
ਅੱਜ ਤੋਂ 26 ਸਾਲ ਪਹਿਲਾਂ ਹਿੰਦੂਆਂ ਦੀ ਭੜਕੀ ਭੀੜ ਨੇ 6 ਦਸੰਬਰ 1992 ਵਿਚ ਆਯੁੱਧਿਆ 'ਚ ਸਥਿਤ ਬਾਬਰੀ ਮਸਜਿਦ ਨੂੰ ਜ਼ਬਰੀ ਢਾਹ ਦਿਤਾ ਸੀ...
ਨਵੀਂ ਦਿੱਲੀ (ਭਾਸ਼ਾ) : ਅੱਜ ਤੋਂ 26 ਸਾਲ ਪਹਿਲਾਂ ਹਿੰਦੂਆਂ ਦੀ ਭੜਕੀ ਭੀੜ ਨੇ 6 ਦਸੰਬਰ 1992 ਵਿਚ ਆਯੁੱਧਿਆ 'ਚ ਸਥਿਤ ਬਾਬਰੀ ਮਸਜਿਦ ਨੂੰ ਜ਼ਬਰੀ ਢਾਹ ਦਿਤਾ ਸੀ। ਇਸ ਤੋਂ ਬਾਅਦ ਦੇਸ਼ ਵਿਚ ਹਿੰਦੂ-ਮੁਸਲਿਮ ਵਿਚਕਾਰ ਦੰਗੇ ਭੜਕ ਗਏ ਸਨ। ਭਾਵੇਂ ਕਿ ਰਾਮ ਜਨਮ ਭੂਮੀ ਅੰਦੋਲਨ ਦੌਰਾਨ ਬਾਬਰੀ ਮਸਜਿਦ ਨੂੰ ਡੇਗਣ ਦੀ ਘਟਨਾ ਮੌਜੂਦ ਉਤੇਜਿਤ ਭੀੜ ਦਾ ਕੰਮ ਨਹੀਂ ਸੀ, ਸਗੋਂ ਇਹ ਕਥਿਤ ਤੌਰ 'ਤੇ ਇਕ ਸੋਚੀ ਸਮਝੀ ਯੋਜਨਾ ਤਹਿਤ ਕੀਤਾ ਗਿਆ ਸੀ, ਪਰ ਅੱਜ ਤਕ ਇਸ ਘਟਨਾ ਦੇ ਇਕ ਵੀ ਦੋਸ਼ੀ ਨੂੰ ਸਜ਼ਾ ਨਹੀਂ ਹੋ ਸਕੀ। ਪਿਛਲੇ 26 ਸਾਲਾਂ ਤੋਂ ਇਹ ਕੇਸ ਅਦਾਲਤ ਵਿਚ ਲਟਕ ਰਿਹਾ ਹੈ।
Babri Mosque Issue
ਪਿਛਲੇ ਸਮੇਂ ਦੌਰਾਨ ਮੀਡੀਆ ਵੈਬਸਾਈਟ ਕੋਬਰਾ ਪੋਸਟ ਵਲੋਂ ਕੀਤੇ ਗਏ ਇਕ ਸਟਿੰਗ ਉਪਰੇਸ਼ਨ ਵਿਚ ਦਾਅਵਾ ਕੀਤਾ ਗਿਆ ਸੀ ਕਿ ਰਾਮ ਮੰਦਰ ਅੰਦੋਲਨ ਦੀ ਅਗਵਾਈ ਕਰ ਰਹੇ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ ਅਤੇ ਉੱਤਰ ਪ੍ਰਦੇਸ਼ ਦੇ ਉਸ ਵੇਲੇ ਦੇ ਮੁੱਖ ਮੰਤਰੀ ਕਲਿਆਣ ਸਿੰਘ ਨੂੰ ਇਸ ਸਾਰੀ ਯੋਜਨਾ ਬਾਰੇ ਪੂਰੀ ਜਾਣਕਾਰੀ ਸੀ। ਭਾਜਪਾ ਨੇ ਇਸ ਸਟਿੰਗ ਨੂੰ ਮਾਹੌਲ ਵਿਗਾੜਨ ਵਾਲਾ ਦਸਦੇ ਹੋਏ ਚੋਣ ਕਮਿਸ਼ਨ ਕੋਲ ਇਸ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ।
