੇਰਾ ਭਰਾ ਹੈ।
ਮਾਮਲਾ ਅਤਿਵਾਦੀ ਗਤੀਵਿਧੀਆਂ ਨਾਲ ਜੁੜਿਆ ਹੋਣ ਕਾਰਨ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ) ਨੂੰ ਟ੍ਰਾਂਸਫ਼ਰ ਕਰ ਦਿਤਾ ਗਿਆ ਸੀ। ਦੋਸ਼ੀਆਂ ਤੋਂ ਗੰਭੀਰ ਪੁਛਗਿਛ ਤੋਂ ਬਾਅਦ ਅੱਜ ਐਨ.ਆਈ.ਏ ਦੀ ਟੀਮ ਨੇ ਤਿੰਨਾਂ ਦੋਸ਼ੀਆਂ ਨੂੰ ਵੱਡੀ ਸੁਰੱਖਿਆ ‘ਚ ਮੋਹਾਲੀ ਦੀ ਐਨ.ਆਈ.ਏ ਕੋਰਟ ਵਿਚ ਪੇਸ਼ ਕੀਤਾ ਗਿਆ ਹੈ। ਤਿਨਾਂ ਦੋਸ਼ੀਆਂ ਦੇ ਮੂੰਹ ਉਤੇ ਕਾਲੇ ਰੰਗ ਦੇ ਕੱਪੜੇ ਬੰਨ੍ਹ ਕੇ ਅਤੇ ਹੱਥਕੜੀ ਲਗਾ ਕੇ ਤਿੰਨਾਂ ਨੂੰ ਕੋਰਟ ਰੂਮ ਤਕ ਪਹੁੰਚਾਇਆ ਗਿਆ।
ਐਨ.ਆਈ.ਏ ਕੋਰਟ ਨੇ ਤਿੰਨਾਂ ਦੋਸ਼ੀਆਂ ਨੂੰ 21 ਦਸੰਬਰ ਤਕ ਨਿਆਇਕ ਹਿਰਾਸਤ ਵਿਚ ਭੇਜ ਦਿਤਾ ਹੈ। ਇਹ ਤਿਨਾਂ ਕਸ਼ਮੀਰੀ ਵਿਦਿਆਰਥੀ ਅਤਿਵਾਦੀ ਸੰਗਠਨ ਅੰਸਾਰ ਗਜ਼ਵਤ-ਉਲ-ਹਿੰਦ ਨਾਲ ਜੁੜੇ ਸੀ ਅਤੇ ਦਿਵਾਲੀ ਮੌਕੇ ਪੰਜਾਬ ਵਿਚ ਵੱਡੀ ਵਾਰਦਾਤ ਕਰਨ ਦੀ ਤਾਕ ਵਿਚ ਸੀ।