
ਬਾਲੀਵੁੱਡ ਅਦਾਕਾਰਾ ਨੇ ਸਿੰਘੂ ਬਾਰਡਰ ‘ਤੇ ਭਰੀ ਹਾਜ਼ਰੀ
ਨਵੀਂ ਦਿੱਲੀ: ਕਿਸਾਨੀ ਸੰਘਰਸ਼ ਨੂੰ ਦੇਸ਼ ਦਾ ਹਰ ਵਰਗ ਹਮਾਇਤ ਦੇ ਰਿਹਾ ਹੈ। ਮਨੋਰੰਜਨ ਜਗਤ ਵਿਚੋਂ ਵੀ ਕਿਸਾਨੀ ਦੇ ਹੱਕ ਵਿਚ ਅਵਾਜ਼ਾਂ ਬੁਲੰਦ ਹੋ ਰਹੀਆਂ ਹਨ। ਇਸ ਦੌਰਾਨ ਬਾਲੀਵੁੱਡ ਅਭਿਨੇਤਰੀ ਸਵਰਾ ਭਾਸਕਰ ਵੀ ਲਗਾਤਾਰ ਕਿਸਾਨਾਂ ਦੇ ਹੱਕ ਵਿਚ ਸੋਸ਼ਲ ਮੀਡੀਆ ‘ਤੇ ਅਪਣੇ ਵਿਚਾਰ ਸਾਂਝੇ ਕਰ ਰਹੀ ਹੈ। ਸਿੰਘੂ ਬਾਰਡਰ ‘ਤੇ ਸ਼ਮੂਲੀਅਤ ਕਰਨ ਪਹੁੰਚੀ ਅਦਾਕਾਰਾ ਨੇ ਕਿਹਾ ਕਿ ਮੈਂ ਅੱਜ ਇਕ ਕਲਾਕਾਰ ਹੋਣ ਨਾਤੇ ਨਹੀਂ ਬਲਕਿ ਭਾਰਤ ਦੀ ਨਾਗਰਿਕ ਹੋਣ ਨਾਤੇ ਆਈ ਹਾਂ।
Swara Bhaskar
ਉਹਨਾਂ ਕਿਹਾ ਕਿ ਮੈਨੂੰ ਕਈ ਲੋਕ ਕਹਿ ਰਹੇ ਹਨ ਕਿ ਕਿਸਾਨਾਂ ਤੇ ਕਿਸਾਨੀ ਅੰਦੋਲਨ ਨਾਲ ਤੇਰਾ ਕੀ ਲੈਣਾ-ਦੇਣਾ ਹੈ। ਸਵਰਾ ਨੇ ਦੱਸਿਆ ਕਿ ਉਸ ਨੂੰ ਇਸ ਗੱਲ ਦਾ ਜਵਾਬ ਇਕ ਬਜ਼ੁਰਗ ਮਾਤਾ ਨੇ ਦਿੱਤਾ, ਜੋ ਅਪਣਾ ਘਰ ਤੇ ਕੰਮ ਕਾਜ ਛੱਡ ਕੇ ਦਿੱਲੀ ਬਾਰਡਰ ‘ਤੇ ਧਰਨਾ ਦੇ ਰਹੀ ਸੀ। ਬਜ਼ੁਰਗ ਮਾਤਾ ਨੇ ਮੈਨੂੰ ਪੁੱਛਿਆ ਕਿ ਇੱਥੇ ਕੀ ਕਰਨ ਆਈ ਹੈ। ਤਾਂ ਮੈਂ ਕਿਹਾ ਦੇਖਣ ਆਈ ਹਾਂ। ਉਹਨਾਂ ਫਿਰ ਪੁੱਛਿਆ ਕਿ ਖੇਤ ਗਈ ਕਦੀ। ਤਾਂ ਮੈਂ ਕਿਹਾ ਨਹੀਂ।
Swara Bhaskar
ਉਹਨਾਂ ਪੁੱਛਿਆ ਕਿ ਕਿਸਾਨੀ ਨਾਲ ਕੋਈ ਨਾਤਾ ਹੈ ਤਾਂ ਮੈਂ ਕਿਹਾ ਨਹੀਂ। ਫਿਰ ਬਜ਼ੁਰਗ ਮਾਤਾ ਨੇ ਕਿਹਾ ਕਿ ਰੋਟੀ ਨਾਲ ਨਾਤਾ ਹੈ ਤਾਂ ਮੈਂ ਕਿਹਾ ਹਾਂ। ਉਹਨਾਂ ਕਿਹਾ ਇਹੀ ਹੈ ਤੁਹਾਡਾ ਕਿਸਾਨੀ ਨਾਲ ਰਿਸ਼ਤਾ। ਸਵਰਾ ਨੇ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਦਾ ਕਿਸਾਨੀ ਨਾਲ ਨਾਤਾ ਹੈ। ਚਾਹੇ ਉਹ ਪ੍ਰਧਾਨ ਮੰਤਰੀ ਹੋਵੇ ਜਾਂ ਕੋਈ ਭਿਖਾਰੀ ਹੋਵੇ, ਹਰ ਕੋਈ ਰੋਟੀ ਖਾਂਦਾ ਹੈ। ਇਸ ਲਈ ਇਹ ਲੜਾਈ ਸਾਰਿਆਂ ਦੀ ਲੜਾਈ ਹੈ।
