
ਉੱਤਰ ਪ੍ਰਦੇਸ਼ ਦੇ ਵੱਖੋ-ਵੱਖ ਜ਼ਿਲ੍ਹਿਆਂ 'ਚ ਕਲ ਆਈ ਹਨੇਰੀ ਅਤੇ ਬਿਜਲੀ ਡਿੱਗਣ ਨਾਲ 26 ਲੋਕਾਂ ਦੀ ਮੌਤ ਹੋ ਗਈ ਹੈ। ਸਰਕਾਰੀ ਬੁਲਾਰੇ ਅਨੁਸਾਰ ਸ਼ੁਕਰਵਾਰ....
ਲਖਨਊ, 9 ਜੂਨ: ਉੱਤਰ ਪ੍ਰਦੇਸ਼ ਦੇ ਵੱਖੋ-ਵੱਖ ਜ਼ਿਲ੍ਹਿਆਂ 'ਚ ਕਲ ਆਈ ਹਨੇਰੀ ਅਤੇ ਬਿਜਲੀ ਡਿੱਗਣ ਨਾਲ 26 ਲੋਕਾਂ ਦੀ ਮੌਤ ਹੋ ਗਈ ਹੈ। ਸਰਕਾਰੀ ਬੁਲਾਰੇ ਅਨੁਸਾਰ ਸ਼ੁਕਰਵਾਰ ਨੂੰ ਹਨੇਰੀ-ਤੂਫ਼ਾਨ ਅਤੇ ਬਿਜਲੀ ਡਿੱਗਣ ਨਾਲ ਸੂਬੇ ਦੇ 11 ਪ੍ਰਭਾਵਤ ਜ਼ਿਲ੍ਹਿਆਂ 'ਚ 26 ਲੋਕਾਂ ਅਤੇ ਚਾਰ ਪਸ਼ੂਆਂ ਦੀ ਮੋਤ ਹੋਈ।
ਜੌਨਪੁਰ ਅਤੇ ਸੁਲਤਾਨਪੁਰ 'ਚ ਪੰਜ-ਪੰਜ, ਚੰਦੌਲੀ ਅਤੇ ਬਹਿਰਾਇਚ 'ਚ ਤਿੰਨ-ਤਿੰਨ, ਮਿਰਜ਼ਾਪੁਰ, ਸੀਤਾਪੁਰ, ਅਮੇਠੀ ਅਤੇ ਪ੍ਰਤਾਪਗੜ੍ਹ 'ਚ ਇਕ-ਇਕ, ਉਨਾਵ 'ਚ ਚਾਰ ਅਤੇ ਰਾਏਬਰੇਲੀ 'ਚ ਦੋ ਜਣਿਆਂ ਦੀ ਮੌਤ ਹੋ ਗਈ।
ਇਸੇ ਤਰ੍ਹਾਂ ਕੰਨੌਜ 'ਚ ਤਿੰਨ ਅਤੇ ਚੰਦੌਲੀ 'ਚ ਇਕ ਪਸ਼ੂ ਦੀ ਵੀ ਮੌਤ ਹੋਈ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮੌਤਾਂ 'ਤੇ ਦੁੱਖ ਪ੍ਰਗਟਾਇਆ ਹੈ ਅਤੇ ਪ੍ਰਭਾਵਤ ਲੋਕਾਂ ਨੂੰ ਅੱਜ ਹੀ ਰਾਹਤ ਪਹੁੰਚਾਉਣ ਦਾ ਹੁਕਮ ਦਿਤਾ ਹੈ। ਮਹਾਰਾਸ਼ਟਰ ਦੇ ਠਾਣੇ 'ਚ ਵੀ ਅੱਜ ਭਾਰੀ ਮੀਂਹ ਕਾਰਨ ਵਾਪਰੀਆਂ ਘਟਨਾਵਾਂ 'ਚ ਦੋ ਜਣਿਆਂ ਦੀ ਮੌਤ ਹੋ ਗਈ।
ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਸ਼ਾਮ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇਰੀ ਆਈ ਜਿਸ ਕਰ ਕੇ ਹਨੇਰਾ ਛਾ ਗਿਆ। ਕਈ ਇਲਾਕਿਆਂ 'ਚ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਚੱਲੀਆਂ ਤੇਜ਼ ਹਵਾਵਾਂ ਦੇ ਦੋਤਰਫ਼ਾ ਅਸਰ ਕਰ ਕੇ ਦੁਪਹਿਰ ਬਾਅਦ ਧੂੜ ਭਰੀ ਹਨੇਰੀ ਅਤੇ ਮੀਂਹ ਨੇ ਗਰਮੀ ਤੋਂ ਅੰਸ਼ਿਕ ਰਾਹਤ ਦਿਤੀ।
ਡੀ.ਐਮ.ਆਰ.ਸੀ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸ਼ਾਮ ਪੰਜ ਵਜੇ ਆਈ ਹਨੇਰੀ ਅਤੇ ਮੀਂਹ ਕਾਰਨ ਦਿੱਲੀ ਮੈਟਰੋ ਦੀ ਬਲੂ ਅਤੇ ਰੈੱਡ ਲਾਈਨ ਸੇਵਾਵਾਂ ਪ੍ਰਭਾਵਤ ਹੋਈ। ਉਨ੍ਹਾਂ ਕਿਹਾ ਕਿ ਲਾਈਨ 1 (ਰੈਡ ਲਾਈਨ) ਅਤੇ ਲਾਈਨ 3 (ਬਲੂ ਲਾਈਨ) 'ਤੇ ਟਰੈਕ ਸਰਕਿਟ ਸਿਗਨਲਿੰਗ ਡਰਾਪ ਦੇ ਕੁੱਝ ਮਾਮਲੇ ਅਤੇ ਜਨਕਪੁਰੀ ਪੂਰਬ ਦੇ ਕੋਲ ਓਵਰਹੈੱਡ ਬਿਜਲੀ ਦੇ ਤਾਰ ਨਾਲ ਕੋਈ ਬਾਹਰੀ ਚੀਜ਼ ਟਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਭਾਵਤ ਰੇਲ ਗੱਡੀਆਂ ਦੇ ਸਮੇਂ 'ਚ ਕੁੱਝ ਮਾਮੂਲੀ ਬਦਲਾਅ ਤੋਂ ਇਲਾਵਾ ਸੇਵਾਂ 'ਤੇ ਕੋਈ ਵੱਡਾ ਅਸਰ ਨਹੀਂ ਹੋਇਆ ਸਾਰੀਆਂ ਲਾਈਨਾਂ 'ਤੇ ਰੇਲ ਗੱਡੀਆਂ ਆਮ ਵਾਂਗ ਚਲ ਰਹੀਆਂ ਹਨ।
ਉਧਰ ਕਈ ਦਿਨਾਂ ਤੋਂ ਗਰਮੀ ਝੱਲ ਰਹੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕੁੱਝ ਇਲਾਕਿਆਂ 'ਚ ਵੀ ਮੀਂਹ ਪੈਣ ਦੀ ਖ਼ਬਰ ਹੈ। ਮੌਸਮ ਵਿਭਾਗ ਨੇ ਕਲ ਵੀ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, ਜੰਮੂ-ਕਸ਼ਮੀਰ, ਰਾਜਸਥਾਨ, ਪਛਮੀ ਬੰਗਾਲ, ਉੜੀਸਾ, ਝਾਰਖੰਡ, ਅਰੁਣਾਂਚਲ ਪ੍ਰਦੇਸ਼, ਅਸਮ, ਮੇਘਾਲਿਆ, ਬਿਹਾਰ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। (ਪੀਟੀਆਈ)