
ਮੁੰਬਈ ਅਤੇ ਨੇੜਲੇ ਇਲਾਕਿਆਂ 'ਚ ਮਾਨਸੂਨ ਦੇ ਮੋਹਲੇਧਾਰ ਮੀਂਹ ਕਰ ਕੇ ਸੜਕਾਂ, ਰੇਲ ਦੀਆਂ ਪਟੜੀਆਂ 'ਤੇ ਪਾਣੀ ਭਰ ਗਿਆ............
ਮੁੰਬਈ : ਮੁੰਬਈ ਅਤੇ ਨੇੜਲੇ ਇਲਾਕਿਆਂ 'ਚ ਮਾਨਸੂਨ ਦੇ ਮੋਹਲੇਧਾਰ ਮੀਂਹ ਕਰ ਕੇ ਸੜਕਾਂ, ਰੇਲ ਦੀਆਂ ਪਟੜੀਆਂ 'ਤੇ ਪਾਣੀ ਭਰ ਗਿਆ ਅਤੇ ਸ਼ਹਿਰ 'ਚ ਲੋਕਾਂ ਦੇ ਆਮ ਜੀਵਨ 'ਤੇ ਬੁਰਾ ਅਸਰ ਪਿਆ। ਪਾਲਘਰ ਜ਼ਿਲ੍ਹੇ ਦੇ ਵਸਈ 'ਚ ਪਾਣੀ ਭਰਨ ਕਰ ਕੇ ਲਗਭਗ 300 ਲੋਕ ਅਪਣੇ ਘਰਾਂ 'ਚ ਫੱਸ ਗਏ। ਇਸ ਮੌਸਮ 'ਚ ਇਕ ਦਿਨ 'ਚ ਇਹ ਸੱਭ ਤੋਂ ਜ਼ਿਆਦਾ ਮੀਂਹ ਪਿਆ ਹੈ ਜਿਸ ਕਰ ਕੇ ਕਈ ਸੜਕਾਂ ਅਤੇ ਗਲੀਆਂ 'ਚ ਪਾਣੀ ਭਰ ਗਿਆ। ਲੋਕਾਂ ਨੂੰ ਗੋਡਿਆਂ ਤਕ ਭਰੇ ਪਾਣੀ 'ਚੋਂ ਲੰਘਣਾ ਪਿਆ। ਮੀਂਹ ਅਤੇ ਘੱਟ ਦ੍ਰਿਸ਼ਟਤਾ ਕਰ ਕੇ ਗੱਡੀਆਂ ਸੜਕਾਂ 'ਤੇ ਰੇਂਗਦੀਆਂ ਦਿਸੀਆਂ।
ਸੜਕਾਂ 'ਤੇ ਬਣੇ ਖੱਡਿਆਂ ਨਾਲ ਸਮੱਸਿਆ ਹੋਰ ਵੀ ਗੁੰਝਲਦਾਰ ਹੋ ਗਈ। ਮੌਸਮ ਵਿਭਾਗ ਨੇ 170.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮਹਾਰਾਸ਼ਟਰ ਦੇ ਸਿਖਿਆ ਮੰਤਰੀ ਵਿਨੋਦਾ ਤਾਵੜੇ ਨੇ ਭਾਰੀ ਮੀਂਹ ਨੂੰ ਵੇਖਦਿਆਂ ਮੁੰਬਈ ਦੇ ਸਕੂਲਾਂ ਅਤੇ ਕਾਲਜਾਂ ਲਈ ਅੱਜ ਛੁੱਟੀ ਦਾ ਐਲਾਨ ਕਰ ਦਿਤਾ। ਮੁੰਬਈ ਯੂਨੀਵਰਸਟੀ ਨੇ ਕਿਹਾ ਕਿ ਜੋ ਵਿਦਿਆਰਥੀ ਅੱਜ ਇਮਤਿਹਾਨਾਂ 'ਚ ਨਹੀਂ ਬੈਠ ਸਕੇ ਉਨ੍ਹਾਂ ਲਈ ਇਮਤਿਹਾਨ ਮੁੜ ਕਰਵਾਇਆ ਜਾਵੇਗਾ। ਅੱਜ ਮਹਾਰਾਸ਼ਟਰ ਵਿਧਾਨ ਸਭਾ 'ਚ ਵੀ ਭਾਰੀ ਮੀਂਹ ਅਤੇ ਇਸ ਦੇ ਅਸਰ ਦਾ ਮੁੱਦਾ ਉਠਿਆ।
ਮਹਾਰਾਸ਼ਟਰ ਸਰਕਾਰ ਨੇ ਵਿਧਾਨ ਸਭਾ 'ਚ ਪਿਛਲੇ ਹਫ਼ਤੇ ਭਾਰੀ ਮੀਂਹ ਕਰ ਕੇ ਪਾਣੀ ਭਰਨ ਦੀ ਜਾਂਚ ਕਰਨ ਦੇ ਹੁਕਮ ਦਿਤੇ ਹਨ। ਸ਼ਹਿਰ 'ਚ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਚੱਲ ਰਿਹਾ ਹੈ ਪਰ ਸ਼ੁਕਰਵਾਰ ਨੂੰ ਬਿਜਲੀ ਬੰਦ ਹੋਣ ਕਰ ਕੇ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਦੋਹਾ ਦਾ ਇਜਲਾਸ਼ ਸ਼ੁਰੂ ਹੋਣ ਮਗਰੋਂ ਥੋੜੀ ਹੀ ਦੇਰ ਬਾਅਦ ਮੁਲਤਵੀ ਕਰਨਾ ਪਿਆ ਸੀ। (ਪੀਟੀਆਈ)
ਪਾਲਘਰ ਦੇ ਜ਼ਿਲ੍ਹਾ ਅਧਿਕਾਰੀ ਪ੍ਰਸ਼ਾਂਤ ਨਾਨਾਵਾਰੇ ਨੇ ਕਿਹਾ ਕਿ ਬਿਪਤਾ ਪ੍ਰਬੰਧਨ ਅਤੇ ਪੁਲਿਸ ਅਧਿਕਾਰੀਆਂ ਨੇ ਪਾਲਘਰ ਵਾਸੀਆਂ ਨਾਲ ਸੰਪਰਕ ਕੀਤਾ ਹੈ। ਇਕ ਬਚਾਅ ਟੀਮ ਕਿਸ਼ਤੀ 'ਚ ਸਵਾਰ ਹੋ ਕੇ ਇਲਾਕੇ 'ਚ ਗਈ, ਜੋ ਉਥੋਂ ਦੇ ਲੋਕਾਂ ਨੂੰ ਮਦਦ ਦਿੰਦੇ ਰਹਿਣਗੇ। ਮੌਸਮ ਵਿਭਾਗ ਨੇ ਕਲ ਵੀ ਭਾਰੀ ਮੀਂਹ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ। (ਪੀਟੀਆਈ)