Babri Masjid demolition
'ਕੋਬਰਾ ਪੋਸਟ' ਨੇ ਰਾਜ ਜਨਮ ਭੂਮੀ ਅੰਦੋਲਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ 23 ਵਿਅਕਤੀਆਂ 'ਤੇ ਉਪਰੇਸ਼ਨ ਜਨਮ ਭੂਮੀ ਦੇ ਨਾਂਅ 'ਤੇ ਇਹ ਸਟਿੰਗ ਉਪਰੇਸ਼ਨ ਕੀਤਾ ਸੀ। ਸਟਿੰਗ ਵਿਚ ਦਾਅਵਾ ਕੀਤਾ ਗਿਆ ਸੀ ਕਿ 6 ਦਸੰਬਰ 1992 ਨੂੰ ਬਾਬਰੀ ਮਸਜਿਦ ਨੂੰ ਢਾਹੁਣ ਦੀ ਯੋਜਨਾ ਸੰਘ ਦੇ ਵੱਖ-ਵੱਖ ਯੂਨਿਟਾਂ ਨੇ ਬਣਾਈ ਸੀ, ਜਿਸ ਨੂੰ ਸੰਘ ਦੇ ਸਿਖਲਾਈ ਪ੍ਰਾਪਤ ਵਰਕਰਾਂ ਨੇ ਅੰਜ਼ਾਮ ਦਿਤਾ। ਜਦਕਿ ਮੰਨਿਆ ਇਹ ਜਾਂਦਾ ਸੀ ਕਿ ਮੌਕੇ 'ਤੇ ਮੌਜੂਦਾ ਭੀੜ ਨੇ ਉਤੇਜਨਾ 'ਚ ਆ ਕੇ ਬਾਬਰੀ ਮਸਜਿਦ ਦਾ ਢਾਂਚਾ ਤੋੜ ਦਿਤਾ ਸੀ।
Babri Masjid
ਰਾਮ ਜਨਮ ਭੂਮੀ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਕਸ਼ੀ ਮਹਾਰਾਜ, ਅਚਾਰਿਆ ਧਰਮਿੰਦਰ, ਮਹੰਤ ਰਾਮ ਵਿਲਾਸ ਵੇਦਾਂਤੀ, ਉਮਾ ਭਾਰਤੀ ਅਤੇ ਵਿਨੈ ਕਟਿਆਰ ਦੇ ਬਿਆਨ ਵਾਲੀ ਕੋਬਰਾ ਪੋਸਟ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਯੂਪੀ ਦੇ ਉਸ ਵੇਲੇ ਦੇ ਮੁੱਖ ਮੰਤਰੀ ਕਲਿਆਣ ਸਿੰਘ, ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ ਸੰਘ ਦੀ ਇਸ ਯੋਜਨਾ ਤੋਂ ਪੂਰੀ ਤਰ੍ਹਾਂ ਵਾਕਿਫ਼ ਸਨ। ਸਟਿੰਗ ਅਨੁਸਾਰ ਅਡਵਾਨੀ, ਵੇਦਾਂਤੀ ਸਮੇਤ ਕਈ ਲੋਕਾਂ ਨੇ ਬਾਬਰੀ ਮਸਜਿਦ ਡੇਗਣ ਦਾ ਸੰਕਲਪ ਲਿਆ ਸੀ।