Swara Bhaskar
ਉਹਨਾਂ ਕਿਹਾ ਕਿ ਕਿਸਾਨ ਸਿਰਫ ਅਪਣੀ ਹੀ ਨਹੀਂ ਬਲਕਿ ਸਾਰੇ ਦੇਸ਼ ਦੀ ਲੜਾਈ ਲੜ ਰਹੇ ਹਨ। ਸਵਰਾ ਭਾਸਕਰ ਨੇ ਸ਼ਰਮਿੰਦਗੀ ਜ਼ਾਹਿਰ ਕਰਦਿਆਂ ਕਿਹਾ ਕਿ ਸਾਡਾ ਦੇਸ਼ ਅਜਿਹਾ ਸਮਾਜ ਬਣ ਗਿਆ ਹੈ ਕਿ ਸਾਡੇ ਬਜ਼ੁਰਗ ਅਰਾਮ ਕਰਨ ਦੀ ਉਮਰ ਵਿਚ ਸੜਕਾਂ ‘ਤੇ ਬੈਠੇ ਹਨ।
ਸਵਰਾ ਭਾਸਕਰ ਨੇ ਕਿਹਾ ਕਿ ਮੈਂ ਸ਼ਰਮਿੰਦਾ ਹਾਂ ਕਿ ਬਾਲੀਵੁੱਡ ਇੰਡਸਟਰੀ ਦੀ ਹਰ ਦੂਜੀ-ਤੀਜੀ ਫਿਲਮ ਦੀ ਸ਼ੂਟਿੰਗ ਪੰਜਾਬ ਵਿਚ ਹੁੰਦੀ ਹੈ। ਪਰ ਇੰਡਸਟਰੀ ਵਿਚੋਂ ਕੋਈ ਵੀ ਨਹੀਂ ਬੋਲ ਰਿਹਾ। ਸਵਰਾ ਨੇ ਗਲਤ ਜਾਣਕਾਰੀ ਫੈਲਾਉਣ ਵਾਲੇ ਮੀਡੀਆ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਮੈਂ ਇੱਥੇ ਮੁਆਫੀ ਮੰਗਣ ਆਈ ਹਾਂ। ਸਵਰਾ ਦਾ ਕਹਿਣਾ ਹੈ ਕਿ ਦੇਸ਼ ਦੇ ਝੰਡੇ ਦੇ ਰੰਗਾਂ ਵਿਚ ਪੰਜਾਬ ਦੇ ਰੰਗ ਹਨ।
FARMER
ਦੇਸ਼ ਦੇ ਝੰਡੇ ‘ਚ ਭਗਵਾਂ ਰੰਗ ਪੰਜਾਬ ਦੇ ਬਲਿਦਾਨ ਦਾ ਰੰਗ ਹੈ। ਸਫੈਦ ਰੰਗ ਗੁਰੂ ਨਾਨਕ ਦੇਵ ਜੀ ਦੇ ਸ਼ਾਂਤੀ ਅਤੇ ਪ੍ਰੇਮ ਦੇ ਸੰਦੇਸ਼ ਦਾ ਰੰਗ ਹੈ ਤੇ ਝੰਡੇ ਦਾ ਹਰ ਰੰਗ ਹਰੀਕ੍ਰਾਂਤੀ ਦਾ ਰੰਗ ਹੈ। ਝੰਡੇ ਦਾ ਨੀਲਾ ਰੰਗ ਨਿਹੰਗ ਸਿੰਘਾਂ ਦੇ ਜਜ਼ਬੇ ਦਾ ਰੰਗ ਹੈ। ਸਵਰਾ ਭਾਸਕਰ ਨੇ ਕਿਹਾ ਦੇਸ਼ ਦੀ ਸੱਤਾ ਵਿਚ ਕੁਝ ਅਜਿਹੇ ਲੋਕ ਹਨ, ਜੋ ਭੁੱਲ ਗਏ ਨੇ ਕਿ ਅਸਲੀ ਭਾਰਤ ਕੀ ਹੈ। ਅਭਿਨੇਤਰੀ ਨੇ ਸਟੇਜ ਤੋਂ ਪੰਜਾਬੀ ਕਵੀ ਅਵਤਾਰ ਸਿੰਘ ਸੰਧੂ ਦੀਆਂ ਕਵਿਤਾਵਾਂ ਵੀ ਸੁਣਾਈਆਂ। ਸਵਰਾ ਭਾਸਕਰ ਨੇ ਕਿਸਾਨਾਂ ਦੇ ਜਨੂੰਨ ਤੇ ਜਜ਼ਬੇ ਨੂੰ ਸਲਾਮ ਕੀਤਾ।