Babri Masjid
ਰਿਪੋਰਟ ਅਨੁਸਾਰ ਸਵੈਮ ਸੇਵਕਾਂ ਨੂੰ ਇਕ ਮਹੀਨਾ ਪਹਿਲਾਂ ਤਕ ਵੀ ਇਹ ਪਤਾ ਨਹੀਂ ਸੀ ਕਿ ਉਨ੍ਹਾ ਨੂੰ ਕਿਸ ਮਕਸਦ ਲਈ ਸਿਖਲਾਈ ਦਿਤੀ ਜਾ ਰਹੀ ਹੈ। ਜੂਨ 1992 ਵਿਚ ਬਜਰੰਗ ਦਲ ਨੇ ਆਪਣੇ 38 ਮੈਂਬਰਾਂ ਨੂੰ ਇਕ ਮਹੀਨੇ ਦੀ ਖ਼ਾਸ ਸਿਖ਼ਲਾਈ ਦਿਤੀ ਸੀ। ਇਸ ਮਗਰੋਂ ਇਕ ਬੇਹੱਦ ਖੁਫ਼ੀਆ ਮੀਟਿੰਗ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇਹਨਾ 38 ਸਵੈਮ ਸੇਵਕਾਂ ਨੂੰ ਲਛਮਣ ਸੈਨਾ ਬਣਾਉਣ ਲਈ ਕਿਹਾ ਸੀ। ਕੋਬਰਾਪੋਸਟ ਦੇ ਖੁਲਾਸੇ ਅਨੁਸਾਰ ਇਸ ਯੋਜਨਾ ਦੇ ਨਾਕਾਮ ਹੋਣ ਦੀ ਸੂਰਤ ਵਿਚ ਸ਼ਿਵ ਸੈਨਾ ਨੇ ਬਦਲਵੀਂ ਯੋਜਨਾ ਵੀ ਬਣਾਈ ਸੀ।
Babri Masjid
ਭਾਵੇਂ ਕਿ ਰਾਮ ਮੰਦਰ-ਬਾਬਰੀ ਮਸਜਿਦ ਵਿਵਾਦ ਅਦਾਲਤ ਵਿਚ ਵਿਚਾਰ ਅਧੀਨ ਹੈ। ਇਸ ਦੇ ਬਾਵਜੂਦ ਕੁੱਝ ਹਿੰਦੂ ਨੇਤਾਵਾਂ ਵਲੋਂ ਮਾਹੌਲ ਵਿਗਾੜਨ ਵਾਲੇ ਭੜਕਾਊ ਬਿਆਨ ਦਿਤੇ ਜਾ ਰਹੇ ਹਨ। ਇੱਥੋਂ ਤਕ ਕਿ ਕੁੱਝ ਦਿਨ ਪਹਿਲਾਂ ਕਈ ਹਿੰਦੂ ਸੰਗਠਨਾਂ ਨੇ ਆਯੁੱਧਿਆ ਵਿਚ ਧਰਮ ਸਭਾ ਵੀ ਰੱਖੀ ਅਤੇ ਧਾਰਾ 144 ਦੇ ਬਾਵਜੂਦ ਰੋਡ ਸ਼ੋਅ ਕੱਢਿਆ। ਇਸ ਨਾਲ ਆਯੁੱਧਿਆ ਵਿਚ ਮਾਹੌਲ ਇਕ ਵਾਰ ਫਿਰ ਤੋਂ ਤਣਾਅਪੂਰਨ ਹੋ ਗਿਆ ਸੀ। ਹਿੰਦੂ ਸੰਗਠਨਾਂ ਵਲੋਂ ਵਾਰ-ਵਾਰ ਆਯੁੱਧਿਆ 'ਚ ਜ਼ਬਰੀ ਰਾਮ ਮੰਦਰ ਬਣਾਉਣ ਦੇ ਬਿਆਨ ਦਿਤੇ ਜਾ ਰਹੇ ਹਨ, ਪਰ ਕੀ ਅਜਿਹਾ ਸਕੇਗਾ। ਫਿਲਹਾਲ ਇਸ ਬਾਰੇ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ।